ਚੋਹਲਾ ਸਾਹਿਬ, (ਮਨਜੀਤ, ਰਸਬੀਰ)- ਜ਼ਿਲਾ ਪੁਲਸ ਮੁਖੀ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਦੀਅਾਂ ਹਦਾਇਤਾਂ ਅਨੁਸਾਰ ਪੁਲਸ ਥਾਣਾ ਚੋਹਲਾ ਸਾਹਿਬ ਦੀ ਪੁਲਸ ਪਾਰਟੀ ਵੱਲੋਂ ਨਸ਼ਿਅਾਂ ਵਿਰੁੱਧ ਵਿੱਢੀ ਮੁਹਿੰਮ ’ਚ ਸਫਲਤਾ ਹਾਸਲ ਕਰਦਿਆਂ ਇਕ ਅੌਰਤ ਅਤੇ ਉਸਦੇ ਪੁੱਤ ਨੂੰ 400 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਪਰਚਾ ਦਰਜ ਕੀਤਾ ਹੈ। ਪੁਲਸ ਥਾਣਾ ਚੋਹਲਾ ਸਾਹਿਬ ਦੇ ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਸ ਕਰਮੀਆਂ ਸਮੇਤ ਪਿੰਡ ਚੋਹਲਾ ਸਾਹਿਬ ਤੋਂ ਘੜਕਾ ਆਦਿ ਪਿੰਡਾਂ ਦੀ ਗਸ਼ਤ ਕਰ ਰਹੇ ਸਨ ਅਤੇ ਜਦ ਉਹ ਪਿੰਡ ਰੱਤੋਕੇ ਤੋਂ ਅੱਗੇ ਪੁਲ ਸੂਆ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇਕ ਟਰੈਕਟਰ ਸੋਨਾਲੀਕਾ ਬਿਨਾਂ ਨੰਬਰੀ ਆਉਂਦਾ ਪੁਲਸ ਨੂੰ ਦਿਖਾਈ ਦਿੱਤਾ, ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਨੇ ਪੁਲਸ ਪਾਰਟੀ ਨੂੰ ਵੇਖ ਕੇ ਟਰੈਕਟਰ ਰੋਕ ਲਿਆ ਅਤੇ ਟਰੈਕਟਰ ਛੱਡ ਕੇ ਦੌੜਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਵੱਲੋਂ ਸਾਥੀ ਕਰਮਚਾਰੀਅਾਂ ਦੀ ਮਦਦ ਨਾਲ ਕਾਬੂ ਕਰ ਕੇ ਜਦ ਉਨ੍ਹਾਂ ਦਾ ਨਾਂ-ਪਤਾ ਪੁੱਛਿਆ ਤਾਂ ਟਰੈਕਟਰ ਚਲਾ ਰਹੇ ਲੜਕੇ ਨੇ ਆਪਣਾ ਨਾਂ ਬਲਦੇਵ ਸਿੰਘ ਪੁੱਤਰ ਸੁਖਜਿੰਦਰ ਸਿੰਘ ਉਰਫ ਛਿੰਦਾ ਦੱਸਿਆ ਅਤੇ ਨਾਲ ਬੈਠੀ ਅੌਰਤ ਨੇ ਆਪਣਾ ਨਾਂ ਹਰਜਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਉਰਫ ਛਿੰਦਾ (ਦੋਵੇਂ ਮਾਂ-ਪੁੱਤ) ਵਾਸੀਆਨ ਘੜਕਾ ਦੱਸਿਆ, ਜਦੋ ਇਨ੍ਹਾਂ ਦੀ ਤਲਾਸ਼ੀ ਲੈਣੀ ਚਾਹੀ ਤਾਂ ਇਨ੍ਹਾਂ ਨੇ ਆਪਣੀ ਤਲਾਸ਼ੀ ਕਿਸੇ ਗਜ਼ਟਿਡ ਅਫਸਰ ਤੋਂ ਕਰਵਾਉਣ ਲਈ ਕਿਹਾ, ਜਿਸ ਕਾਰਨ ਮੌਕੇ ’ਤੇ ਹੀ ਫੋਨ ਕਰ ਕੇ ਪ੍ਰਲਾਦ ਸਿੰਘ ਡੀ.ਐੱਸ. ਪੀ. ਹੈੱਡਕੁਆਰਟਰ ਤਰਨਤਾਰਨ ਨੂੰ ਸੱਦਿਆ ਗਿਆ ਅਤੇ ਉਨ੍ਹਾਂ ਦੀ ਹਾਜ਼ਰੀ ’ਚ ਜਦੋਂ ਉਕਤ ਫੜੇ ਗਏ ਮਾਂ-ਪੁੱਤ ਦੀ ਤਲਾਸ਼ੀ ਲਈ ਗਈ ਤਾਂ ਬਲਦੇਵ ਸਿੰਘ ਦੀ ਪਹਿਨੀ ਹੋਈ ਪੈਂਟ ਦੀ ਸੱਜੀ ਜੇਬ ’ਚੋਂ ਇਕ ਮੋਮੀ ਲਿਫਾਫੇ ਵਿਚ ਲਪੇਟੀ ਗਈ 135 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਉਸ ਦੀ ਮਾਂ ਹਰਜਿੰਦਰ ਕੌਰ ਕੋਲੋਂ 265 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦਾ ਕੁੱਲ ਵਜ਼ਨ 400 ਗ੍ਰਾਮ ਬਣਦਾ ਹੈ।
ਐੱਸ. ਐੱਚ. ਓ. ਸੁਖਰਾਜ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਦੋਵੇਂ ਮਾਂ-ਪੁੱਤ ਲੰਮੇ ਸਮੇਂ ਤੋਂ ਨਸ਼ੇ ਵਾਲੇ ਪਦਾਰਥਾਂ ਦਾ ਧੰਦਾ ਕਰਦੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਖਿਲਾਫ ਪੁਲਸ ਥਾਣਾ ਚੋਹਲਾ ਸਾਹਿਬ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਨਸ਼ੇ ਵਾਲੇ ਪਾਊਡਰ ਸਮੇਤ ਔਰਤ ਕਾਬੂ
NEXT STORY