ਸ੍ਰੀ ਅਨੰਦਪੁਰ ਸਾਹਿਬ - ਹੋਲਾ ਮਹੱਲਾ ਖਾਲਸਾ ਪੰਥ ਦਾ ਮਹੱਤਵਪੂਰਨ ਤਿਉਹਾਰ ਹੈ, ਜੋ ਬਸੰਤ ਰੁੱਤ ਵਿਚ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ। ਹੋਲੇ ਮਹੱਲੇ ਦੀ ਆਪਣੀ ਇਤਿਹਾਸਕ ਮਹੱਤਤਾ ਹੈ। ਅਸਲ ਵਿਚ ਗੁਰੂ ਸਾਹਿਬਾਨ ਪਰੰਪਰਾਗਤ ਤਿਉਹਾਰਾਂ ਵਿਚ ਨਰੋਆ ਅਤੇ ਰਹੱਸਮਈ ਪਰਿਵਰਤਨ ਲਿਆਉਣਾ ਚਾਹੁੰਦੇ ਸਨ, ਇਸ ਲਈ ਸਤਿਗੁਰਾਂ ਨੇ ਜਿਹੜਾ ਗੁਰਮਤਿ ਸੱਭਿਆਚਾਰ ਸਿਰਜਿਆ, ਉਸ ਵਿਚ ਪ੍ਰਚੱਲਿਤ ਭਾਰਤੀ ਤਿਉਹਾਰਾਂ ਨੂੰ ਪਰਮਾਰਥ ਦੇ ਅਰਥਾਂ ਵਿਚ ਬਦਲ ਕੇ ਰੂਪਮਾਨ ਕੀਤਾ ਤਾਂ ਕਿ ਇਨ੍ਹਾਂ ਤੋਂ ਸਮਾਜ ਨੂੰ ਕੋਈ ਉਸਾਰੂ ਸੇਧ ਪ੍ਰਦਾਨ ਕੀਤੀ ਜਾ ਸਕੇ। ਇਸੇ ਪਰਿਵਰਤਨ ਦੀ ਲੜੀ ਵਿਚ ਖ਼ਾਲਸਾ ਪੰਥ ਵਲੋਂ ਹੋਲੀ ਦੀ ਥਾਂ 'ਤੇ ਸੁਤੰਤਰ ਹੋਲਾ ਮਹੱਲਾ ਦਾ ਆਰੰਭ ਕੀਤਾ ਗਿਆ। ਦੁਨਿਆਵੀ ਲੋਕਾਂ ਵੱਲੋਂ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਸੀ ਪਰ ਖ਼ਾਲਸੇ ਵੱਲੋਂ ਹੋਲਾ ਤਲਵਾਰਾਂ, ਬਰਛਿਆਂ ਅਤੇ ਨੇਜ਼ਿਆਂ ਨਾਲ ਖੇਡਿਆ ਗਿਆ। ਹੋਲੀ ਦਾ ਇਹ ਬਦਲ ਹੋਲੇ ਮਹੱਲੇ ਦੇ ਰੂਪ ਵਿਚ ਕ੍ਰਾਂਤੀਕਾਰੀ ਸੰਕਲਪ ਵਜੋਂ ਸੀ ਅਤੇ ਇਸ ਨੂੰ ਮਨਾਉਣ ਦਾ ਢੰਗ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪ ਨਿਸ਼ਚਿਤ ਕੀਤਾ। ਇਸ ਦੀ ਅਲੌਕਿਕ ਮਹਿਮਾ ਦਾ ਵਰਣਨ ਕਰਦਿਆਂ ਕਵੀ ਸੁਮੇਰ ਸਿੰਘ ਇਸ ਤਰ੍ਹਾਂ ਲਿਖਦੇ ਹਨ:
ਔਰਨ ਕੀ ਹੋਲੀ ਮਮ ਹੋਲਾ। ਕਹਯੋ ਕ੍ਰਿਪਾਨਿਧ ਬਚਨ ਅਮੋਲਾ।
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਯੁੱਧ ਵਿੱਦਿਆ ਦੇ ਅਭਿਆਸ ਨੂੰ ਨਿੱਤ ਨਵਾਂ ਰੱਖਣ ਵਾਸਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਰੀਤੀ ਅਨੁਸਾਰ ਚੇਤ ਵਦੀ 1 ਨੂੰ ਸਿੱਖਾਂ ਵਿਚ ਹੋਲਾ ਮਹੱਲਾ ਹੁੰਦਾ ਹੈ, ਜਿਸ ਦਾ ਹੋਲੀ ਦੀ ਰਸਮ ਨਾਲ ਕੋਈ ਸੰਬੰਧ ਨਹੀਂ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ। ਪੈਦਲ, ਘੋੜਸਵਾਰ ਤੇ ਸ਼ਸਤਰਧਾਰੀ ਸਿੰਘ ਦੋ ਪਾਸਿਓਂ ਇਕ ਖਾਸ ਹਮਲੇ ਦੀ ਥਾਂ ਹਮਲਾ ਕਰਦੇ ਹਨ। ਕਲਗੀਧਰ ਆਪ ਇਸ ਬਨਾਉਟੀ ਲੜਾਈ ਨੂੰ ਵੇਖਦੇ ਤੇ ਦੋਨਾਂ ਜਥਿਆਂ ਨੂੰ ਲੋੜੀਂਦੀ ਸਿੱਖਿਆ ਪ੍ਰਦਾਨ ਕਰਦੇ। ਜਿਹੜਾ ਜਥਾ ਜੇਤੂ ਹੁੰਦਾ, ਉਸ ਨੂੰ ਸਿਰੋਪਾਓ ਬਖਸ਼ਿਸ਼ ਕਰਦੇ। ਭਾਈ ਵੀਰ ਸਿੰਘ ਅਨੁਸਾਰ ਮਹੱਲਾ ਸ਼ਬਦ ਤੋਂ ਭਾਵ 'ਮਯ ਹੱਲਾ' ਭਾਵ ਬਨਾਉਟੀ ਹਮਲਾ ਹੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਹੋਲਾ ਮਹੱਲਾ ਦੀ ਰੀਤੀ ਦਾ ਵਿਸ਼ੇਸ਼ ਉਦੇਸ਼ ਸਿੱਖਾਂ ਵਿਚ ਸ਼ਸਤਰਾਂ ਲਈ ਪਿਆਰ ਅਤੇ ਭਗਤੀ ਦੀ ਰੱਖਿਆ ਲਈ ਸ਼ਕਤੀ ਦਾ ਸੰਚਾਰ ਕਰਨਾ ਸੀ। ਇਸ ਨਾਲ ਸ਼ਸਤਰ ਸਿੱਖੀ ਦਾ ਅਟੁੱਟ ਅੰਗ ਬਣ ਗਿਆ ਧਰਮ ਦਾ ਚਿੰਨ੍ਹ ਅਤੇ ਰਾਜ ਦਾ ਰਾਖਾ :
ਸ਼ਸਤਰਨ ਕੇ ਅਧੀਨ ਹੈ ਰਾਜ। ਜੋ ਨ ਧਰਹਿ ਤਿਸ ਬਿਗਰੈ ਕਾਜ।
ਯਾਤੇ ਸਰਬ ਖਾਲਸਾ ਸੁਣਿਆਹਿ। ਆਯੁਧ ਧਰਯੋ ਉਤਮ ਗੁਣ ਆਹਿ।
ਜਬ ਹਮਰੇ ਦਰਸ਼ਨ ਆਵਹੁ! ਬਨ ਸੁਚੇਤ ਸ਼ਸਤਰ ਸਜਾਵਹੁ।
ਕਮਰ ਕਸਾ ਕਰ ਦਿਹੁ ਦਿਖਾਈ। ਹਮਰੀ ਖੁਸ਼ੀ ਹੋਇ ਅਧਕਾਈ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)
ਪਿੰ੍ਰਸੀਪਲ ਸਤਿਬੀਰ ਸਿੰਘ ਲਿਖਦੇ ਹਨ, ''ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 'ਸੇਵਾ ਤੇ ਸ਼ਹੀਦੀ' ਦਾ ਅਜਿਹਾ ਸੁਮੇਲ ਕਰ ਦਿੱਤਾ ਕਿ ਨੀਵੀਆਂ ਰੁਚੀਆਂ ਉਪਜਾਉਣ ਵਾਲੀ ਹੋਲੀ ਦਾ ਤਿਆਗ ਹੋ ਗਿਆ। ਗੁਰੂ ਸਾਹਿਬ ਨੇ ਸਿੱਖਾਂ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਨਵਾਂ ਜੋਸ਼ ਅਤੇ ਤਾਕਤ ਬਖਸ਼ਣ ਲਈ ਇਕ ਦਿਨ ਨਿਯਤ ਕਰ ਦਿੱਤਾ ਤੇ ਉਸ ਦਿਨ ਕਿਲਾ ਹੋਲਗੜ੍ਹ ਵਿਚ ਮੇਲਾ ਲੱਗ ਜਾਂਦਾ। ਪਹਿਲਾ ਤਾਰੀਖ਼ੀ ਮੇਲਾ, ਸਾਹਿਬ ਨੇ ਚੇਤ ਵਦੀ ਪਹਿਲੀ, ਸੰਮਤ 1757 ਵਿਚ ਕੀਤਾ ਤੇ ਉਸ ਦੀ ਪਰਪਾਟੀ ਪੈ ਗਈ। ਹੋਲਾ ਮਹੱਲਾ ਉਤਸ਼ਾਹ ਦਾ ਦਿਹਾੜਾ ਬਣ ਗਿਆ ਤੇ ਸ਼ਕਤੀ ਦਾ ਪ੍ਰਤੀਕ।''
ਖ਼ਾਲਸੇ ਨੂੰ ਦੁਨੀਆ ਤੋਂ ਨਿਆਰੇ ਅਤੇ ਅਕਾਲ ਪੁਰਖ ਦਾ ਖਾਸ ਰੂਪ ਹੋਣ ਦਾ ਅਹਿਸਾਸ ਕਰਵਾਉਂਦਾ ਚੜ੍ਹਦੀ ਕਲਾ ਦਾ ਪ੍ਰਤੀਕ 'ਹੋਲਾ ਮਹੱਲਾ' ਅਸੀਂ ਹਰ ਸਾਲ ਮਨਾਉਂਦੇ ਹੋਏ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਦੇ ਜੰਗਜੂ ਕਰਤੱਬ ਦੇ ਜਾਹੋ-ਜਲਾਲ ਨੂੰ ਦੇਖਦੇ ਹਾਂ। ਇਸ ਮੌਕੇ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਹੋਲਾ ਮਹੱਲਾ ਮੌਕੇ ਆਪਣੇ ਇਤਿਹਾਸ ਤੋਂ ਪ੍ਰੇਰਣਾ ਲੈਂਦਿਆਂ ਸ਼ਸਤਰਧਾਰੀ ਬਣੀਏ, ਭਾਵ ਅੰਮ੍ਰਿਤ ਛਕ ਕੇ ਗੁਰੂ ਦੇ ਸਿੰਘ ਬਣੀਏ। ਹੋਲਾ ਮਹੱਲਾ ਸਾਨੂੰ ਗੁਰੂ ਵੱਲੋਂ ਬਖਸ਼ੀ ਜੀਵਨ ਜਾਚ ਵਿਚ ਪੱਕਿਆਂ ਰਹਿਣ ਦੀ ਪ੍ਰੇਰਣਾ ਦਿੰਦਾ ਹੈ। ਇਸ ਪ੍ਰੇਰਣਾ ਨੂੰ ਕਵੀ ਨਿਹਾਲ ਸਿੰਘ ਆਪਣੇ ਸ਼ਬਦਾਂ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ :
ਬਰਛਾ ਢਾਲ ਕਟਾਰਾ ਤੇਗਾ, ਕੜਛਾ ਦੇਗਾ ਗੋਲਾ ਹੈ।
ਛਕਾ ਪ੍ਰਸਾਦਿ ਸਜਾ ਦਸਤਾਰਾ, ਅਰੁ ਕਰ ਦੋਨਾ ਟੋਲਾ ਹੈ।
ਸੁਭਟ ਸੁਚਾਲਾ ਅਰ ਲੱਖ ਬਾਹਾ, ਕਲਗਾ ਸਿੰਘ ਸਚੋਲਾ ਹੈ।
ਅਪਰ ਮੁਛਹਿਰਾ, ਦਾੜਵਾ ਜੱਸੇ, ਤੈਸਾ ਬੋਲਾ ਹੋਲਾ ਹੈ।
'ਹੋਲਾ ਮਹੱਲਾ' ਸਾਨੂੰ ਇਕ ਉਪਦੇਸ਼ ਦਿੰਦਾ ਹੈ ਕਿ ਜੀਵਨ 'ਚ ਹਿੰਮਤ, ਅਣਖ, ਦਲੇਰੀ, ਤਿਆਗ, ਕੁਰਬਾਨੀ, ਦ੍ਰਿੜ੍ਹ ਨਿਸ਼ਚਾ, ਚੜ੍ਹਦੀ-ਕਲਾ, ਸਵੈ-ਵਿਸ਼ਵਾਸ, ਸਵੈ-ਰੱਖਿਆ, ਸਵੈ-ਮਾਣ, ਮਨੁੱਖੀ ਆਜ਼ਾਦੀ ਤੇ ਖ਼ਾਲਸਾਈ ਜਜ਼ਬੇ ਦੀ ਭਾਵਨਾ ਨੂੰ ਮਰਨ ਨਹੀਂ ਦੇਣਾ ਹੈ।
—ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਪੰਜਾਬੀ ਯੂਨੀਵਰਸਿਟੀ ਦੇ ਨਤੀਜੇ ਲੇਟ ਆਉਣ ਕਾਰਨ ਵਿਦਿਆਰਥੀ ਹੋ ਰਹੇ ਪ੍ਰੇਸ਼ਾਨ
NEXT STORY