ਜਲੰਧਰ (ਖੁਰਾਣਾ)-ਪੰਜਾਬ ਦੇ ਚੀਫ਼ ਸੈਕਟਰੀ ਨੇ ਇਕ ਅਣਕਿਆਸਾ ਅਤੇ ਸਖ਼ਤ ਫ਼ੈਸਲਾ ਲੈਂਦੇ ਹੋਏ ਬੀਤੀ ਰਾਤ ਜਲੰਧਰ ਨਗਰ ਨਿਗਮ ਦੇ ਹੈਲਥ ਅਫ਼ਸਰ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ। ਸਸਪੈਂਸ਼ਨ ਦੇ ਨਾਲ ਹੀ ਉਨ੍ਹਾਂ ਦਾ ਮੁੱਖ ਦਫ਼ਤਰ (ਹੈੱਡਕੁਆਰਟਰ) ਚੰਡੀਗੜ੍ਹ ਕਰ ਦਿੱਤਾ ਗਿਆ ਹੈ। ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਪਿਛਲੇ ਕਈ ਸਾਲਾਂ ਤੋਂ ਜਲੰਧਰ ਨਿਗਮ ਵਿਚ ਸੇਵਾਵਾਂ ਦੇ ਰਹੇ ਹਨ ਅਤੇ ਸ਼ਹਿਰ ਦੇ ਕੂੜੇ ਦੇ ਪ੍ਰਬੰਧਨ (ਸਾਲਿਡ ਵੇਸਟ ਮੈਨੇਜਮੈਂਟ) ਨਾਲ ਜੁੜੇ ਕੰਮਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉਨ੍ਹਾਂ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਵਿਚ ਚੱਲ ਰਹੇ ਇਕ ਮਾਮਲੇ ਵਿਚ ਗੁੰਮਰਾਹਕੁੰਨ ਹਲਫ਼ਨਾਮਾ ਦਾਇਰ ਕੀਤਾ।
ਸੂਤਰਾਂ ਅਨੁਸਾਰ ਪਿਛਲੇ ਦਿਨੀਂ ਐੱਨ. ਜੀ. ਟੀ. ਵਿਚ ਜਲੰਧਰ ਨਿਗਮ ਨਾਲ ਜੁੜੇ ਦੋ ਕੇਸ ਇਕੋ ਸਮੇਂ ਸੁਣਵਾਈ ਲਈ ਆਏ ਸਨ। ਦੋਵੇਂ ਕੇਸ ਸਾਲਿਡ ਵੇਸਟ ਮੈਨੇਜਮੈਂਟ ਰੂਲਜ਼-2016 ਨਾਲ ਸਬੰਧਤ ਸਨ। ਇਕ ਕੇਸ ਵਿਚ ਚੀਫ਼ ਸੈਕਟਰੀ ਵੱਲੋਂ ਐੱਨ. ਜੀ. ਟੀ. ਵਿਚ ਜੋ ਹਲਫ਼ਨਾਮਾ ਪੇਸ਼ ਕੀਤਾ ਗਿਆ, ਉਸ ਵਿਚ ਜਲੰਧਰ ਨਿਗਮ ਬਾਰੇ ਕੁਝ ਤੱਥ ਦਿੱਤੇ ਗਏ ਸਨ।
ਇਹ ਵੀ ਪੜ੍ਹੋ: ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਭਾਜਪਾ ਦਾ ਜਲੰਧਰ 'ਚ ਵੱਡਾ ਪ੍ਰਦਰਸ਼ਨ
ਉੱਥੇ ਹੀ ਦੂਜੇ ਕੇਸ ਵਿਚ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਵੱਲੋਂ ਦਿੱਤਾ ਗਿਆ ਹਲਫ਼ਨਾਮਾ ਚੀਫ਼ ਸੈਕਟਰੀ ਦੇ ਹਲਫ਼ਨਾਮੇ ਤੋਂ ਪੂਰੀ ਤਰ੍ਹਾਂ ਵੱਖਰਾ ਸੀ। ਜਦੋਂ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਨੂੰ ਇਸ ਅੰਤਰ ਦਾ ਪਤਾ ਲੱਗਾ ਤਾਂ ਪੂਰੀ ਅਫ਼ਸਰਸ਼ਾਹੀ ਵਿਚ ਖਲਬਲੀ ਮਚ ਗਈ। ਦੋਵਾਂ ਹਲਫ਼ਨਾਮਿਆਂ ਵਿਚ ਕੂੜੇ ਦੇ ਪ੍ਰਬੰਧਨ ਅਤੇ ਲਿਫ਼ਟਿੰਗ ਦੇ ਤੱਥ ਵੱਖ-ਵੱਖ ਸਨ। ਇਸ ਮਾਮਲੇ ’ਤੇ ਚੰਡੀਗੜ੍ਹ ਵਿਚ ਉੱਚ ਪੱਧਰੀ ਵਿਚਾਰ-ਵਟਾਂਦਰਾ ਹੋਇਆ। ਸੋਮਵਾਰ ਦੇਰ ਰਾਤ ਵਿਸ਼ੇਸ਼ ਦਫ਼ਤਰ ਖੁਲ੍ਹਵਾਇਆ ਗਿਆ, ਜਿੱਥੇ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਦੇ ਸਸਪੈਂਸ਼ਨ ਆਰਡਰ ਟਾਈਪ ਕੀਤੇ ਗਏ ਅਤੇ ਰਾਤੋ-ਰਾਤ ਅਮਲ ਵੀ ਕਰ ਦਿੱਤਾ ਗਿਆ।
ਡਾ. ਸ਼੍ਰੀਕ੍ਰਿਸ਼ਨ ਨੇ ਓ. ਐਂਡ ਐੱਮ. ਸੈੱਲ ਤੋਂ ਪ੍ਰਾਪਤ ਡਾਟਾ ਹੀ ਫਾਰਵਰਡ ਕੀਤਾ
ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਨੇ ਐੱਨ. ਜੀ. ਟੀ. ਵਿਚ ਜੋ ਸਹੁੰ-ਪੱਤਰ ਦਾਇਰ ਕੀਤਾ, ਉਸ ਵਿਚ ਜੋ ਵੀ ਡਾਟਾ ਸੀ, ਉਹ ਉਨ੍ਹਾਂ ਨੂੰ ਜਲੰਧਰ ਨਿਗਮ ਦੇ ਓ. ਐਂਡ ਐੱਮ. ਸੈੱਲ ਦੇ ਅਧਿਕਾਰੀਆਂ ਨੇ ਵ੍ਹਟਸਐਪ ’ਤੇ ਫਾਰਵਰਡ ਕੀਤਾ ਸੀ। ਡਾ. ਸ਼੍ਰੀਕਿਸ਼ਨ ਨੇ ਉਸ ਨੂੰ ਹੂ-ਬਹੂ ਹਲਫ਼ਨਾਮੇ ਦੇ ਰੂਪ ਵਿਚ ਪੇਸ਼ ਕਰ ਦਿੱਤਾ। ਓ. ਐਂਡ ਐੱਮ. ਸੈੱਲ ਕੋਲ ਹੀ ਸਾਲਿਡ ਵੇਸਟ ਮੈਨੇਜਮੈਂਟ ਦੇ ਟੈਂਡਰ ਲਾਉਣ ਅਤੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਸਪੈਂਸ਼ਨ ਦੀ ਅਸਲੀ ਵਜ੍ਹਾ ਓ. ਐਂਡ ਐੱਮ. ਸੈੱਲ ਦੇ ਉਨ੍ਹਾਂ ਅਧਿਕਾਰੀਆਂ ਦਾ ਡਾਟਾ ਹੋ ਸਕਦਾ ਹੈ, ਜਿਸ ਨੂੰ ਡਾਕਟਰ ਨੇ ਬਿਨਾਂ ਜਾਂਚੇ ਐੱਨ. ਜੀ. ਟੀ. ਤੱਕ ਪਹੁੰਚਾ ਦਿੱਤਾ। ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਦੇ ਸਸਪੈਂਡ ਹੋਣ ਨਾਲ ਜਲੰਧਰ ਨਿਗਮ ਦੇ ਹੋਰ ਅਧਿਕਾਰੀਆਂ ਵਿਚ ਵੀ ਖਲਬਲੀ ਮਚ ਗਈ ਹੈ। ਕੂੜੇ ਦੀ ਲਿਫਟਿੰਗ, ਪ੍ਰੋਸੈਸਿੰਗ ਅਤੇ ਮੈਨੇਜਮੈਂਟ ਦੇ ਫ਼ੈਸਲਿਆਂ ਵਿਚ ਡਾ. ਸ਼੍ਰੀਕ੍ਰਿਸ਼ਨ ਇਕੱਲੇ ਨਹੀਂ ਸਨ। ਕਈ ਹੋਰ ਅਧਿਕਾਰੀਆਂ ਦੀ ਵੀ ਇਸ ਵਿਚ ਸਰਗਰਮ ਭੂਮਿਕਾ ਰਹੀ ਹੈ। ਫਿਰ ਵੀ ਸਿਰਫ਼ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ’ਤੇ ਕਾਰਵਾਈ ਹੋਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ
ਪੇਸ਼ੇ ਤੋਂ ਡਾਕਟਰ ਪਰ ਕੰਮ ਕੂੜੇ ਦਾ
ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਮੂਲ ਰੂਪ ਵਿਚ ਡਾਕਟਰ ਹਨ। ਉਨ੍ਹਾਂ ਦਾ ਅਸਲ ਕੰਮ ਮਰੀਜ਼ਾਂ ਦਾ ਇਲਾਜ ਕਰਨਾ ਹੈ। ਪਰ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਜਲੰਧਰ ਨਿਗਮ ਦੀ ਸੈਨੀਟੇਸ਼ਨ ਬ੍ਰਾਂਚ ਦਾ ਚਾਰਜ ਸੌਂਪ ਦਿੱਤਾ ਗਿਆ ਹੈ। ਸ਼ਹਿਰ ਵਿਚ ਕੂੜੇ ਦੀ ਲਿਫਟਿੰਗ, ਪ੍ਰੋਸੈਸਿੰਗ, ਵਾਰਡਾਂ ਦੀ ਸਫਾਈ ਅਤੇ ਸਾਲਿਡ ਵੇਸਟ ਮੈਨੇਜਮੈਂਟ ਦੀ ਪੂਰੀ ਜ਼ਿੰਮੇਵਾਰੀ ਸਾਲਾਂ ਤੋਂ ਉਨ੍ਹਾਂ ਕੋਲ ਹੈ। ‘ਸਵੱਛ ਭਾਰਤ ਮਿਸ਼ਨ’ ਦੇ ਸਰਵੇਖਣਾਂ ਵਿਚ ਪੰਜਾਬ ਦੇ ਵਧੇਰੇ ਸ਼ਹਿਰ ਪੱਛੜੇ ਰਹਿੰਦੇ ਹਨ, ਇਸ ਦਾ ਇਕ ਵੱਡਾ ਕਾਰਨ ਸੂਬੇ ਵਿਚ ਸਾਲਿਡ ਵੇਸਟ ਮੈਨੇਜਮੈਂਟ ਦੇ ਮਾਹਿਰ ਅਧਿਕਾਰੀਆਂ ਦੀ ਭਾਰੀ ਕਮੀ ਹੈ। ਜਲੰਧਰ ਨਿਗਮ ਦਾ ਸਿਸਟਮ ਵੀ ਸਾਲਾਂ ਤੋਂ ਰਾਮ ਭਰੋਸੇ ਹੀ ਚੱਲ ਰਿਹਾ ਹੈ ਅਤੇ ਇਥੇ ਵੀ ਮਾਹਿਰਾਂ ਦੀ ਕਮੀ ਹੈ।
ਸਰਕਾਰ ਦੀ ਲਾਪ੍ਰਵਾਹੀ ਵੀ ਜ਼ਿੰਮੇਵਾਰ
ਸੈਨੀਟੇਸ਼ਨ ਬ੍ਰਾਂਚ ਦਾ ਕੰਮ ਡਾਕਟਰਾਂ ਤੋਂ ਲਿਆ ਜਾਣਾ ਕਈਆਂ ਨੂੰ ਗਲਤ ਲੱਗਦਾ ਹੈ। ਦੋਵਾਂ ਬ੍ਰਾਂਚਾਂ (ਓ. ਐਂਡ ਐੱਮ. ਅਤੇ ਸੈਨੀਟੇਸ਼ਨ) ਵਿਚ ਤਾਲਮੇਲ ਨਾ ਹੋਣ ਕਰ ਕੇ ਕਈ ਪ੍ਰਾਜੈਕਟ ਲਟਕ ਜਾਂਦੇ ਹਨ ਅਤੇ ਦੇਰੀ ਹੁੰਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਪੂਰੇ ਘਟਨਾਕ੍ਰਮ ਵਿਚ ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਕੇਵਲ ਬਲੀ ਦਾ ਬੱਕਰਾ ਬਣ ਗਏ ਹਨ, ਜਦਕਿ ਅਸਲੀ ਜ਼ਿੰਮੇਵਾਰ ਓ. ਐਂਡ ਐੱਮ. ਸੈੱਲ ਦੇ ਅਧਿਕਾਰੀ ਅਤੇ ਸਿਸਟਮ ਦੀਆਂ ਖਾਮੀਆਂ ਹਨ।
ਇਹ ਕਾਰਵਾਈ ਐੱਨ. ਜੀ. ਟੀ. ਦੇ ਸਾਹਮਣੇ ਪੰਜਾਬ ਸਰਕਾਰ ਦੀ ਦਿੱਖ ਸੁਧਾਰਨ ਲਈ ਚੁੱਕਿਆ ਗਿਆ ਕਦਮ ਮੰਨਿਆ ਜਾ ਰਿਹਾ ਹੈ ਪਰ ਜਲੰਧਰ ਨਿਗਮ ਦੇ ਅਧਿਕਾਰੀਆਂ ਵਿਚ ਇਸ ਫ਼ੈਸਲੇ ਨਾਲ ਡੂੰਘੀ ਨਾਰਾਜ਼ਗੀ ਹੈ। ਡਾ. ਸ਼੍ਰੀਕ੍ਰਿਸ਼ਨ ਸ਼ਰਮਾ ਦੀ ਸਸਪੈਂਸ਼ਨ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਕੂੜੇ ਦੀ ਮੈਨੇਜਮੈਂਟ ਦੇ ਹੋਰ ਮਾਮਲਿਆਂ ਵਿਚ ਹੋਰ ਕਿਹੜੇ-ਕਿਹੜੇ ਅਧਿਕਾਰੀਆਂ ’ਤੇ ਕਾਰਵਾਈ ਹੁੰਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਛੁੱਟੀਆਂ ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਮਾਣਾ ਮੋਰਚੇ ਦੇ ਬਿਲਕੁੱਲ ਨੇੜੇ ਵਾਪਰੀ ਬੇਅਦਬੀ ਦੀ ਘਟਨਾ, ਸੰਗਤ 'ਚ ਭਾਰੀ ਰੋਸ
NEXT STORY