ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਨ੍ਹਾਂ ਦੁਖੀ ਕਿਸਾਨਾਂ ਦੀ ਮਦਦ ਲਈ ਇਕ ਹੈਲਪਲਾਈਨ ਸਥਾਪਿਤ ਕੀਤੀ ਹੈ, ਜਿਨ੍ਹਾਂ ਦੀ ਫਸਲ ਨੂੰ ਕਾਂਗਰਸ ਸਰਕਾਰ ਦੇ ਹੁਕਮਾਂ 'ਤੇ ਬਰਬਾਦ ਕੀਤਾ ਜਾ ਰਿਹਾ ਹੈ । ਪਾਰਟੀ ਨੇ ਆਪਣੀ ਸੀਨੀਅਰ ਅਤੇ ਜ਼ਿਲਾ ਪੱਧਰੀ ਲੀਡਰਸ਼ਿਪ ਨੂੰ ਸਰਕਾਰ ਵਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦਾ ਰਾਜ ਭਰ ਵਿਚ ਵਿਰੋਧ ਕਰਨ ਲਈ ਵੀ ਆਖਿਆ ਹੈ । ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀ ਨੇ 9815399333 ਨੰਬਰ ਵਾਲੀ ਇਕ ਹੈਲਪਲਾਈਨ ਸਥਾਪਿਤ ਕੀਤੀ ਹੈ, ਜਿਹੜੀ ਅੱਜ ਸ਼ਾਮ ਸੱਤ ਵਜੇ ਤੋਂ ਬਾਅਦ ਚਾਲੂ ਹੋ ਜਾਵੇਗੀ ਤਾਂ ਕਿ ਰਵਾਇਤੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਝੋਨਾ ਲਾਉਣ ਵਾਲੇ ਕਿਸਾਨਾਂ 'ਤੇ ਕੀਤੇ ਜਾ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਇਕ ਠੋਸ ਯਤਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਨੋਟਿਸ ਵਿਚ ਲਿਆਂਦੀਆਂ ਜਾਣ ਵਾਲੀਆਂ ਸਾਰੀਆਂ ਥਾਵਾਂ 'ਤੇ ਸਾਡੀ ਸੀਨੀਅਰ ਅਤੇ ਜ਼ਿਲਾ ਲੀਡਰਸ਼ਿਪ ਤੁਰੰਤ ਪਹੁੰਚੇਗੀ ਅਤੇ ਅਸੀਂ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਮਨਾਹੀ ਕਰਨ ਵਾਲੇ ਕਿਸੇ ਨਾਦਰਸ਼ਾਹੀ ਹੁਕਮ ਦੇ ਨਾਂ ਹੇਠ ਕਿਸੇ ਵੀ ਕਿਸਾਨ ਦੇ ਝੋਨੇ ਦੇ ਖੇਤ ਨੂੰ ਵਾਹੁਣ ਨਹੀਂ ਦਿਆਂਗੇ ।
ਮਜੀਠੀਆ ਨੇ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਇਕ ਚੁਣੀ ਹੋਈ ਕਾਂਗਰਸ ਸਰਕਾਰ ਇਕਤਰਫਾ ਹੁਕਮ ਪਾਸ ਕਰਕੇ ਕਿਸਾਨਾਂ ਨੂੰ ਕੁਚਲ ਰਹੀ ਹੈ ਅਤੇ ਉਨ੍ਹਾਂ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੀ ਕਿ ਕਿਸਾਨ 10 ਜੂਨ ਦੇ ਰਵਾਇਤੀ ਦਿਸ਼ਾ-ਨਿਰਦੇਸ਼ ਮੁਤਾਬਕ ਕਿਉਂ ਝੋਨਾ ਬੀਜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਮੰਤਰੀ ਏ. ਸੀ. ਕਮਰਿਆਂ 'ਚ ਬੈਠ ਕੇ ਨਾਦਰਸ਼ਾਹੀ ਹੁਕਮ ਜਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਨੂੰ ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੇ ਅੱਤਿਆਚਾਰਾਂ ਤੋਂ ਬਚਾਏਗਾ ।
ਇਹ ਟਿੱਪਣੀ ਕਰਦਿਆਂ ਕਿ ਕਿਸਾਨਾਂ ਕੋਲ 10 ਜੂਨ ਤੋਂ ਝੋਨਾ ਲਾਉਣ ਦੇ ਬਹੁਤ ਹੀ ਠੋਸ ਕਾਰਨ ਹਨ, ਅਕਾਲੀ ਆਗੂ ਨੇ ਕਿਹਾ ਕਿ ਸਭ ਤੋਂ ਵੱਡਾ ਤੱਥ ਇਹ ਹੈ ਕਿ ਸਾਰੇ ਪ੍ਰਬੰਧ ਇਸ ਤਰੀਕ ਦੇ ਮੁਤਾਬਿਕ ਕੀਤੇ ਜਾ ਚੁੱਕੇ ਹਨ । ਕਿਸਾਨ ਸਮਝਦੇ ਹਨ ਕਿ ਇਹ ਸਮਾਂ ਬਹੁਤ ਹੀ ਅਹਿਮ ਹੈ । ਝੋਨੇ ਦੀ ਲੁਆਈ ਵਿਚ 10 ਦਿਨ ਦੀ ਦੇਰੀ ਨਾਲ ਫਸਲ ਨੂੰ ਪੱਕਣ ਲਈ ਘੱਟ ਸਮਾਂ ਮਿਲੇਗਾ, ਜਿਸ ਦਾ ਅਸਰ ਝਾੜ 'ਤੇ ਪਵੇਗਾ ।ਇਸ ਤੋਂ ਇਲਾਵਾ ਦੇਰੀ ਨਾਲ ਬੀਜੇ ਝੋਨੇ ਵਿਚ ਨਮੀ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਕਰਕੇ ਇਸ ਨੂੰ ਵੇਚਣਾ ਮੁਸ਼ਕਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਝੋਨਾ ਲੁਆਈ ਦਾ ਪੀਰੀਅਡ ਛੋਟਾ ਹੋਣ ਕਰਕੇ ਵਧੀ ਮਜ਼ਦੂਰੀ ਦੀ ਲਾਗਤ, ਝਾੜ ਘਟਣ, ਤੀਜੀ ਫਸਲ ਨਾ ਬੀਜ ਸਕਣ ਕਰਕੇ ਹੋਣ ਵਾਲੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਵੇਗੀ । ਕੀ ਸਰਕਾਰ ਇਸ ਗੱਲ ਦਾ ਭਰੋਸਾ ਦਿੰਦੀ ਹੈ ਕਿ ਕਿਸਾਨਾਂ ਦਾ ਨਮੀ ਵਾਲਾ ਝੋਨਾ ਵੀ ਖਰੀਦਿਆ ਜਾਵੇਗਾ?
ਸ਼ੂਗਰ ਤੇ ਹਾਈ ਬੀ. ਪੀ. ਦੀ ਸ਼ਿਕਾਰ ਕਮਿਸ਼ਨਰੇਟ ਪੁਲਸ
NEXT STORY