ਮੋਹਾਲੀ(ਨਿਆਮੀਆਂ,ਜੱਸੋਵਾਲ)- ਪੰਜਾਬ ਵਿਚ ਕਾਲੇ ਦੌਰ ਦੌਰਾਨ ਹੋਂਦ ਵਿਚ ਲਿਆਂਦੇ ਹੋਮਗਾਰਡ ਮਹਿਕਮੇ ਵਿਚ ਪਿੰਡਾਂ ਅਤੇ ਸ਼ਹਿਰਾਂ ਤੋਂ ਭਰਤੀ ਕੀਤੇ ਨੌਜਵਾਨਾਂ ਵੱਲੋਂ ਆਪਣੀਆਂ ਜਾਨਾਂ ਗੁਆ ਕੇ ਤਨ-ਮਨ ਨਾਲ ਅੱਗੇ ਹੋ ਕੇ ਸੂਬੇ ਵਿਚ ਜਿਸ ਤਰ੍ਹਾਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ, ਉਹ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ ਹਨ। ਅਨੇਕਾਂ ਨੌਜਵਾਨਾਂ ਨੇ ਇਸ ਸਮੇਂ ਦੌਰਾਨ ਦੇਸ਼ ਲਈ ਆਪਣੀਆਂ ਜਾਨਾਂ ਤਕ ਕੁਰਬਾਨ ਕਰ ਦਿੱਤੀਆਂ ਸਨ ਪਰ ਸਮੇਂ ਦੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਨੇ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਮੋਹਾਲੀ ਪ੍ਰੈੱਸ ਕਲੱਬ ’ਚ ਹੋਮਗਾਰਡ ਵਾਰਸ ਯੂਨੀਅਨ ਪੰਜਾਬ (ਜ਼ਿਲ੍ਹਾ ਪਟਿਆਲਾ) ਵੱਲੋਂ ਕੀਤੀ ਗਈ ਕਾਨਫਰੰਸ ਦੌਰਾਨ ਯੂਨੀਅਨ ਦੇ ਪ੍ਰਧਾਨ ਵਿਸਾਖਾ ਸਿੰਘ ਅਤੇ ਹਾਜ਼ਰ ਅਹੁਦੇਦਾਰਾਂ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ- ਦਿਨ-ਰਾਤ ਦੇ ਧਰਨੇ ਦੌਰਾਨ 5ਵੇਂ ਦਿਨ ਰੋਹ 'ਚ ਆਏ ਕਿਸਾਨ, SDM ਨੂੰ ਦਫਤਰ 'ਚ ਬਣਾਇਆ ਬੰਦੀ
ਉਨ੍ਹਾਂ ਕਿਹਾ ਕਿ ਹੋਮ ਗਾਰਡ ਵਿਚ ਭਰਤੀ ਅਤੇ ਪਰਿਵਾਰ ਦੀ ਰੋਜ਼ੀ ਰੋਟੀ ਕਮਾਉਣ ਵਾਲੇ ਨੌਜਵਾਨਾਂ ਦੀ ਜਾਨ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਤਰਸਯੋਗ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਅਤੇ ਉਨ੍ਹਾਂ ਦੇ ਪਰਿਵਾਰ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 36 ਦਿਨਾਂ ਤੋਂ ਮੋਹਾਲੀ ਦੇ ਫੇਜ਼-8 ਵਿਚ ਧਰਨੇ ’ਤੇ ਬੈਠੇ ਹਾਂ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਮੌਜੂਦਾ ਕਾਂਗਰਸ ਸਰਕਾਰ ਦੇ ਵੱਖ-ਵੱਖ ਆਗੂਆਂ ਨਵਜੋਤ ਸਿੰਘ ਸਿੱਧੂ, ਮਹਾਰਾਣੀ ਪ੍ਰਨੀਤ ਕੌਰ ਸਮੇਤ ਕੈਬਨਿਟ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨੂੰ ਵੀ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਸਮੇਂ-ਸਮੇਂ ’ਤੇ ਮੰਗ ਪੱਤਰ ਦਿੱਤੇ ਗਏ ਪਰ ਉਨ੍ਹਾਂ ਵੱਲੋਂ ਭਰੋਸੇ ਤੋਂ ਸਿਵਾਏ ਕੁਝ ਨਹੀਂ ਮਿਲਿਆ।
ਉਨ੍ਹਾਂ ਦੱਸਿਆ ਕਿ ਅਕਾਲੀ ਸਰਕਾਰ ਵੱਲੋਂ 2016 ਵਿਚ ਇਕ ਪਾਲਿਸੀ ਬਣਾਈ ਗਈ ਸੀ. ਜਿਸ ਤਹਿਤ 2007 ਤੋਂ 2018 ਤਕ ਪਹਿਲੇ ਬੈਚ ਵਿਚ 858 ਅਤੇ ਦੂਸਰੇ ਬੈਚ ਵਿਚ 300 ਦੇ ਕਰੀਬ ਮਿ੍ਰਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ ਸੀ ਪਰ 2019 ਤੋਂ ਲੈ ਕੇ ਹੁਣ ਤਕ 387 ਕੇਸ ਪੈਂਡਿੰਗ ਪਏ ਹਨ, ਜਿਨ੍ਹਾਂ ਵੱਲ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਮਿ੍ਰਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਲਾਰੇ ਲੱਪੇ ਹੀ ਮਿਲੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਯਾਦ ਕਰਵਾਉਦਿਆਂ ਕਿਹਾ ਕਿ ਸੱਤਾ ’ਚ ਆਉਣ ਤੋਂ ਬਾਅਦ ਹੁਣ ਉਹ ਨੌਕਰੀਆਂ ਦੇਣ ਦਾ ਕੀਤਾ ਵਾਅਦਾ ਭੁੱਲ ਗਏ ਹਨ, ਜਿਸ ਕਾਰਨ ਸਾਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਬਣਦਾ ਹੱਕ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਅਣਗਹਿਲੀ ਸਦਕਾ ਕਈ ਨੌਜਵਾਨ ਗ਼ਲਤ ਕੰਮਾਂ, ਨਸ਼ਿਆਂ ਅਤੇ ਹੋਰ ਗ਼ੈਰ-ਕਾਨੂੰਨੀ ਕੰਮਾਂ ਵਿਚ ਗ਼ਲਤਾਨ ਹੋਣਗੇ।
ਇਹ ਵੀ ਪੜ੍ਹੋ- ਹੈਰੋਇਨ ਮਾਮਲਾ, ਜੰਮੂ-ਕਸ਼ਮੀਰ ਤੋਂ ਬਰਾਮਦ ਹੋਈ 29.50 ਲੱਖ ਰੁਪਏ ਦੀ ਡਰੱਗ ਮਨੀ
ਉਨ੍ਹਾਂ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦੀ ਤੁਰੰਤ ਸੁਣਵਾਈ ਨਾ ਹੋਈਆਂ ਤਾਂ ਉਹ ਮਜ਼ਬੂਰ ਹੋ ਕੇ ਮਰਨ ਵਰਤ ’ਤੇ ਬੈਠਣਗੇ ਪਰ ਜੇਕਰ ਸਰਕਾਰ ਨੇ ਸਾਡੀ ਸਮੱਸਿਆ ਦਾ ਫਿਰ ਵੀ ਕੋਈ ਹੱਲ ਨਾ ਕੀਤਾ ਤਾਂ ਉਨ੍ਹਾਂ ਦੀ ਜਥੇਬੰਦੀ ਨੂੰ ਆਤਮ-ਹੱਤਿਆ ਦਾ ਰਾਹ ਅਪਣਾਉਣਾ ਪਵੇਗਾ, ਜਿਸ ਦੀ ਸਿੱਧੇ ਤੌਰ ’ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਤੋਂ ਭਾਰਤੀ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਦੀ ਸੂਬਾ ਮੀਤ ਪ੍ਰਧਾਨ ਸੁਮੀਤ ਕੌਰ ਬਾਦਲ ਨੇ ਕਿਹਾ ਕਿ ਹੋਮਗਾਰਡ ਵਾਰਸ ਯੂਨੀਅਨ ਪੰਜਾਬ ਨੂੰ ਅਸੀਂ ਬਿਨਾਂ ਸ਼ਰਤ ਆਪਣਾ ਸਮਰਥਨ ਦਿੰਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਤਕ ਇਨ੍ਹਾਂ ਨੂੰ ਆਪਣੇ ਹੱਕ ਨਹੀਂ ਮਿਲਦੇ ਉਦੋਂ ਤਕ ਅਸੀਂ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਹੈਰੋਇਨ ਮਾਮਲਾ, ਜੰਮੂ-ਕਸ਼ਮੀਰ ਤੋਂ ਬਰਾਮਦ ਹੋਈ 29.50 ਲੱਖ ਰੁਪਏ ਦੀ ਡਰੱਗ ਮਨੀ
NEXT STORY