ਚੰਡੀਗੜ੍ਹ (ਰਜਿੰਦਰ) : ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਸੁਰੱਖਿਆ, ਸੰਭਾਲ ਅਤੇ ਬਹਾਲੀ ਲਈ ਕਾਰਜ ਯੋਜਨਾ ਤਿਆਰ ਕਰਨ ਲਈ ਨਵੰਬਰ ਮਹੀਨੇ ਦੌਰਾਨ ਫਰਾਂਸ ਤੋਂ ਅਧਿਕਾਰੀਆਂ ਦੀ ਟੀਮ ਆਈ ਸੀ। ਇਸ ਦੇ ਨਾਲ ਹੀ ਵਿਦੇਸ਼ਾਂ 'ਚ ਹੈਰੀਟੇਜ ਫਰਨੀਚਰ ਦੀ ਨਿਲਾਮੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। 28 ਨਵੰਬਰ ਨੂੰ ਪੈਰਿਸ 'ਚ ਹੈਰੀਟੇਜ ਫਰਨੀਚਰ ਦੀ ਨਿਲਾਮੀ ਹੋਈ ਸੀ, ਜਿਸ 'ਚ 44.95 ਲੱਖ ਰੁਪਏ 'ਚ 3 ਚੀਜ਼ਾਂ ਦੀ ਨਿਲਾਮੀ ਹੋਈ। ਇਸ ਸਬੰਧੀ ਐਡਵੋਕੇਟ ਅਜੈ ਜੱਗਾ ਨੇ ਰਾਜ ਸਭਾ ਦੇ ਸਕੱਤਰ ਜਨਰਲ ਨੂੰ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਹੈਰੀਟੇਜ ਫਰਨੀਚਰ ਦੀ ਨਿਲਾਮੀ ਰੋਕਣ ਲਈ ਉਪਰਾਲੇ ਕੀਤੇ ਜਾਣ। ਨਾਲ ਹੀ ਪੈਰਿਸ 'ਚ ਹੋਈ ਨਿਲਾਮੀ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਫਰਨੀਚਰ ਦੇਸ਼ ਤੋਂ ਬਾਹਰ ਕਿਵੇਂ ਪਹੁੰਚਿਆ? ਸ਼ਿਕਾਇਤ ਦੀ ਇਕ ਕਾਪੀ ਫਰਾਂਸ ਦੇ ਜੁਡੀਸ਼ੀਅਲ ਪੁਲਸ ਅਧਿਕਾਰੀ ਨੂੰ ਵੀ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਜਿਹੜੀਆਂ ਚੀਜ਼ਾਂ ਦੀ ਨਿਲਾਮੀ ਕੀਤੀ ਗਈ, ਉਨ੍ਹਾਂ 'ਚ ਇਕ ਡਾਇਨਿੰਗ ਟੇਬਲ, ਡਰਟੀ ਲਿਨਨ ਬਾਸਕੇਟ ਅਤੇ ਡਰੈਸਿੰਗ ਟੇਬਲ ਸ਼ਾਮਲ ਹਨ। ਹੈਰੀਟੇਜ ਫਰਨੀਚਰ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਕਰੋੜਾਂ ਰੁਪਏ ਦੇ ਮਾਲੀਏ ਦਾ ਨੁਕਸਾਨ ਹੋ ਰਿਹਾ ਹੈ। ਫਰਨੀਚਰ ਦੀ ਤਸਕਰੀ 'ਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸਥਾਨਕ ਪੱਧਰ ’ਤੇ ਵੀ ਚੋਰੀਆਂ ਰੋਕਣ ਲਈ ਉਪਰਾਲੇ ਕੀਤੇ ਜਾਣ।
ਕੁੱਝ ਸਾਲਾਂ 'ਚ ਹੀ ਕਰੋੜਾਂ ਰੁਪਏ ਦੀ ਕੀਮਤ ਵਾਲਾ ਸ਼ਹਿਰ ਦਾ ਹੈਰੀਟੇਜ ਫਰਨੀਚਰ ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਜਰਮਨੀ ਸਮੇਤ ਹੋਰਨਾ ਦੇਸ਼ਾਂ 'ਚ ਨਿਲਾਮ ਹੋ ਚੁੱਕਾ ਹੈ। ਉਨ੍ਹਾਂ ਨੇ ਇਸ ਮੁੱਦੇ ਨੂੰ ਸੰਯੁਕਤ ਰਾਸ਼ਟਰ ਦੇ ਸਾਹਮਣੇ ਚੁੱਕਣ ਦੀ ਮੰਗ ਵੀ ਕੀਤੀ ਹੈ। ਇਨ੍ਹਾਂ ਵਸਤਾਂ ਨੂੰ ਦੇਸ਼ ਤੋਂ ਬਾਹਰ ਭੇਜਣ ਲਈ ਵਰਤੇ ਗਏ ਦਸਤਾਵੇਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਹੈਰੀਟੇਜ ਫਰਨੀਚਰ ਦੀ ਬਕਾਇਦਾ ਨਿਲਾਮੀ ਹੋ ਰਹੀ ਹੈ।
ਸ਼ਰਮਨਾਕ ਘਟਨਾ : ਲੁਧਿਆਣਾ 'ਚ 3 ਗਾਵਾਂ ਦੀ ਮੌਤ, ਕੁੱਝ ਲੋਕਾਂ 'ਤੇ ਜ਼ਹਿਰ ਦੇ ਕੇ ਮਾਰਨ ਦੇ ਦੋਸ਼
NEXT STORY