ਹੁਸ਼ਿਆਰਪੁਰ (ਜਸਵਿੰਦਰਜੀਤ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਚੋਣਾਂ ਨੇਡ਼ੇ ਆਉਂਦੀਆਂ ਦੇਖ ਵੋਟਰਾਂ ਨੂੰ ਭਰਮਾਉਣ ਲਈ ਕਈ ਤਰ੍ਹਾਂ ਦੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ, ਜਦਕਿ ਚੋਣਾਂ ਦੌਰਾਨ ਕੀਤੇ ਵਾਅਦੇ ਵੀ ਪੂਰੇ ਨਹੀਂ ਕੀਤੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਹੁਜਨ ਸਮਾਜ ਪਾਰਟੀ ਪੰਜਾਬ ਜ਼ੋਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਜ਼ਿਲਾ ਪ੍ਰਧਾਨ ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਕਿਸਾਨ, ਮਜ਼ਦੂਰ, ਛੋਟਾ ਵਪਾਰੀ, ਮੁਲਾਜ਼ਮ ਤੇ ਹਰ ਵਰਗ ਦੁਖੀ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾਡ਼ੀ, ਮਿੱਡ-ਡੇ ਮੀਲ, ਆਸ਼ਾ ਵਰਕਰਜ਼, ਠੇਕੇ ’ਤੇ ਰੱਖੇ ਕੱਚੇ ਮੁਲਾਜ਼ਮ ਸਾਰੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਸਡ਼ਕਾਂ ’ਤੇ ਧਰਨੇ ਮੁਜ਼ਾਹਰੇ ਕਰ ਰਹੇ ਹਨ। ਚੋਣਾਂ ਵੇਲੇ ਕੀਤੇ ਵਾਅਦੇ ਘਰ-ਘਰ ਨੌਕਰੀ, ਬੁਢਾਪਾ ਪੈਨਸ਼ਨ ਵਿਚ ਵਾਧਾ, ਸ਼ਗਨ ਸਕੀਮ 15 ਤੋਂ 31 ਹਜ਼ਾਰ ਕਰਨ, ਸਮਾਰਟ ਫੋਨ ਵਰਗੇ ਅਨੇਕਾਂ ਵਾਅਦੇ ਕੇਂਦਰ ਦੀ ਮੋਦੀ ਸਰਕਾਰ ਵਾਂਗ ਜੁਮਲੇ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਤਾਂ ਗਰੀਬਾਂ ਲਈ ਆਟਾ-ਦਾਲ ਸਕੀਮ ਵੀ ਖਤਮ ਕਰ ਦਿੱਤੀ ਹੈ। ਬਸਪਾ ਆਗੂਆਂ ਨੇ ਕਿਹਾ ਕਿ ਮਹਿੰਗਾਈ, ਬੇਰੋਜ਼ਗਾਰੀ ਨੇ ਗਰੀਬ ਦਾ ਜਿਊਣਾ ਮੁਸ਼ਕਲ ਕਰ ਦਿੱਤਾ ਹੈ। ਜੇਕਰ ਕੇਂਦਰ ਵਿਚ ਬਸਪਾ ਸਰਕਾਰ ਬਣਦੀ ਹੈ ਤਾਂ ਜਿਸ ਤਰ੍ਹਾਂ ਕੁਮਾਰੀ ਮਾਇਆਵਤੀ ਦੇ ਚਾਰ ਵਾਰ ਮੁੱਖ ਮੰਤਰੀ ਬਣਨ ’ਤੇ ਸਾਰੇ ਵਰਗਾਂ ਨੂੰ ਵਿਕਾਸ ਕਰਨ ਦਾ ਮੌਕਾ ਮਿਲਿਆ ਸੀ, ਇਸੇ ਤਰ੍ਹਾਂ ਪੂਰੇ ਦੇਸ਼ ਅੰਦਰ ਹਰ ਵਰਗ ਦੀ ਤਰੱਕੀ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜਨਤਾ ਭਾਜਪਾ ਅਤੇ ਕਾਂਗਰਸ ਦੀਆਂ ਜੁਮਲੇਬਾਜ਼ੀਆਂ ਤੋਂ ਅੱਕ ਚੁੱਕੀ ਹੈ ਅਤੇ ਇਨ੍ਹਾਂ ਦੇ ਬਦਲ ਲਈ ਬਸਪਾ ਦਾ ਸਾਥ ਦੇਵੇਗੀ। ਫੋਟੋ
ਏਕਤਾ ਪਾਰਟੀ ਵੱਲੋਂ ਖੈਰਾਬਾਦ ਦਸੂਹਾ ਵਿਖੇ ਸਮਾਗਮ ਅੱਜ
NEXT STORY