ਗੜ੍ਹਸ਼ੰਕਰ (ਬੈਜ ਨਾਥ, ਪਾਠਕ)— ਕੰਢੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਮੱਟੂ ਅਤੇ ਸਕੱਤਰ ਦਿਲਬਾਗ ਮਹਿਦੂਦ ਦੀ ਅਗਵਾਈ ਵਿਚ ਕੰਢੀ ਸੰਘਰਸ਼ ਕਮੇਟੀ ਦੇ ਵਰਕਰਾਂ ਨੇ ਮਾਈਨਿੰਗ ਵਿਭਾਗ, ਕੰਢੀ ਨਹਿਰੀ ਵਿਭਾਗ, ਪੁਲਸ ਅਤੇ ਵਣ ਵਿਭਾਗ ਵਿਰੁੱਧ ਕੰਢੀ ਨਹਿਰ ਦੇ ਪੁਲ (ਗੜ੍ਹਸ਼ੰਕਰ-ਨੰਗਲ ਰੋਡ) ਲਾਗੇ ਮੀਂਹ ਵਿਚ ਧਰਨਾ ਦਿੱਤਾ। ਅੱਧੇ ਘੰਟੇ ਲਈ ਮੁੱਖ ਸੜਕ 'ਤੇ ਜਾਮ ਵੀ ਲਾਇਆ ਅਤੇ ਪੰਜਾਬ ਸਰਕਾਰ ਅਤੇ ਰੇਤ-ਬੱਜਰੀ ਮਾਫੀਆ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ।
ਦਰਸ਼ਨ ਸਿੰਘ ਮੱਟੂ ਨੇ ਕਿਹਾ ਕਿ ਇਲਾਕੇ 'ਚ ਨਾਜਾਇਜ਼ ਮਾਈਨਿੰਗ ਸ਼ਰੇਆਮ ਹੋ ਰਹੀ ਹੈ। ਰੇਤਾ-ਬੱਜਰੀ ਨਾਲ ਭਰੇ ਟਿੱਪਰ ਸ਼ਰੇਆਮ ਨਹਿਰ ਦੀ ਨਿਗਰਾਨੀ ਲਈ ਬਣਾਈ ਗਈ ਸੜਕ 'ਤੇ ਚੱਲ ਰਹੇ ਹਨ, ਜਿਸ ਨਾਲ ਇਹ ਬੁਰੀ ਤਰ੍ਹਾਂ ਟੁੱਟ ਗਈ ਹੈ ਅਤੇ ਇਸ ਕਾਰਨ ਨਹਿਰ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਕਿਸੇ ਸਮੇਂ ਵੀ ਨਹਿਰ ਟੁੱਟ ਕੇ ਕੰਢੀ ਦੇ ਲੋਕਾਂ ਲਈ ਆਫਤ ਬਣ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਵਣ ਮਾਫੀਆ, ਮਾਈਨਿੰਗ ਵਿਭਾਗ ਅਤੇ ਕੰਢੀ ਨਹਿਰ ਦੀ ਸੜਕ 'ਤੇ ਭਾਰੀ ਟਰਾਲੇ ਪੁਲਸ ਦੀ ਮਿਲੀਭੁਗਤ ਨਾਲ ਚੱਲ ਰਹੇ ਹਨ ਅਤੇ ਸਭ ਕੁਝ ਕੈਪਟਨ ਸਰਕਾਰ ਦੀ ਸ਼ਹਿ 'ਤੇ ਹੋ ਰਿਹਾ ਹੈ। ਇਸ ਮੌਕੇ ਸੁਭਾਸ਼ ਮੱਟੂ, ਤਰਸੇਮ ਸਿੰਘ ਜੱਸੇਵਾਲ, ਪ੍ਰੇਮ ਸਿੰਘ ਰਾਣਾ, ਮੋਹਨ ਲਾਲ, ਸੁਰਿੰਦਰ ਟੱਬਾ ਅਤੇ ਹਰਭਜਨ ਸਿੰਘ ਅਟਵਾਲ ਨੇ ਵਿਚਾਰ ਰੱਖੇ। ਐੱਸ. ਐੱਚ. ਓ. ਗੜ੍ਹਸ਼ੰਕਰ ਬਲਵਿੰਦਰ ਸਿੰਘ ਜੌੜਾ ਨੇ ਮੌਕੇ 'ਤੇ ਪਹੁੰਚ ਕੇ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਸਮੱਸਿਆ ਦੇ ਹੱਲ ਦਾ ਭਰੋਸਾ ਦੇ ਕੇ ਜਾਮ ਖੁੱਲ੍ਹਵਾਇਆ।
ਵਿਦਿਆਰਥੀਆਂ ਦੀ ਸਲਾਹ ਨਾਲ ਤਿਆਰ ਹੋਣਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਲੇਬਸ
NEXT STORY