ਭਦੌੜ, (ਰਾਕੇਸ਼)- ਕਸਬੇ ਦੀ ਅਨਾਜ ਮੰਡੀ ਵਿਚ ਪਿਛਲੇ 4 ਦਿਨਾਂ ਤੋਂ ਜੀਰੀ ਦੀ ਬੋਲੀ ਨਾ ਲੱਗਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਿਸਾਨਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਕਿਸਾਨ ਜਸਵੀਰ ਸਿੰਘ, ਜੱਗਰ ਸਿੰਘ, ਸੁਰਿੰਦਰ ਸਿੰਘ, ਚਮਕੌਰ ਸਿੰਘ, ਸੌਦਾਗਰ ਸਿੰਘ, ਜੀਤ ਸਿੰਘ, ਅਮਰੀਕ ਸਿੰਘ, ਬਿੰਦਰ ਸਿੰਘ, ਮੋਦਨ ਸਿੰਘ, ਸੁਨੀਲ ਕੁਮਾਰ, ਹਰਨੇਕ ਸਿੰਘ, ਜੱਗਾ ਸਿੰਘ, ਇਕਬਾਲ ਸਿੰਘ, ਸੁਖਦੇਵ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਬਹਾਦਰ ਸਿੰਘ ਨੇ ਕਿਹਾ ਕਿ ਅਨਾਜ ਮੰਡੀ 'ਚ ਜੀਰੀ ਦੇ ਅੰਬਾਰ ਲੱਗੇ ਪਏ ਹਨ ਅਤੇ ਪਿਛਲੇ 4 ਦਿਨਾਂ ਤੋਂ ਬੋਲੀ ਨਾ ਲੱਗਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਸ ਮਸਲੇ ਦਾ ਕੱਲ ਤੱਕ ਕੋਈ ਹੱਲ ਨਾ ਕੀਤਾ ਗਿਆ ਤਾਂ ਉਹ ਆਪਣੀ ਜੀਰੀ ਅੱਗ ਦੇ ਹਵਾਲੇ ਕਰਨ ਲਈ ਮਜਬੂਰ ਹੋਣਗੇ। ਜਦੋਂ ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਬਾਬੂ ਅਜੈ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਨਾਜ ਮੰਡੀ 'ਚ 3 ਦਿਨਾਂ ਤੋਂ ਭਰਾਈ ਬੰਦ ਕੀਤੀ ਹੋਈ ਹੈ ਕਿਉਂਕਿ ਜੋ ਜੀਰੀ ਏਜੰਸੀਆਂ ਵੱਲੋਂ ਪਹਿਲਾਂ ਖਰੀਦੀ ਗਈ ਹੈ, ਉਸ ਦੀ ਪਹਿਲਾਂ ਭਰਾਈ ਕਰਵਾਈ ਜਾਵੇ। ਅਨਾਜ ਮੰਡੀ ਭਦੌੜ ਵਿਚ 20 ਦਿਨਾਂ ਤੋਂ ਜੀਰੀ ਭਰੀ ਪਈ ਹੈ ਜਦੋਂਕਿ ਫਸਲ ਦੀ ਭਰਾਈ ਤੋਂ ਬਾਅਦ 48 ਘੰਟਿਆਂ ਦੇ ਅੰਦਰ-ਅੰਦਰ ਲੋਡਿੰਗ ਹੋ ਜਾਣੀ ਚਾਹੀਦੀ ਹੈ। ਜੋ ਬੋਰੀਆਂ ਭਰੀਆਂ ਹੋਈਆਂ ਹਨ, ਉਹ ਧੁੱਪ ਤੇ ਮੀਂਹ ਨਾਲ ਖਰਾਬ ਹੋ ਜਾਂਦੀਆਂ ਹਨ ਜਾਂ ਫਟ ਜਾਂਦੀਆਂ ਹਨ, ਜਿਸ ਦੀ ਕਟੌਤੀ ਆੜ੍ਹਤੀਆਂ 'ਤੇ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬੋਲੀ ਲੱਗਣੀ ਚਾਹੀਦੀ ਹੈ। ਬੋਲੀ ਸਮੇਂ ਖਰੀਦ ਏਜੰਸੀ ਦਾ ਇੰਸਪੈਕਟਰ ਅਤੇ ਮਾਰਕੀਟ ਕਮੇਟੀ ਦਾ ਅਧਿਕਾਰੀ ਬੋਲੀ ਵਾਲੀ ਢੇਰੀ ਕੋਲ ਜ਼ਰੂਰ ਹਾਜ਼ਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਝੋਨੇ 'ਚ ਤੈਅ ਨਮੀ ਦਾ ਮਾਤਰਾ ਵਧਾਈ ਜਾਵੇ ਤਾਂ ਜੋ ਕਿਸੇ ਵੀ ਆੜ੍ਹਤੀ, ਕਿਸਾਨ ਜਾਂ ਸ਼ੈਲਰ ਵਾਲੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਦੱਸਿਆ ਕਿ ਮੰਡੀ ਸੰਧੂ ਕਲਾਂ, ਨੈਣੇਵਾਲਾ, ਤਲਵੰਡੀ, ਮੱਝੂਕੇ, ਜੰਗੀਆਣਾ ਵਿਚ ਜੀਰੀ ਦੀ ਭਰਾਈ ਬੰਦ ਕਰਵਾ ਦਿੱਤੀ ਹੈ ਤੇ ਕੱਲ ਨੂੰ ਇਸ ਸਬੰਧੀ ਡੀ. ਸੀ. ਬਰਨਾਲਾ ਤੋਂ ਸਮਾਂ ਲਿਆ ਹੈ ਜਿਨ੍ਹਾਂ ਨੂੰ ਮਿਲ ਕੇ ਫਿਰ ਫਸਲ ਦੀ ਭਰਾਈ ਕੀਤੀ ਜਾਵੇਗੀ।
ਕੀ ਕਹਿੰਦੇ ਨੇ ਮਾਰਕੀਟ ਕਮੇਟੀ ਦੇ ਸੈਕਟਰੀ : ਜਦੋਂ ਇਸ ਸਬੰਧੀ ਮਾਰਕੀਟ ਕਮੇਟੀ ਭਦੌੜ ਦੇ ਸੈਕਟਰੀ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅੱਜ ਅਸੀਂ ਆੜ੍ਹਤੀਆਂ ਅਤੇ ਸ਼ੈਲਰ ਐਸੋਸੀਏਸ਼ਨ ਦੀ ਮੀਟਿੰਗ ਰੱਖੀ ਹੈ ਅਤੇ ਇਸ ਮਸਲੇ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਨਾਜ ਮੰਡੀ ਭਦੌੜ ਵਿਚ ਕੰਮ ਚੱਲ ਰਿਹਾ ਹੈ। ਜੀਰੀ ਸਿੱਲ੍ਹੀ ਹੋਣ ਕਾਰਨ ਥੋੜ੍ਹੀ ਪ੍ਰੇਸ਼ਾਨੀ ਆਈ ਸੀ। ਆੜ੍ਹਤੀਆਂ ਵੱਲੋਂ ਤੈਅ ਮਾਪਦੰਡ ਅਨੁਸਾਰ ਜੀਰੀ ਭਰੀ ਜਾ ਰਹੀ ਹੈ। ਸ਼ੈਲਰਾਂ ਵਾਲਿਆਂ ਵੱਲੋਂ ਫਸਲ ਨੂੰ ਚੈੱਕ ਕੀਤਾ ਜਾਂਦਾ ਹੈ ਤੇ ਜ਼ਿਆਦਾ ਸਿੱਲ੍ਹ ਹੋਣ ਕਾਰਨ ਲਹਾਉਣ ਤੋਂ ਨਾਂਹ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਆੜ੍ਹਤੀ, ਕਿਸਾਨ ਜਾਂ ਸ਼ੈਲਰ ਵਾਲੇ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਡੀ. ਸੀ. ਦੇ ਹੁਕਮਾਂ ਦੀਆਂ ਧੱਜੀਆਂ
NEXT STORY