ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਸਬ-ਡਵੀਜ਼ਨ ਪਾਵਰਕਾਮ ਉਪ ਮੰਡਲ ਸੁਰਸਿੰਘ ਅਧੀਨ ਪੈਂਦੇ ਪਿੰਡ ਸੋਹਲ ਸਥਿਤ ਇਕ ਘਰ ਉਪਰੋਂ ਦੀ ਲੰਘ ਰਹੀਆਂ ਹਾਈ ਅਟੈਂਸ਼ਨ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆਏ 20 ਸਾਲਾ ਦੇ ਇਕ ਨੌਜਵਾਨ ਦੇ ਬੁਰੀ ਤਰ੍ਹਾਂ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਸਥਾਨਿਕ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਾਇਆ ਗਿਆ ਹੈ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਕਾਂਗਰਸ ਦੇ ਸੂਬਾ ਸਕੱਤਰ ਹਰਸ਼ਰਨ ਸਿੰਘ ਮੱਲਾ, ਯੂਥ ਕਾਂਗਰਸ ਤਰਨਤਾਰਨ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਬੱਬੂ ਅਤੇ ਪੀੜਤ ਨੌਜਵਾਨ ਮਨਪ੍ਰੀਤ ਸਿੰਘ ਉਰਫ ਮਨੂੰ ਦੇ ਪਿਤਾ ਨਿਰਮਲ ਸਿੰਘ ਨੇ ਇਸ ਘਟਨਾ ਲਈ ਬਿਜਲੀ ਬੋਰਡ ਉਪ ਮੰਡਲ ਸੁਰਸਿੰਘ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਾਣਕਾਰੀ ਦਿੰਦਿਆਂ ਪੀੜਤ ਨਿਰਮਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਲਿਤ ਵਿਹੜੇ ਦੇ ਕਰੀਬ 50-60 ਘਰ ਪਿੰਡ ਦੇ ਬਾਹਰਵਾਰ ਕਾਲੋਨੀਆਂ 'ਚ ਮੌਜੂਦ ਹਨ, ਜਿੰਨ੍ਹਾਂ ਉਪਰੋਂ ਦੀ 11 ਹਜ਼ਾਰ ਕਿਲੋਵਾਟ ਦੀਆਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਹਨ 'ਤੇ ਇਹ ਤਾਰਾਂ ਉਨ੍ਹਾਂ ਦੇ ਮਕਾਨਾਂ ਤੋਂ 2 ਢਾਈ ਫੁੱਟ ਦੀ ਹੀ ਮਹਿਜ ਦੂਰੀ 'ਤੇ ਉੱਚੀਆਂ ਹਨ। ਉਸ ਨੇ ਦੱਸਿਆ ਕਿ ਤਾਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਟਾਉਣ ਲਈ ਪੂਰੀ ਬਸਤੀ ਵੱਲੋਂ ਕਈ ਵਾਰ ਵਿਭਾਗ ਨੂੰ ਅਪੀਲ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਦੱਸਿਆ ਕਿ ਬੀਤੇ ਕੱਲ ਜਦੋਂ ਦੁਪਹਿਰ ਸਮੇਂ ਮਨਪ੍ਰੀਤ ਸਿੰਘ ਆਪਣੇ ਘਰ ਦੇ ਮਕਾਨ ਦੀ ਛੱਤ 'ਤੇ ਕਿਸੇ ਕੰਮ ਲਈ ਚੜਿਆ ਤਾਂ ਉਪਰੋਂ ਲੰਘ ਰਹੀਆਂ ਤਾਰਾਂ ਦੀ ਲਪੇਟ 'ਚ ਆ ਗਿਆ। ਇਸ ਦੌਰਾਨ ਪਤਾ ਚੱਲਣ 'ਤੇ ਸਥਾਨਿਕ ਲੋਕਾਂ ਵੱਲੋਂ ਚਾਰਜੋਈ ਕਰਨ 'ਤੇ ਭਾਵੇ ਹੀ ਉਸ ਦੇ ਲੜਕੇ ਦੀ ਜਾਨ ਬੱਚ ਗਈ ਹੈ ਪਰ ਉਸ ਦੇ ਸਿਰ, ਪਿੱਠ, ਛਾਤੀ, ਬਾਹਾਂ ਅਤੇ ਦੋਵੇਂ ਪੈਰ ਪੂਰੀ ਤਰ੍ਹਾਂ ਨਾਲ ਝੁਲਸ ਗਏ ਹਨ, ਜਿਸ ਨੂੰ ਝਬਾਲ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੀੜਤ ਨੇ ਦੱਸਿਆ ਕਿ ਡਾਕਟਰਾਂ ਮੁਤਾਬਕ ਉਸਦਾ ਲੜਕਾ 40 ਫੀਸਦੀ ਦੇ ਕਰੀਬ ਝੁਲਸ ਚੁੱਕਾ ਹੈ ਅਤੇ ਜੇਕਰ ਉਸ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਬੰਧਤ ਜੇ. ਈ. ਤੇ ਐੱਸ. ਡੀ. ਓ. ਜਿੰਮੇਵਾਰ ਹੋਣਗੇ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋ ਵਾਰਦਾਤਾਂ ਹੋ ਚੁੱਕੀਆਂ ਹਨ ਜਿੰਨ੍ਹਾਂ ਦਰਮਿਆਨ ਉਸਦੇ ਭਤੀਜੇ ਦਾ 9 ਸਾਲਾਂ ਲੜਕਾ ਗੁਰਸ਼ਰਨ ਸਿੰਘ ਅਤੇ ਉਸਦਾ ਜਵਾਈ ਜਤਿੰਦਰ ਸਿੰਘ ਵੀ ਇਨ੍ਹਾਂ ਹਾਈ ਅਟੈਂਸ਼ਨ ਤਾਰਾਂ ਦੀ ਲਪੇਟ 'ਚ ਆ ਚੁੱਕਾ ਹੈ।
ਕੀ ਕਹਿਣੈ ਐੱਸ. ਡੀ. ਓ. ਅਜੀਤਪਾਲ ਸਿੰਘ ਦਾ
ਉੱਪ ਮੰਡਲ ਪਾਵਰਕਾਮ ਸਬ ਡਵੀਜ਼ਨ ਦੇ ਐੱਸ. ਡੀ. ਓ. ਅਜੀਤਪਾਲ ਸਿੰਘ ਨਾਲ ਸਪੰਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 3 ਮਹੀਨੇ ਪਹਿਲਾਂ ਹੀ ਚਾਰਜ ਸੰਭਾਲਿਆ ਹੈ ਤੇ ਉਨ੍ਹਾਂ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਨੌਜਵਾਨ ਦੇ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਦੇ ਮਾਮਲੇ ਤੋਂ ਵੀ ਅਜਾਣਤਾ ਪ੍ਰਗਟਾਈ 'ਤੇ ਕਿਹਾ ਕਿ ਸੁਕਰਵਾਰ ਨੂੰ ਦਫ਼ਤਰ ਜਾ ਕੇ ਉਹ ਪਤਾ ਲਗਵਾਉਣਗੇ ਅਤੇ ਇਸ ਬਾਰੇ ਸਬੰਧਤ ਜੇ. ਈ. ਅਤੇ ਲਾਇਨਮੈਨ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ।
ਬਠਿੰਡਾ ਦਾ ਜ਼ਿਲਾ ਸਿੱਖਿਆ ਅਧਿਕਾਰੀ ਮੁਅੱਤਲ
NEXT STORY