ਜਲੰਧਰ (ਚਾਵਲਾ) - ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਸਕੂਲੀ ਕਿਤਾਬਾਂ 'ਚ ਪੜ੍ਹਾਏ ਜਾਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ। ਅੱਜ ਸ਼ੇਰੇ ਪੰਜਾਬ ਦੇ ਜਨਮ ਦਿਹਾੜੇ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਰਣਜੀਤ ਫਲਾਈਓਵਰ ਦੇ ਨੇੜੇ ਸਥਾਪਿਤ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ 'ਤੇ ਫੁੱਲਾਂ ਦੀ ਵਰਖਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਤਿਹਾਸਕਾਰਾਂ ਦੀ ਸੌੜੀ ਸੋਚ ਦੀ ਵੀ ਨਿਖੇਧੀ ਕੀਤੀ।
ਜੀ. ਕੇ. ਨੇ ਕਿਹਾ ਕਿ ਮਹਾਰਾਜਾ ਦਾ ਰਾਜ ਧਰਮ ਨਿਰਪੇਖ ਹੋਣ ਦੇ ਨਾਲ ਹੀ ਸਿਆਸੀ ਅਤੇ ਕੂਟਨੀਤਕ ਤੌਰ 'ਤੇ ਪ੍ਰਪੱਕ ਰਾਜ ਸੀ । ਬਾਬਾ ਬੰਦਾ ਸਿੰਘ ਬਹਾਦਰ ਦੇ ਖਾਲਸਾ ਰਾਜ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਧਾਰਮਿਕ ਤੌਰ 'ਤੇ ਵਿਤਕਰੇ ਦੀ ਕੋਈ ਮਿਸਾਲ ਨਹੀਂ ਮਿਲਦੀ। ਅੰਗਰੇਜ਼ ਜਿਥੇ ਪੂਰੇ ਹਿੰਦੁਸਤਾਨ 'ਤੇ 200 ਸਾਲ ਤਕ ਹਕੂਮਤ ਕਰਨ 'ਚ ਕਾਮਯਾਬ ਰਹੇ ਪਰ ਉਥੇ ਹੀ ਪੰਜਾਬ ਆਪਣੇ ਬਹਾਦਰ ਸੂਰਮਿਆਂ ਦੇ ਕਰਕੇ ਸਿਰਫ 90 ਸਾਲ ਹੀ ਗੁਲਾਮ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਕੂਟਨੀਤਕ ਕੌਸ਼ਲ ਦੀ ਚਰਚਾ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਚੀਨ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਕਾਰਗਿੱਲ, ਗਿਲਗਿਤ ਤੇ ਸਿਲੀਕਾਨ ਵੈਲੀ ਜਿੱਤ ਕੇ ਹਿੰਦੁਸਤਾਨ ਦਾ ਹਿੱਸਾ ਬਣਾਇਆ ਸੀ।
ਜੀ. ਕੇ. ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਧਰਮਾਂ ਦੇ ਧਾਰਮਿਕ ਸਥਾਨਾਂ ਨੂੰ ਖਜ਼ਾਨੇ 'ਚੋਂ ਮਾਇਆ ਦੀ ਵੰਡ ਕਰਨ ਵੇਲੇ ਕਦੇ ਵਿਤਕਰਾ ਨਹੀਂ ਕੀਤਾ ਸੀ। ਇਸ ਕਰਕੇ ਧਰਮ ਨਿਰਪੇਖ, ਬਹਾਦਰ ਤੇ ਦੂਰਅੰਦੇਸ਼ੀ ਭਰਪੂਰ ਸੋਚ ਦੇ ਮਾਲਕ ਬਾਦਸ਼ਾਹ ਦੇ ਇਤਿਹਾਸ ਨੂੰ ਸਕੂਲੀ ਕਿਤਾਬਾਂ ਦਾ ਹਿੱਸਾ ਬਣਾਉਣਾ ਅਤਿ-ਲੋੜੀਂਦਾ ਹੈ। ਉਨ੍ਹਾਂ ਇਤਿਹਾਸਕਾਰਾਂ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਉਸਾਰੂ ਪੱਖ ਉਜਾਗਰ ਨਾ ਕਰਨ ਦਾ ਦੋਸ਼ ਲਾਉਂਦੇ ਹੋਏ ਲਿਖਾਰੀਆਂ ਨੂੰ ਸੌੜੀ ਸੋਚ ਤਿਆਗਣ ਦਾ ਵੀ ਸੱਦਾ ਦਿੱਤਾ। ਇਸ ਮੌਕੇ ਸਾਬਕਾ ਰਾਜਸਭਾ ਮੈਂਬਰ ਤ੍ਰਿਲੋਚਨ ਸਿੰਘ, ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਕਮੇਟੀ ਮੈਂਬਰ ਚਮਨ ਸਿੰਘ, ਪਰਮਜੀਤ ਸਿੰਘ ਚੰਢੋਕ ਅਤੇ ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਮੌਜੂਦ ਸਨ।
ਪਤੀ ਦੀ ਸਹਿਮਤੀ ਦੇ ਬਿਨਾਂ ਮਹਿਲਾ ਨੇ ਕਰਵਾਇਆ ਦੂਜਾ ਵਿਆਹ
NEXT STORY