ਮੌੜ ਮੰਡੀ (ਪ੍ਰਵੀਨ)— 'ਪੰਜਾਬ ਦੇ ਦੋ ਵੱਡੇ ਸਿਆਸੀ ਪਰਿਵਾਰਾਂ ਦਾ ਅੰਦਰ ਖਾਤੇ ਰਲੇਵਾ ਹੋ ਜਾਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ, ਜਿਸ ਦੇ ਰੋਸ ਵਜੋਂ ਐੱਚ.ਐੱਸ. ਫੂਲਕਾ ਵਿਧਾਇਕ ਹਲਕਾ ਦਾਖਾ ਵਲੋਂ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਕੈਪਟਨ ਸਰਕਾਰ ਦੇ ਮੱਥੇ 'ਤੇ ਕਲੰਕ ਹੈ, ਜੋ ਇਤਿਹਾਸ ਦੇ ਪੰਨਿਆ 'ਚ ਦਰਜ ਹੋਵੇਗਾ।' ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਮੌੜ ਤੋਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਦੋਵੇਂ ਵੱਡੇ ਸਿਆਸੀ ਪਰਿਵਾਰਾਂ ਦੇ ਆਪਸ 'ਚ ਮਿਲ ਜਾਣ ਕਾਰਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਅਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਰਹੀਆਂ, ਉਥੇ ਹੀ ਪੰਜਾਬ ਦੀ ਜਨਤਾ ਨੂੰ ਕਿਤੇ ਵੀ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਵਿਧਾਇਕ ਐੱਚ.ਐੱਸ.ਫੂਲਕਾ ਵਲੋਂ ਦਿੱਤਾ ਅਸਤੀਫ਼ਾ ਇਤਿਹਾਸ ਦੇ ਪੰਨਿਆਂ 'ਚ ਦਰਜ ਹੋਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਕੈਪਟਨ ਅਮਰਿੰਦਰ ਸਿੰਘ ਨੂੰ ਲਾਹਨਤਾਂ ਪਾਉਣਗੀਆਂ, ਕਿਉਂਕਿ ਮੁੱਖ ਮੰਤਰੀ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਥਾਂ ਉਨ੍ਹਾਂ ਦਾ ਹੀ ਪੱਖ ਪੂਰਿਆ ਜਾ ਰਿਹਾ ਹੈ। ਵਿਧਾਨ ਸਭਾ ਦੇ ਸੈਸ਼ਨ ਦੌਰਾਨ ਕੈਪਟਨ ਸਰਕਾਰ ਦੇ ਮੰਤਰੀਆਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਮੁੱਖ ਮੰਤਰੀ ਅੱਗੇ ਝੋਲੀਆਂ ਅੱਡੀਆਂ ਸਨ ਪਰ ਮੁੱਖ ਮੰਤਰੀ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕ ਰਹੀ, ਸਗੋਂ ਦੋਸ਼ੀਆਂ ਨੂੰ ਬਚਾਉਣ ਲਈ ਪੂਰਾ ਦਿਮਾਗ ਚਲਾਇਆ ਜਾ ਰਿਹਾ ਹੈ। ਐੱਚ.ਐੱਸ.ਫੂਲਕਾ ਨੇ ਅਸਤੀਫ਼ਾ ਦੇ ਕੇ ਪੰਜਾਬ ਦੀ ਜਨਤਾ ਨੂੰ ਦੱਸ ਦਿੱਤਾ ਹੈ ਕਿ ਕੈਪਟਨ ਸਰਕਾਰ ਤੋਂ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ ਕਿਉਂਕਿ ਪੰਜਾਬ ਦੇ ਦੋਵੇਂ ਵੱਡੇ ਸਿਆਸੀ ਪਰਿਵਾਰ ਆਪਸ ਵਿਚ ਘਿਓ -ਖਿਚੜੀ ਹੋ ਚੁੱਕੇ ਹਨ। ਉਨ੍ਹਾਂ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੋਵਾਂ ਰਿਵਾਇਤੀ ਪਾਰਟੀਆਂ ਦਾ ਸਾਥ ਛੱਡ ਕੇ ਇਨਸਾਫ ਪਸੰਦ ਲੀਡਰਾਂ ਦਾ ਸਾਥ ਦੇਣ, ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾ ਸਕਣ ਅਤੇ ਅੱਗੇ ਤੋਂ ਜਨਤਾ ਨੂੰ ਇਨਸਾਫ਼ ਮਿਲਣਾ ਸ਼ੁਰੂ ਹੋਵੇ।
ਪੰਜਾਬ ਸਰਕਾਰ ਖਿਲਾਫ ਹਾਈਕੋਰਟ ਜਾਣਗੇ ਕਿਸਾਨ
NEXT STORY