ਜਲੰਧਰ (ਕਮਲੇਸ਼) : ਪੰਜਾਬ 'ਤੇ ਨਸ਼ੇ ਦਾ ਵਾਰ ਜਾਰੀ ਹੈ। ਹੈਰੋਇਨ 'ਤੇ ਪੁਲਸ ਸ਼ਿਕੰਜਾ ਕੱਸਣ 'ਚ ਲੱਗੀ ਹੋਈ ਹੈ ਪਰ ਡਰੱਗ ਪੈਡਲਰਜ਼ ਨੇ ਇਸ ਦਾ ਬਦਲ ਲੱਭ ਲਿਆ ਹੈ, ਜਿਸ 'ਚ ਹੈਰੋਇਨ ਦੇ ਬਦਲ ਦੇ ਰੂਪ 'ਚ ਮੋਰਫਿਨ ਪਾਊਡਰ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਹੈਰੋਇਨ ਤੇ ਮੋਰਫਿਨ ਪਾਊਡਰ ਦੇ ਰੇਟ 'ਚ ਜ਼ਿਆਦਾ ਫਰਕ ਨਹੀਂ ਹੈ। ਮੋਰਫਿਨ ਪਾਊਡਰ ਦੀ ਕੀਮਤ 4 ਹਜ਼ਾਰ ਰੁਪਏ ਪ੍ਰਤੀ ਗ੍ਰਾਮ ਹੈ, ਉਥੇ ਮੋਰਫਿਨ ਦੇ ਇੰਜੈਕਸ਼ਨ ਕਾਫੀ ਘੱਟ ਰੇਟਾਂ 'ਤੇ ਉਪਲਬਧ ਹਨ। ਡਰੱਗ ਪੈਡਲਰਜ਼ ਇਨ੍ਹਾਂ ਨੂੰ 500 ਤੋਂ 700 ਰੁਪਏ ਪ੍ਰਤੀ ਪੀਸ 'ਚ ਵੇਚ ਰਹੇ ਹਨ, ਜਦੋਂਕਿ ਇਨ੍ਹਾਂ ਦੀ ਅਸਲ ਕੀਮਤ ਸਿਰਫ 30 ਰੁਪਏ ਦੇ ਕਰੀਬ ਹੈ। ਸਟੇਟ ਹੈਲਥ ਡਿਪਾਰਟਮੈਂਟ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਪਿਛਲੇ 2 ਸਾਲਾਂ ਤੋਂ ਡਰੱਗ ਓਵਰਡੋਜ਼ ਨਾਲ ਹੋਈਆਂ ਮੌਤਾਂ 'ਚ ਅੰਮ੍ਰਿਤਸਰ ਨੰਬਰ ਇਕ 'ਤੇ ਹੈ। ਅੰਮ੍ਰਿਤਸਰ 'ਚ ਡਰੱਗ ਦੀ ਓਵਰਡੋਜ਼ ਨਾਲ 11 ਮੌਤਾਂ ਹੋਈਆਂ ਹਨ। ਉਥੇ ਲੁਧਿਆਣਾ ਅਤੇ ਹੁਸ਼ਿਆਰਪੁਰ 'ਚ 8 ਮੌਤਾਂ, ਜਲੰਧਰ ਤੇ ਫਿਰੋਜ਼ਪੁਰ 'ਚ 5 ਮੌਤਾਂ ਹੋਈਆਂ ਹਨ। ਬਠਿੰਡਾ ਅਤੇ ਗੁਰਦਾਸਪੁਰ 'ਚ ਡਰੱਗਜ਼ ਨੇ 4 ਜ਼ਿੰਦਗੀਆਂ ਨੂੰ ਖਤਮ ਕੀਤਾ। ਇਸ ਬਾਰੇ ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਾਲ ਵਿਚ ਇਨ੍ਹਾਂ ਅੰਕੜਿਆਂ ਵਿਚ ਕਾਫੀ ਕਮੀ ਆਈ ਹੈ। ਪੁਲਸ ਨੇ 2 ਸਾਲਾਂ ਵਿਚ ਐੱਨ. ਡੀ. ਪੀ. ਐੱਸ. ਦੇ 28 ਹਜ਼ਾਰ ਦੇ ਕਰੀਬ ਕੇਸ ਦਰਜ ਕੀਤੇ ਹਨ।
ਪੰਜਾਬ 'ਚ ਸਖਤ ਕਾਰਵਾਈ ਕਾਰਨ ਡਰੱਗ ਪੈਡਲਰਜ਼ ਨੇ ਹਿਮਾਚਲ 'ਚ ਬਣਾਏ ਬੇਸ
ਪੰਜਾਬ 'ਚ ਪੁਲਸ ਦੀ ਸਖਤੀ ਤੋਂ ਬਾਅਦ ਡਰੱਗ ਪੈਡਲਰਜ਼ ਨੇ ਹਿਮਾਚਲ ਵਿਚ ਆਪਣੇ ਬੇਸ ਬਣਾ ਲਏ ਹਨ। ਡਰੱਗ ਪੈਡਲਰਜ਼ ਵਲੋਂ ਊਨਾ, ਕਾਂਗੜਾ, ਸੋਲਨ, ਸਿਰਮੌਰ ਵਿਚ ਬੇਸ ਬਣਾਏ ਗਏ ਹਨ। ਹਿਮਾਚਲ ਵਿਚ ਮੌਜੂਦਾ ਵਰ੍ਹੇ ਵਿਚ ਐੱਨ. ਡੀ. ਪੀ. ਐੱਸ. ਦੇ 1650 ਦੇ ਕਰੀਬ ਕੇਸ ਦਰਜ ਹੋਏ ਹਨ। ਹਿਮਾਚਲ ਵਿਚ ਡਰੱਗ ਘੁਣ ਵਾਂਗ ਫੈਲ ਰਿਹਾ ਹੈ। ਬੀਤੇ ਸਮੇਂ ਵਿਚ ਕਾਲਜ ਦੇ ਕਈ ਵਿਦਿਆਰਥੀਆਂ ਕੋਲੋਂ ਡਰੱਗਜ਼ ਫੜੀ ਗਈ ਪਰ ਜਲਦੀ ਹਿਮਾਚਲ ਸਰਕਾਰ ਵਲੋਂ ਇਸ 'ਤੇ ਰੋਕ ਨਾ ਲਾਈ ਗਈ ਤਾਂ ਹਿਮਾਚਲ ਵਿਚ ਵੀ ਡਰੱਗਜ਼ ਪੰਜਾਬ ਵਾਂਗ ਇਕ ਵੱਡਾ ਮੁੱਦਾ ਬਣ ਕੇ ਉਭਰ ਸਕਦਾ ਹੈ।
ਹਿਮਾਚਲ-ਪੰਜਾਬ ਬਾਰਡਰ 'ਤੇ ਸਨਿਫਰ ਡਾਗਜ਼ ਦੀ ਹੋਵੇ ਨਿਯੁਕਤੀ
ਹਿਮਾਚਲ-ਪੰਜਾਬ ਬਾਰਡਰ 'ਤੇ ਸਨਿਫਰ ਡਾਗਜ਼ ਦੀ ਨਿਯੁਕਤੀ ਨਾਲ ਡਰੱਗ ਦੀ ਆਵਾਜਾਈ ਨੂੰ ਰੋਕਿਆ ਜਾ ਸਕਦਾ ਹੈ। ਇਨ੍ਹਾਂ ਡਾਗਜ਼ ਦੀ ਭਾਰਤ ਵਿਚ ਕਈ ਥਾਵਾਂ 'ਤੇ ਡਰੱਗ ਪੈਡਲਰਜ਼ 'ਤੇ ਲਗਾਮ ਪਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਜ਼ਿਆਦਾਤਰ ਮਾਮਲਿਆਂ ਵਿਚ ਪੁਲਸ ਸਿਰਫ ਸੂਚਨਾ 'ਤੇ ਐਕਸ਼ਨ ਲੈਂਦੀ ਹੈ, ਬਹੁਤ ਘੱਟ ਮਾਮਲਿਆਂ ਵਿਚ ਵਾਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਸਿਰਫ ਵਾਹਨ ਨਾਲ ਜੁੜੇ ਕਾਗਜ਼ਾਤ ਹੀ ਚੈੱਕ ਕੀਤੇ ਜਾਂਦੇ ਹਨ। ਅਜਿਹੇ ਵਿਚ ਸਨਿਫਰ ਡਾਗਜ਼ ਪੁਲਸ ਲਈ ਕਾਫੀ ਮਦਦਗਾਰ ਸਾਬਿਤ ਹੋ ਸਕਦੇ ਹਨ।
ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਸੁਣੋ ਕੀ ਬੋਲੇ ਮਨਪ੍ਰੀਤ ਇਆਲੀ (ਵੀਡੀਓ)
NEXT STORY