ਚੰਡੀਗੜ੍ਹ (ਰਮਨਜੀਤ, ਵਰੁਣ) : ਸੀਨੀਅਰ ਵਕੀਲ ਐੱਚ. ਐੱਸ. ਫੂਲਕਾ ਦਾ ਅਸਤੀਫਾ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਵਲੋਂ ਮਨਜ਼ੂਰ ਕਰ ਲਿਆ ਗਿਆ ਹੈ। ਐੱਚ. ਐੱਸ. ਫੂਲਕਾ ਦਾਖਾਂ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ ਅਤੇ ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ 'ਚ ਵਿਧਾਇਕੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਨੂੰ ਅੱਜ ਸਪੀਕਰ ਵਲੋਂ ਮਨਜ਼ੂਰ ਕਰ ਲਿਆ ਗਿਆ। ਇਸ ਤੋਂ ਬਾਅਦ ਹੁਣ ਫੂਲਕਾ ਪੰਜਾਬ ਵਿਧਾਨ ਸਭਾ ਦਾ ਹਿੱਸਾ ਨਹੀਂ ਰਹੇ ਹਨ।
ਸਪੀਕਰ ਨੂੰ ਲਿਖੀ ਸੀ ਚਿੱਠੀ
ਐੱਚ. ਐੱਸ. ਫੂਲਕਾ ਨੇ ਬੀਤੇ ਦਿਨੀਂ ਸਪੀਕਰ ਨੂੰ ਚਿੱਠੀ ਲਿਖੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਦੇ ਅਸਤੀਫੇ 'ਤੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਉਹ ਸੁਪਰੀਮ ਕੋਰਟ ਦਾ ਰੁਖ ਕਰਨਗੇ। ਬਾਅਦ 'ਚ ਉਨ੍ਹਾਂ ਨੇ ਸਪੀਕਰ ਨਾਲ ਮੁਲਾਕਾਤ ਕਰਕੇ ਅਸਤੀਫਾ ਮਨਜ਼ੂਰ ਕਰਨ ਦੀ ਅਪੀਲ ਵੀ ਕੀਤੀ ਸੀ। ਫੂਲਕਾ ਨੇ ਪਹਿਲਾਂ ਵੀ ਰਾਣਾ ਕੇ. ਪੀ. ਨੂੰ ਲਿਖੀ ਇਕ ਚਿੱਠੀ 'ਚ ਕਿਹਾ ਸੀ ਕਿ ਉਹ ਅਸਤੀਫੇ 'ਤੇ ਦੁਬਾਰਾ ਵਿਚਾਰ ਨਹੀਂ ਕਰਨਗੇ।
ਅਕਤੂਬਰ, 2018 'ਚ ਦਿੱਤਾ ਸੀ ਅਸਤੀਫਾ
ਐੱਚ. ਐੱਸ. ਫੂਲਕਾ ਮਾਰਚ, 2017 'ਚ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਬਣੇ ਸੀ ਪਰ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੇ ਇਸ ਅਹੁਦੇ ਤੋਂ ਇਹ ਕਹਿੰਦੇ ਹੋਏ ਅਸਤੀਫਾ ਦੇ ਦਿੱਤਾ ਸੀ ਕਿ ਉਹ 1984 ਦੇ ਕੇਸ 'ਤੇ ਫੋਕਸ ਕਰਨਾ ਚਾਹੁੰਦੇ ਹਨ। ਫੂਲਕਾ ਨੇ ਸਾਲ 2015 'ਚ ਸੂਬੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਸ਼ਾਮਲ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਵੀ ਅਸਤੀਫਾ ਦਿੱਤਾ ਸੀ। ਸਪੀਕਰ ਨੂੰ ਲਿਖੀ ਚਿੱਠੀ 'ਚ ਫੂਲਕਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਕਾਨੂੰਨੀ ਤੌਰ 'ਤੇ ਅਕਤਬੂਰ, 2018 'ਚ ਅਸਤੀਫਾ ਸੌਂਪਿਆ ਸੀ।
ਟੀਟੂ ਬਾਣੀਏ ਨੇ ਵੀ ਕੀਤਾ ਸੀ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਇਜਲਾਸ ਸ਼ੁਰੂ ਹੁੰਦੇ ਹੀ ਟੀਟੂ ਬਾਣੀਆ ਨਾਂ ਦੇ ਨੌਜਵਾਨ ਨੇ ਵੀ ਪ੍ਰਦਰਸ਼ਨ ਕਰਦੇ ਹੋਏ ਫੂਲਕਾ ਦਾ ਅਸਤੀਫਾ ਮਨਜ਼ੂਰ ਕਰਨ ਦੀ ਮੰਗ ਕੀਤੀ ਸੀ। ਟੀਟੂ ਨੇ ਕਿਹਾ ਸੀ ਕਿ ਫੂਲਕਾ ਤੋਂ ਇਲਾਵਾ ਸੁਖਪਾਲ ਖਹਿਰਾ ਅਤੇ ਕੁਝ ਹੋਰ ਵਿਧਾਇਕਾਂ ਨੇ ਅਸਤੀਫਾ ਦਿੱਤਾ ਹੋਇਆ ਹੈ ਪਰ ਸਪੀਕਰ ਮਨਜ਼ੂਰ ਨਹੀਂ ਕਰ ਰਹੇ, ਜੋ ਕਿ ਕਿਸੇ ਪੱਖੋਂ ਵੀ ਸਹੀ ਨਹੀਂ ਹੈ ਅਤੇ ਇਹ ਮੈਂਬਰ ਤਨਖਾਹ ਅਤੇ ਭੱਤਿਆਂ ਦੇ ਰੂਪ 'ਚ ਸਰਕਾਰ ਤੋਂ ਲੱਖਾਂ ਰੁਪਿਆ ਵਸੂਲ ਰਹੇ ਹਨ। ਟੀਟੂ ਨੇ ਕਿਹਾ ਸੀ ਕਿ ਸਪੀਕਰ ਚਾਹਵੇ ਤਾਂ ਤੁਰੰਤ ਅਸਤੀਫਾ ਮਨਜ਼ੂਰ ਕਰ ਸਕਦਾ ਹੈ ਤਾਂ ਜੋ ਲੋਕਾਂ ਨੂੰ ਹੋਰ ਪ੍ਰਤੀਨਿਧੀ ਚੁਣਨ ਦਾ ਮੌਕਾ ਮਿਲ ਸਕੇ।
ਪੇਧਨੀ ਕਲਾਂ 'ਚ ਕਿਸਾਨਾਂ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਦਾ ਘਿਰਾਓ
NEXT STORY