ਨੈਸ਼ਨਲ ਡੈਸਕ- 26 ਸੂਬਾ ਪ੍ਰਧਾਨਾਂ ਦੀ ਨਿਯੁਕਤੀ ਦੇ ਨਾਲ ਭਾਜਪਾ ਨੇ ਆਪਣੇ ਨਵੇਂ ਰਾਸ਼ਟਰੀ ਪ੍ਰਧਾਨ ਦੀ ਚੋਣ ਦੀ ਪ੍ਰਮੁੱਖ ਲੋੜ ਨੂੰ ਪੂਰਾ ਕਰ ਲਿਅਾ ਹੈ। ਅੰਕੜਿਆਂ ਤੋਂ ਪਰ੍ਹੇ ਨਿਯੁਕਤੀਆਂ ਇਕ ਸਪੱਸ਼ਟ ਰੁਝਾਨ ਨੂੰ ਉਜਾਗਰ ਕਰਦੀਆਂ ਹਨ-ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਸੰਗਠਨਾਤਮਕ ਫੈਸਲੇ ਲੈਣ ਦੀ ਕਮਾਨ ਮਜ਼ਬੂਤੀ ਨਾਲ ਸੰਭਾਲ ਰਿਹਾ ਹੈ। ਵਧੇਰੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਜਾਂ ਤਾਂ ਲੰਬੇ ਸਮੇਂ ਤੋਂ ਆਰ. ਐੱਸ. ਐੱਸ. ਪ੍ਰਚਾਰਕ ਹਨ ਜਾਂ ਉਨ੍ਹਾਂ ਨੇ ਏ. ਬੀ. ਵੀ. ਪੀ. ਵਰਗੇ ਸੰਘ ਨਾਲ ਜੁੜੇ ਸੰਗਠਨਾਂ ਰਾਹੀਂ ਆਪਣੇ ਸਿਅਾਸੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ।
ਮਹਾਰਾਸ਼ਟਰ ’ਚ ਰਵਿੰਦਰ ਚਵਾਨ, ਮੱਧ ਪ੍ਰਦੇਸ਼ ’ਚ ਹੇਮੰਤ ਖੰਡੇਲਵਾਲ ਅਤੇ ਬੰਗਾਲ ’ਚ ਸਮਿਕ ਭੱਟਾਚਾਰੀਆ (ਸਾਰੇ ਘੱਟ-ਪ੍ਰੋਫਾਈਲ, ਵਫ਼ਾਦਾਰ ਆਰ. ਐੱਸ. ਐੱਸ. ਦੇ ਲੋਕ) ਬਿਨਾਂ ਵਿਰੋਧ ਚੁਣੇ ਗਏ। ਆਂਧਰਾ ਅਤੇ ਤੇਲੰਗਾਨਾ ’ਚ ਸਾਬਕਾ ਐੱਮ. ਐੱਲ. ਸੀ. ਪੀ. ਵੀ. ਐੱਨ. ਮਾਧਵ ਅਤੇ ਐੱਨ. ਰਾਮਚੰਦਰ ਰਾਵ, ਜੋ ਕਿ ਆਰ. ਐੱਸ. ਐੱਸ. ਦੇ ਪੁਰਾਣੇ ਮੈਂਬਰ ਵੀ ਹਨ, ਨੂੰ ਵਿਚਾਰਧਾਰਕ ਸਥਿਰਤਾ ਦੇ ਪੱਖ ’ਚ ਜਾਤੀਗਤ ਦ੍ਰਿਸ਼ਟੀਕੋਣ ਨੂੰ ਨਜ਼ਰਅੰਦਾਜ਼ ਕਰਦੇ ਹੋਏ ਹਾਈ-ਪ੍ਰੋਫਾਈਲ ਦਾਅਵੇਦਾਰਾਂ ਦੇ ਮੁਕਾਬਲੇ ਚੁਣਿਆ ਗਿਆ।
ਇਹ ਪੈਟਰਨ ਸਪੱਸ਼ਟ ਹੈ। ਹਿਮਾਚਲ ਪ੍ਰਦੇਸ਼, ਤੇਲੰਗਾਨਾ ਅਤੇ ਪੱਛਮੀ ਬੰਗਾਲ ਵਰਗੇ ਪ੍ਰਮੁੱਖ ਸੂਬਿਆਂ ’ਚ ਧੜੇਬੰਦੀ ਕਲੇਸ਼ ਨੂੰ ਰੋਕਣ ਲਈ ਭਾਜਪਾ ਨੇ ਸੰਘ ਵੱਲ ਰੁਖ਼ ਕੀਤਾ। ਆਰ. ਐੱਸ. ਐੱਸ. ਦੀ ਚੋਣ ਨੇ ਆਰਜ਼ੀ ਤੌਰ ’ਤੇ ਵਿਰੋਧੀ ਧੜਿਆਂ ਨੂੰ ਚੁੱਪ ਕਰਵਾ ਦਿੱਤਾ ਹੈ-ਸੰਘ ਦੀ ਮੋਹਰ ਵਾਲੇ ਫੈਸਲਿਆਂ ਨੂੰ ਸ਼ਾਇਦ ਹੀ ਕੋਈ ਚੁਣੌਤੀ ਦੇਵੇ। ਸੂਬਾ ਇਕਾਈਆਂ ’ਚ ਆਰ. ਐੱਸ. ਐੱਸ. ਦੇ ਅਧਿਕਾਰ ਦੀ ਇਸ ਮੁੜ ਪੁਸ਼ਟੀ ਨੂੰ ਅਗਲੇ ਭਾਜਪਾ ਰਾਸ਼ਟਰੀ ਪ੍ਰਧਾਨ ਦੀ ਚੋਣ ਦੇ ਅਗਰਦੂਤ ਵਜੋਂ ਦੇਖਿਆ ਜਾ ਰਿਹਾ ਹੈ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਵਾਨਗੀ ਫੈਸਲਾਕੁੰਨ ਹੋਵੇਗੀ ਪਰ ਨਵਾਂ ਪ੍ਰਧਾਨ ਲਗਭਗ ਨਿਸ਼ਚਿਤ ਤੌਰ ’ਤੇ ਸੰਘ ਦੀਆਂ ਜੜ੍ਹਾਂ ਵਾਲਾ ਕੋਈ ਵਿਅਕਤੀ ਹੋਵੇਗਾ। ਜੇ. ਪੀ. ਨੱਡਾ ਦਾ ਕਾਰਜਕਾਲ ਖਤਮ ਹੋਣ ਦੇ ਨਾਲ ਪਾਰਟੀ ਇਕ ਅਜਿਹੇ ਪ੍ਰਧਾਨ ਨੂੰ ਨਿਯੁਕਤ ਕਰਨ ਦੀ ਚਾਹਵਾਨ ਹੈ ਜੋ ਸੰਗਠਨਾਤਮਕ ਅਨੁਸ਼ਾਸਨ ਦੇ ਨਾਲ ਵਿਚਾਰਧਾਰਕ ਵਫ਼ਾਦਾਰੀ ਨੂੰ ਵੀ ਜੋੜਦਾ ਹੋਵੇ।
ਸੂਬਿਆਂ ’ਚ ਆਰ. ਐੱਸ. ਐੱਸ. ਵੱਲੋਂ ਰੱਖੀ ਗਈ ਨੀਂਹ ਤੋਂ ਪਤਾ ਲੱਗਦਾ ਹੈ ਕਿ ਰਾਸ਼ਟਰੀ ਲੀਡਰਸ਼ਿਪ ਉਸੇ ਸਕ੍ਰਿਪਟ ਦੀ ਪਾਲਣਾ ਕਰੇਗੀ-ਅਨੁਸ਼ਾਸਿਤ, ਵਫ਼ਾਦਾਰ ਅਤੇ ਸੰਘ-ਢਾਲ ਵਾਲਾ। ਰਸਮੀ ਐਲਾਨ ਜਲਦ ਹੀ ਹੋਣ ਦੀ ਉਮੀਦ ਹੈ ਪਰ ਦਿਸ਼ਾ ਪਹਿਲਾਂ ਤੋਂ ਹੀ ਸਪੱਸ਼ਟ ਹੈ : ਭਾਜਪਾ ਦਾ ਅਗਲਾ ਰਾਸ਼ਟਰੀ ਪ੍ਰਧਾਨ ਸੰਘ ਦਾ ਹੀ ਕੋਈ ਵਿਅਕਤੀ ਹੋਵੇਗਾ।
7 ਕਰੋੜ ਲੋਕਾਂ ਲਈ ਖੁਸ਼ਖਬਰੀ, PF ਖਾਤੇ 'ਚ ਆ ਗਿਆ ਵਿਆਜ ਦਾ ਪੈਸਾ, ਇੰਝ ਕਰੋ ਚੈੱਕ
NEXT STORY