ਕਪੂਰਥਲਾ, (ਭੂਸ਼ਣ)- ਸੂਬੇ ਦੇ ਦੋਆਬਾ ਖੇਤਰ ਅਤੇ ਹਿਮਾਚਲ ਪ੍ਰਦੇਸ਼ ਵਿਚ ਲੁਟ ਅਤੇ ਚੋਰੀ ਦੀਅਾਂ ਵੱਡੀ ਗਿਣਤੀ ’ਚ ਵਾਰਦਾਤਾਂ ਨੂੰ ਅੰਜਾਮ ਦੇ ਕੇ ਦਹਿਸ਼ਤ ਫੈਲਾਉਣ ਵਾਲੇ ਇਕ ਗੈਂਗ ਦਾ ਪਰਦਾਫਾਸ਼ ਕਰਦੇ ਹੋਏ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਗੈਂਗ ਦੇ ਸਰਗਨਾ ਨੂੰ ਚੋਰੀਸ਼ੁਦਾ ਸਾਮਾਨ ਸਮੇਤ ਗ੍ਰਿਫਤਾਰ ਕਰ ਲਿਆ ਹੈ। ਉਥੇ ਹੀ ਗ੍ਰਿਫਤਾਰ ਮੁਲਜ਼ਮ ਦੇ ਬਾਕੀ ਸਾਥੀਅਾਂ ਦੀ ਭਾਲ ’ਚ ਛਾਪਾਮਾਰੀ ਦਾ ਦੌਰ ਜਾਰੀ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਡੀ. ਐੱਸ. ਪੀ. (ਡੀ.) ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਖਪਾਲ ਸਿੰਘ ਨੇ ਪੁਲਸ ਟੀਮ ਦੇ ਨਾਲ ਅਰਬਨ ਅਸਟੇਟ ਦੇ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਜਦੋਂ ਇਕ ਸ਼ੱਕੀ ਨੌਜਵਾਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਆਪਣੇ ਹੱਥ ’ਚ ਫਡ਼ਿਆ ਮੋਮੀ ਲਿਫਾਫਾ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਨੂੰ ਪਿੱਛਾ ਕਰ ਕੇ ਕਾਬੂ ਕਰ ਲਿਆ ਗਿਆ। ਪੁੱਛਗਿਛ ਦੌਰਾਨ ਮੁਲਜ਼ਮ ਨੇ ਆਪਣਾ ਨਾਮ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸੁਖਦੇਵ ਸਿੰਘ ਵਾਸੀ ਪੰਜਾਬੀ ਬਾਗ ਮੰਸੂਰਵਾਲ ਦੋਨਾ ਕਪੂਰਥਲਾ ਦੱਸਿਆ। ਮੁਲਜ਼ਮ ਵੱਲੋਂ ਸੁੱਟੇ ਲਿਫਾਫੇ ’ਚੋਂ 70 ਗਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਲੁਟ-ਖੋਹ ਕਰਨ ਵਾਲੇ ਗੈਂਗ ਦਾ ਮੈਂਬਰ ਹਨ ਅਤੇ ਉਹ ਹੁਣ ਤਕ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਣਾ ਖੇਤਰਾਂ ’ਚ ਕਈ ਵੱਡੀਅਾਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਹੈ। ਮੁਲਜ਼਼ਮ ਦੇ ਖਿਲਾਫ ਪੰਜਾਬ ਅਤੇ ਹਿਮਾਚਲ ਦੇ ਕਈ ਥਾਣਿਆਂ ’ਚ ਮਾਮਲੇ ਦਰਜ ਹਨ।
ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀਅਾਂ ਦੇ ਨਾਲ ਜਲੰਧਰ, ਫਗਵਾਡ਼ਾ, ਗੋਰਾਇਆ ਅਤੇ ਫਿਲੌਰ ਵਿਚ ਖੜ੍ਹੇ ਟਰੱਕਾਂ ਅਤੇ ਕਾਰਾਂ ਤੋਂ 25-30 ਬੈਟਰੀਅਾਂ ਅਤੇ ਜਲੰਧਰ ਰੇਲਵੇ ਸਟੇਸ਼ਨ ’ਚ ਸੁੱਤੇ ਹੋਏ ਪ੍ਰਵਾਸੀ ਮਜ਼ਦੂਰਾਂ ਤੋਂ ਮੋਬਾਇਲ ਫੋਨ ਖੋਹ ਚੁੱਕਿਆ ਹੈ ਅਤੇ ਉਹ ਲੁੱਟਿਆ ਗਿਆ ਸਾਰਾ ਸਾਮਾਨ ਫਗਵਾਡ਼ਾ ਦੇ ਇਕ ਕਬਾਡ਼ੀ ਨੂੰ ਵੇਚਦਾ ਸੀ। ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਐੱਫ. ਆਈ. ਆਰ. ਨੰਬਰ 2 ਮਿਤੀ 2 ਜਨਵਰੀ 2018 ਵਿਚ ਧਾਰਾ 457, 380 ਥਾਣਾ ਸਿਟੀ ਦੇ ਤਹਿਤ ਅਦਾਲਤ ਵੱਲੋਂ ਭਗੌਡ਼ਾ ਐਲਾਨ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਇਕ ਇੰਲੈਕਟਰੋਨਿਕ ਸ਼ੋਅ ਰੂਮ ਤੋਂ ਚੋਰੀ ਕੀਤੀਅਾਂ 2 ਐੱਲ. ਸੀ. ਡੀ. ਵੀ ਬਰਾਮਦ ਹੋਈਅਾਂ ਹਨ। ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀਅਾਂ ਦੇ ਨਾਲ ਮਿਲ ਕੇ ਗੋਰਾਇਆ ’ਚ ਅਪਰਾ ਰੋਡ ’ਤੇ ਪੈਂਦੀ ਇਕ ਇੰਲੈਕਟਰੋਨਿਕ ਦੀ ਦੁਕਾਨ ਤੋਂ 10 ਮੋਬਾਇਲ ਫੋਨ ਅਤੇ 4 ਐੱਲ. ਸੀ. ਡੀ. ਵੀ ਚੋਰੀ ਕੀਤੀਅਾਂ ਸਨ। ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ, ਪੁੱਛਗਿਛ ਦੇ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।
40 ਗ੍ਰਾਮ ਅਫੀਮ ਦੀ ਖੇਪ ਸਮੇਤ 2 ਗ੍ਰਿਫਤਾਰ
NEXT STORY