ਚੰਡੀਗੜ੍ਹ (ਰਮੇਸ਼ ਹਾਂਡਾ) : ਸੰਨੀ ਐਨਕਲੇਵ ਬਣਾਉਣ ਵਾਲੇ ਬਾਜਵਾ ਡਿਵੈਲਪਰਜ਼ ਦੇ ਡਾਇਰੈਕਟਰ ਜਰਨੈਲ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਹੋਰ ਵੱਧਣ ਵਾਲੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਸੰਦੀਪ ਮੌਦਗਿਲ ਨੇ ਬਾਜਵਾ ਖ਼ਿਲਾਫ਼ ਉਲੰਘਣਾ ਦੀ ਕਾਰਵਾਈ ਦੀ ਸੁਣਵਾਈ ਕਰਦੇ ਹੋਏ ਬਾਜਵਾ ਨੂੰ 48 ਘੰਟਿਆਂ ਦੇ ਅੰਦਰ ਆਪਣੀ ਅਤੇ ਉਸਦੇ ਪਰਿਵਾਰ ਨਾਲ ਸਬੰਧਿਤ ਸਾਰੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੇ ਵੇਰਵੇ ਹਾਈਕੋਰਟ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਨੇ ਬਾਜਵਾ ਨੂੰ ਖ਼ਪਤਕਾਰ ਅਦਾਲਤਾਂ ਸਮੇਤ ਹੋਰ ਅਦਾਲਤਾਂ ’ਚ ਚੱਲ ਰਹੇ ਮਾਮਲਿਆਂ, ਪੁਲਸ ਸ਼ਿਕਾਇਤਾਂ ਅਤੇ ਕੇਸਾਂ ਦੀ ਸਥਿਤੀ ਦਾ ਵੇਰਵਾ ਦੇਣ ਲਈ ਵੀ ਕਿਹਾ ਹੈ।
ਮੰਗਲਵਾਰ ਨੂੰ ਬਾਜਵਾ ਖ਼ਿਲਾਫ਼ ਅਦਾਲਤ ਦੀ ਉਲੰਘਣਾ ਦੇ ਮਾਮਲੇ ’ਚ ਹਾਈਕੋਰਟ ’ਚ ਸੁਣਵਾਈ ਹੋਈ। ਬਾਜਵਾ ਨੇ ਅਦਾਲਤ ਤੋਂ ਉਲੰਘਣਾ ਦਾ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ। ਹਾਈਕੋਰਟ ਨੇ ਹੁਣ ਬਾਜਵਾ ਨੂੰ ਭਲਕੇ ਤੱਕ ਦਾ ਸਮਾਂ ਦਿੱਤਾ ਹੈ। ਇਸ ਮਾਮਲੇ ਵਿਚ ਜਰਨੈਲ ਬਾਜਵਾ ਸਮੇਤ ਦੋ ਹੋਰ ਮੁਲਜ਼ਮ ਜੋ ਕਿ ਬਾਜਵਾ ਡਿਵੈਲਪਰਜ਼ ਦੇ ਡਾਇਰੈਕਟਰ ਹਨ, ਜਿਨ੍ਹਾਂ ਵਿਚੋਂ ਇੱਕ ਅਜੇ ਤੱਕ ਹਾਈਕੋਰਟ ਵਿਚ ਪੇਸ਼ ਨਹੀਂ ਹੋਇਆ। ਉਸ ਨੂੰ ਭਲਕੇ ਹਾਈਕੋਰਟ ਵਿਚ ਪੇਸ਼ ਕੀਤੇ ਜਾਣ ਲਈ ਹਾਈਕੋਰਟ ਨੇ ਮੋਹਾਲੀ ਦੇ ਐੱਸ.ਐੱਸ.ਪੀ. ਨੂੰ ਹੁਕਮ ਦਿੱਤੇ ਹਨ। ਪੁਲਸ ਨੇ ਅਦਾਲਤ ਨੂੰ ਦੱਸਿਆ ਸੀ ਕਿ ਬਾਜਵਾ ਖ਼ਿਲਾਫ਼ 53 ਐੱਫ.ਆਈ.ਆਰ. ਦਰਜ ਹਨ ਅਤੇ ਦਰਜਨਾਂ ਸ਼ਿਕਾਇਤਾਂ ਥਾਣਿਆਂ ਅਤੇ ਖ਼ਪਤਕਾਰ ਅਦਾਲਤਾਂ ਵਿਚ ਦਾਖ਼ਲ ਹੋਈਆਂ ਹਨ।
ਇਸ ਤੋਂ ਪਹਿਲਾਂ ਵੀ ਸੰਨੀ ਇਨਕਲੇਵ ਦੇ 98 ਪਰਿਵਾਰਾਂ ਨੇ ਸੈਂਕੜੇ ਲੋਕਾਂ ਨਾਲ ਕਰੋੜਾਂ ਰੁਪਏ ਦਾ ਧੋਖਾਧੜੀ ਕਰਨ ਵਾਲੇ ਬਾਜਵਾ ਖ਼ਿਲਾਫ਼ ਉਲੰਘਣਾ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਬਾਜਵਾ ਨੂੰ ਹੁਕਮ ਦਿੱਤੇ ਸਨ ਕਿ ਉਹ ਭੁਗਤਾਨ ਕਰਕੇ ਪਰਿਵਾਰਾਂ ਨੂੰ ਪੱਕੇ ਬਿਜਲੀ ਕੁਨੈਕਸ਼ਨ ਦੇਣ। ਬਾਜਵਾ ਨੇ ਪੱਕੇ ਬਿਜਲੀ ਕੁਨੈਕਸ਼ਨ ਦੇ ਬਦਲੇ 98 ਪਰਿਵਾਰਾਂ ਤੋਂ ਲੱਖਾਂ ਰੁਪਏ ਲਏ ਸਨ ਪਰ ਬਿਜਲੀ ਨਿਗਮ ’ਚ ਜਮ੍ਹਾਂ ਨਹੀਂ ਕਰਵਾਏ ਸਨ, ਜਿਸ ਤੋਂ ਬਾਅਦ ਬਿਜਲੀ ਵਿਭਾਗ ਨੇ ਕਾਲੋਨੀ ’ਚ ਲੱਗੇ ਆਰਜ਼ੀ ਬਿਜਲੀ ਕੁਨੈਕਸ਼ਨ ਨੂੰ ਕੱਟ ਦਿੱਤਾ ਸੀ। ਮਾਮਲਾ ਹਾਈਕੋਰਟ ’ਚ ਆਇਆ ਪਰ ਬਾਜਵਾ ਨੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ, ਜਿਸ ਤੋਂ ਬਾਅਦ ਮਈ ਮਹੀਨੇ ’ਚ ਹਾਈਕੋਰਟ ’ਚ ਉਲੰਘਣਾ ਪਟੀਸ਼ਨ ਦਾਇਰ ਕੀਤੀ ਗਈ ਸੀ। ਦੱਸ ਦਈਏ ਕਿ ਹਾਈਕੋਰਟ ’ਚ ਮਾਮਲਾ ਆਉਣ ਤੋਂ ਬਾਅਦ ਬਾਜਵਾ ਦੀ ਖਰੜ ਅਦਾਲਤ ’ਚੋਂ ਜ਼ਮਾਨਤ ਵੀ ਰੱਦ ਹੋ ਗਈ ਹੈ।
ਇਕ ਮਾਮਲੇ ’ਚ ਹਾਈਕੋਰਟ ਦੇ ਹੁਕਮਾਂ ’ਤੇ ਅਦਾਲਤ ’ਚ ਪੇਸ਼ ਨਾ ਹੋਣ ’ਤੇ ਹਾਈਕੋਰਟ ਨੇ ਬਾਜਵਾ ਖ਼ਿਲਾਫ਼ ਉਲੰਘਣਾ ਦਾ ਨੋਟਿਸ ਜਾਰੀ ਕੀਤਾ ਸੀ, ਜਦੋਂ ਵਾਰ-ਵਾਰ ਨੋਟਿਸ ਦੇਣ ’ਤੇ ਵੀ ਬਾਜਵਾ ਹਾਈਕੋਰਟ ’ਚ ਪੇਸ਼ ਨਹੀਂ ਹੋਏ ਤਾਂ ਅਦਾਲਤ ਨੇ ਡੀ. ਜੀ. ਪੀ. ਨੂੰ ਵੀ ਤਲਬ ਕੀਤਾ ਸੀ, ਜਿਨ੍ਹਾਂ ਨੇ ਕਿਹਾ ਕਿ ਬਾਜਵਾ ਦੀ ਭਾਲ ਜਾਰੀ ਹੈ ਪਰ ਉਹ ਨਹੀਂ ਮਿਲ ਰਿਹਾ, ਜਦਕਿ ਉਹ ਅਦਾਲਤੀ ਕਾਰਵਾਈ ਨੂੰ ਆਨਲਾਈਨ ਦੇਖ ਅਤੇ ਸੁਣ ਰਿਹਾ ਸੀ, ਜਿਸ ਨੂੰ ਅਦਾਲਤੀ ਅਧਿਕਾਰੀ ਨੇ ਪਛਾਣ ਕੇ ਚੀਫ਼ ਜਸਟਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਸ ਮੁਸੀਬਤ ਵਿਚ ਆ ਗਈ। ਅਦਾਲਤ ਵਿਚ ਅਗਲੇ ਹੀ ਦਿਨ ਬਾਜਵਾ ਖ਼ਿਲਾਫ਼ ਇਕ ਹੋਰ ਐੱਫ.ਆਈ.ਆਰ. ਤਹਿਤ ਗ੍ਰਿਫ਼ਤਾਰ ਕਰਕੇ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ ਸੀ। ਇਸ ਮਾਮਲੇ ’ਚ ਹਾਈਕੋਰਟ ਨੇ ਹੁਣ ਵੀਰਵਾਰ ਨੂੰ ਹੋਣ ਵਾਲੀ ਸੁਣਵਾਈ ’ਚ ਬਾਜਵਾ ਤੋਂ ਉਪਰੋਕਤ ਸਾਰੀ ਜਾਣਕਾਰੀ ਮੰਗੀ ਹੈ।
ਐਕਸ਼ਨ ਮੋਡ 'ਚ ਨਿਗਮ ਕਮਿਸ਼ਨਰ ਡੇਚਲਵਾਲ, ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ
NEXT STORY