ਮਾਛੀਵਾੜਾ ਸਾਹਿਬ (ਟੱਕਰ) : ਨੇੜਲੇ ਪਿੰਡ ਗੜ੍ਹੀ ਤਰਖਾਣਾ ਦੇ ਨੌਜਵਾਨ ਰਾਜਪਾਲ ਸਿੰਘ (23) ਨੇ ਕਿ ਲੰਘੀ 3 ਜੂਨ ਨੂੰ ਸਰਹਿੰਦ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਤਹਿਤ ਮਾਛੀਵਾੜਾ ਪੁਲਸ ਨੇ ਖੰਨਾ ਵਿਖੇ ਤਾਇਨਾਤ ਪੁਲਸ ਇੰਸਪੈਕਟਰ ਦਵਿੰਦਰ ਸਿੰਘ, ਉਸਦੀ ਭਰਜਾਈ ਕਾਂਸਟੇਬਲ ਰਜਿੰਦਰ ਕੌਰ ਅਤੇ 2 ਰਿਸ਼ਤੇਦਾਰ ਵਰਿੰਦਰ ਸਿੰਘ ਤੇ ਲੱਖੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਪਰ ਅੱਜ 15 ਦਿਨ ਬੀਤ ਜਾਣ ’ਤੇ ਵੀ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ’ਤੇ ਭੜਕੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੇ ਖੰਨਾ-ਨਵਾਂਸ਼ਹਿਰ ਹਾਈਵੇਅ ਜਾਮ ਕਰ ਦਿੱਤਾ। ਇਸ ਕਾਰਨ ਸਾਰੀ ਆਵਾਜਾਈ ਠੱਪ ਹੋ ਗਈ।
ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੀ ਮਾਤਾ ਪਰਮਜੀਤ ਕੌਰ ਤੇ ਤਾਇਆ ਸਵਰਣ ਸਿੰਘ ਨੇ ਕਿਹਾ ਕਿ ਉਹ ਬੀਤੇ ਦਿਨ ਪੁਲਸ ਦੇ ਉੱਚ ਅਧਿਕਾਰੀਆਂ ਕੋਲ ਵੀ ਇਨਸਾਫ਼ ਲਈ ਗਏ ਸਨ ਕਿ ਰਾਜਪਾਲ ਨੂੰ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ ਪਰ ਪੁਲਸ ਦੇ ਉੱਚ ਅਧਿਕਾਰੀ ਆਪਣੇ ਪੁਲਸ ਇੰਸਪੈਕਟਰ ਤੇ ਮਹਿਲਾ ਕਾਂਸਟੇਬਲ ਨੂੰ ਬਚਾਉਂਦੇ ਦਿਖਾਈ ਦਿੱਤੇ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਮਿਲਦਾ ਨਹੀਂ ਦਿਖਿਆ ਤਾਂ ਮਜਬੂਰਨ ਉਹ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਸੜਕਾਂ ’ਤੇ ਉੱਤਰ ਆਏ।
ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਨੌਜਵਾਨ ਪੁੱਤਰ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਕਥਿਤ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਉਹ ਖੰਨਾ ਵਿਖੇ ਐੱਸ. ਐੱਸ. ਪੀ. ਦਫ਼ਤਰ ਅੱਗੇ ਧਰਨਾ ਦੇ ਰਾਸ਼ਟਰੀ ਮਾਰਗ ਦੀ ਆਵਾਜਾਈ ਵੀ ਠੱਪ ਕਰਨ ਲਈ ਮਜਬੂਰ ਹੋ ਜਾਣਗੇ। ਮ੍ਰਿਤਕ ਦੀ ਮਾਤਾ ਪਰਮਜੀਤ ਕੌਰ ਨੇ ਅੱਖਾਂ ’ਚ ਹੰਝੂ ਭਰਦਿਆਂ ਦੱਸਿਆ ਕਿ ਇੰਸਪੈਕਟਰ ਦਵਿੰਦਰ ਸਿੰਘ, ਉਸਦੀ ਨੂੰਹ ਕਾਂਸਟੇਬਲ ਰਜਿੰਦਰ ਕੌਰ ਤੇ ਉਸਦੇ 2 ਹੋਰ ਰਿਸ਼ਤੇਦਾਰਾਂ ਨੇ ਮੇਰੀ ਤੇ ਪੁੱਤਰ ਰਾਜਪਾਲ ਸਿੰਘ ਦੀ ਬਹੁਤ ਬੇਇੱਜ਼ਤੀ ਕੀਤੀ, ਜਿਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਅੱਜ ਪਰਿਵਾਰ ਨੂੰ ਪੁਲਸ ਇਨਸਾਫ਼ ਨਹੀਂ ਦੇ ਰਹੀ ਅਤੇ ਕਥਿਤ ਦੋਸ਼ੀਆਂ ਨੂੰ ਬਚਾ ਕੇ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ।
ਸੈਂਕੜੇ ਦੀ ਗਿਣਤੀ ’ਚ ਪਿੰਡ ਵਾਸੀ ਜੋ ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਰਾਜਪਾਲ ਸਿੰਘ ਤੇ ਉਸਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਅੱਤ ਦੀ ਗਰਮੀ ਵਿਚ ਸੜਕ ’ਤੇ ਬੈਠੇ ਸਨ, ਉਨ੍ਹਾਂ ਨੇ ਕਿਹਾ ਕਿ ਜੇਕਰ ਪੁਲਸ ਉੱਚ ਅਧਿਕਾਰੀਆਂ ਨੇ ਇਨਸਾਫ਼ ਨਾ ਦਿੱਤਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਦੂਸਰੇ ਪਾਸੇ ਥਾਣਾ ਮਾਛੀਵਾੜਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਨੌਜਵਾਨ ਰਾਜਪਾਲ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਦੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਲਗਾਤਾਰ ਜਾਰੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਆਪਣਾ ਕੰਮ ਪੂਰੀ ਨਿਰਪੱਖਤਾ ਨਾਲ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ।
ਪਾਵਰਕਾਮ ਕੋਲ ਝੋਨੇ ਦੇ ਸੀਜ਼ਨ ਲਈ ਤੈਅ ਨਿਯਮਾਂ ਮੁਤਾਬਕ ਨਹੀਂ ਟਰਾਂਸਫਾਰਮਰਾਂ ਦਾ ਸਟਾਕ
NEXT STORY