ਸ਼੍ਰੀ ਅਨੰਦਪੁਰ ਸਾਹਿਬ (ਦਲਜੀਤ/ਸਮਸ਼ੇਰ/ਬਾਲੀ/ਅਰੋੜਾ)— ਖਾਲਸਾਈ ਸ਼ਾਨੋ ਸ਼ੋਕਤ ਦਾ ਪ੍ਰਤੀਕ ਕੌਮੀ ਤਿਉਹਾਰ ਹੋਲਾ ਮਹੱਲਾ ਬੁੱਧਵਾਰ 28 ਫਰਵਰੀ ਤੋਂ ਖਾਲਸੇ ਦੇ ਜਨਮ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋ ਗਿਆ। ਇਸ 3 ਦਿਨ੍ਹਾਂ ਕੌਮੀ ਤਿਉਹਾਰ ਦੇ ਅੱਜ ਪਹਿਲੇ ਦਿਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸਵੇਰੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ, ਜਿਨ੍ਹਾਂ ਦੇ ਭੋਗ ਮੇਲੇ ਦੇ ਆਖਰੀ ਦਿਨ 2 ਮਾਰਚ ਨੂੰ ਪੈਣਗੇ। ਸਵੇਰੇ ਆਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਕੀਤੀ। ਇਸ ਮੌਕੇ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਸੂਚਨਾ ਅਫਸਰ ਹਰਦੇਵ ਸਿੰਘ ਹੈਪੀ, ਅਮਰਜੀਤ ਸਿੰਘ ਚਾਵਲਾ, ਸਤਨਾਮ ਸਿੰਘ ਝੱਜ, ਮਨਜਿੰਦਰ ਸਿੰਘ ਬਰਾੜ, ਸੰਦੀਪ ਸਿੰਘ ਕਲੋਤਾਂ, ਅਵਤਾਰ ਸਿੰਘ ਜਿੰਦਵੜੀ, ਤਖਤ ਸਾਹਿਬ ਦੇ ਹਜੂਰੀ ਰਾਗੀ ਭਾਈ ਰਛਪਾਲ ਸਿੰਘ ਸਮੇਤ ਤਖਤ ਸਾਹਿਬ ਦਾ ਸਮੁੱਚਾ ਸਟਾਫ ਹਾਜ਼ਰ ਸਨ।
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਮੇਲੇ ਦੀ ਆਰੰਭਤਾ ਮੌਕੇ ਸੰਬੋਧਨ ਕਰਦਿਆਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੇ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਇਸ ਪਵਿੱਤਰ ਧਰਤੀ 'ਤੇ ਆਈ ਸਮੂਹ ਨਾਨਕ ਨਾਮ ਲੇਵਾ ਸੰਗਤ ਨੂੰ ਹੋਲਾ ਮਹੱਲਾ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਨੇ ਇਸ ਮੌਕੇ ਸੰਗਤਾਂ ਨੂੰ ਹਰ ਸਾਲ ਇਸ ਧਰਤੀ 'ਤੇ ਮਨਾਏ ਜਾਂਦੇ ਇਸ ਕੌਮੀ ਤਿਉਹਾਰ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਕਿਵੇਂ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਨੂੰ ਹੋਲੀ ਤੋਂ ਹੋਲਾ ਮਨਾਉਣ ਦਾ ਆਦੇਸ਼ ਦਿੱਤਾ। ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ ਕਿ ਗੁਰੁ ਸਾਹਿਬ ਵੱਲੋਂ ਹੋਲੇ ਮਹੱਲੇ ਦੀ ਸ਼ੁਰੂ ਕੀਤੀ ਇਸ ਰੀਤ ਨੂੰ ਸਿਰਫ ਮੇਲੇ ਤੱਕ ਹੀ ਸੀਮਿਤ ਕਰਕੇ ਨਾ ਸੋਚੀਏ ਸਗੋਂ ਇਸ ਪਵਿੱਤਰ ਧਰਤੀ ਤੋਂ ਪ੍ਰਣ ਕਰਕੇ ਜਾਈਏ ਕਿ ਅਸੀਂ ਗੁਰੁ ਸਾਹਿਬ ਦੇ ਬਚਨਾਂ 'ਤੇ ਪੂਰਾ ਉਤਰਦੇ ਹੋਏ ਅੰਮ੍ਰਿਤ ਦੀ ਦਾਤ ਛੱਕ ਕੇ ਗੁਰੁ ਵਾਲੇ ਬਣਨਾ ਤਾਂ ਹੀ ਸਾਡਾ ਇਸ ਦੁਨੀਆ ਤੇ ਆਉਣਾ ਸਫਲਾ ਹੋਵੇਗਾ। ਮੇਲੇ ਦੇ ਪਹਿਲੇ ਦਿਨ ਦੇਸ਼-ਵਿਦੇਸ਼ ਦੀਆਂ ਹਜ਼ਾਰਾਂ ਸੰਗਤਾਂ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਗੁ: ਸੀਸ ਗੰਜ ਸਾਹਿਬ, ਗੁ: ਭੋਰਾ ਸਾਹਿਬ, ਗੁ: ਸ਼ਹੀਦ ਬਾਬਾ ਸੰਗਤ ਸਿੰਘ ਜੀ, ਗੁ: ਕਿਲ੍ਹਾ ਫਤਹਿਗੜ੍ਹ ਸਾਹਿਬ ਸਮੇਤ ਹੋਰ ਗੁ: ਸਾਹਿਬਾਨਾਂ ਵਿੱਚ ਮੱਥਾ ਟੇਕਿਆ। ਸਾਰੇ ਗੁ: ਸਾਹਿਬਾਨਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਬੜੇ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। ਤਖਤ ਸਾਹਿਬ ਵਿਖੇ ਮੱਥਾ ਟੇਕਣ ਲਈ ਸੰਗਤਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਅਤੇ ਲਾਈਨਾਂ 'ਚ ਲੱਗੀਆਂ ਸੰਗਤਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ।
ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਵੱਲੋਂ ਲਾਈਨਾਂ ਚ' ਲੱਗੀਆਂ ਵੱਡੀ ਗਿਣਤੀ ਸੰਗਤਾਂ ਚੋਂ ਥੋੜੀਆਂ-ਥੋੜੀਆਂ ਕਰਕੇ ਬੜੇ ਤਰਤੀਬ ਨਾਲ ਮੱਥਾ ਟੇਕਣ ਲਈ ਗੁ: ਸਾਹਿਬ ਦੇ ਅੰਦਰ ਭੇਜਿਆ ਜਾ ਰਿਹਾ ਸੀ। ਵੱਡੀ ਗਿਣਤੀ ਸੰਗਤਾਂ ਵੱਲੋਂ ਤਖਤ ਸਾਹਿਬ ਦੇ ਸਾਹਮਣੇ ਬਣੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ ਜਾ ਰਿਹਾ ਹੈ। ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮੌਕੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਇਕ ਮਾਰਚ ਨੂੰ ਤਖਤ ਸਾਹਿਬ ਦੇ ਵੱਡੇ ਗਰਾਊਂਡ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਵੱਡੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਪਹੁੰਚੇਗੀ। ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਵੀ ਆਪਣੀ ਪਹਿਲੇ ਵਾਲੀ ਸਰੋਵਰ ਦੇ ਨਾਲ ਵਾਲੀ ਜਗ੍ਹਾ 'ਤੇ ਆਪਣੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ 'ਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ ਲਈ ਪਹੁੰਚੇਗੀ। ਇਸ ਵਾਰ ਮੇਲੇ ਦੀ ਖਾਸੀਅਤ ਜੋ ਦੇਖਣ ਨੂੰ ਮਿਲ ਰਹੀ ਹੈ, ਉਹ ਇਹ ਹੈ ਕਿ ਜਿੱਥੇ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਗੁਰਨੀਤ ਤੇਜ ਵੱਲੋਂ ਖੁਦ ਪੈਦਲ ਚੱਲ-ਚੱਲ ਕੇ ਸਾਰੇ ਪ੍ਰਬੰਧ ਦੇਖੇ ਜਾ ਰਹੇ ਹਨ ਅਤੇ ਵੱਖ-ਵੱਖ ਮਹਿਕਮਿਆਂ ਦੇ ਅਫਸਰਾਂ ਅਤੇ ਪੁਲਿਸ ਮੁਲਾਜਮਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੇ ਨਿਰਦੇਸ਼ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਜਾ ਰਹੀ ਹੈ। ਉੱਥੇ ਹੀ ਜ਼ਿਲਾ ਪੁਲਸ ਮੁਖੀ ਰਾਜ ਬਚਨ ਸਿੰਘ ਸੰਧੂ ਵੱਲੋਂ ਮੇਲੇ ਨੂੰ ਜਾਮ ਤੋਂ ਮੁਕਤ ਰੱਖਣ ਲਈ ਪੁਲਸ ਫੋਰਸ ਤੋਂ ਇਲਾਵਾ ਵਲੰਟੀਅਰਜ਼ ਦੀ ਟੀਮ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਹ ਵਲੰਟੀਅਰਜ਼ ਸ਼ਹਿਰ ਦੇ ਸਾਰੇ ਮੁੱਖ ਚੌਂਕਾਂ 'ਚ ਖੜ੍ਹਕੇ ਪੁਲਿਸ ਮੁਲਾਜਮਾਂ ਦਾ ਸਾਥ ਦਿੰਦਿਆਂ ਟ੍ਰੈਫਿਕ ਨੂੰ ਬੜੇ ਵਧੀਆ ਤਰੀਕੇ ਨਾਲ ਕੰਟਰੋਲ ਕਰ ਰਹੇ ਹਨ, ਜਿਸ ਕਾਰਨ ਇਸ ਵਾਰ ਲੋਕਾਂ ਨੂੰ ਜਾਮ ਤੋਂ ਕਾਫੀ ਰਾਹਤ ਮਿਲ ਰਹੀ ਹੈ। ਸਿਵਲ ਪ੍ਰਸ਼ਾਸ਼ਨ ਅਤੇ ਪੁਲਸ ਪ੍ਰਸ਼ਾਸ਼ਨ ਵੱਲੋਂ ਇਸ ਵਾਰ ਕੀਤੇ ਸੁਚੱਜੇ ਪ੍ਰਬੰਧਾਂ ਦੀ ਹੋਲੇ ਮਹੱਲੇ ਮੌਕੇ ਆਈਆਂ ਸੰਗਤਾਂ ਵੱਲੋਂ ਬੜੀ ਤਾਰੀਫ ਕੀਤੀ ਜਾ ਰਹੀ ਹੈ।
ਸਿੱਖਿਆ ਵਿਭਾਗ ਦੇ ਸੂਬਾ ਪੱਧਰੀ ਮਸ਼ਾਲ ਮਾਰਚ ਦਾ ਟਾਂਡਾ 'ਚ ਭਰਵਾਂ ਸਵਾਗਤ
NEXT STORY