ਸ੍ਰੀ ਕੀਰਤਪੁਰ ਸਾਹਿਬ (ਬਾਲੀ)-ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਅਤੇ ਇਸ ਦੇ ਨਾਲ ਲੱਗਦੇ ਇਲਾਕੇ ਵਿੱਚ ਮਿਲੀ ਭੁਗਤ ਨਾਲ ਪਿਛਲੇ ਸਮੇਂ ਤੋਂ ਚੱਲ ਰਿਹਾ ਨਾਜਾਇਜ਼ ਦੜੇ ਸੱਟੇ ਦਾ ਕੰਮ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਦੜੇ ਸੱਟੇ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਵੱਲੋਂ ਖੋਖਿਆਂ ਅਤੇ ਦੁਕਾਨਾਂ ਵਿੱਚ ਡੇਲੀ ਲਾਟਰੀ ਦੇ ਨਾਮ 'ਤੇ ਕਾਊਂਟਰ ਲਗਾ ਕੇ ਦੜੇ ਸੱਟੇ ਦੇ ਨੰਬਰ ਨੋਟ ਕੀਤੇ ਜਾਂਦੇ ਸਨ, ਜਿਸ ਬਾਰੇ ਪਤਾ ਲੱਗਣ ਤੋਂ ਬਾਅਦ ਪੱਤਰਕਾਰਾਂ ਵੱਲੋਂ ਪ੍ਰਿੰਟ ਮੀਡੀਆ ਵਿੱਚ ਇਸ ਸਬੰਧੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਜਿਸ ਤੋਂ ਬਾਅਦ ਬੇਸ਼ੱਕ ਲਾਟਰੀ ਦੇ ਨਾਮ ਉੱਪਰ ਖੁੱਲ੍ਹੇ ਕਾਊਂਟਰ ਤਾਂ ਬੰਦ ਹੋ ਗਏ ਪਰ ਦੜੇ ਸੱਟੇ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਵੱਲੋਂ ਦੁਕਾਨਾਂ ਅਤੇ ਖੋਖਿਆਂ ਵਿੱਚ ਬੈਠਣ ਦੀ ਬਜਾਏ ਵੱਖ-ਵੱਖ ਥਾਵਾਂ 'ਤੇ ਆਪਣੇ ਕਰਿੰਦੇ ਛੱਡ ਕੇ ਚਲਦੇ ਫਿਰਦੇ ਹੋਏ, ਚੋਰੀ ਛਿਪੇ ਮੋਬਾਇਲ ਦੇ ਜ਼ਰੀਏ ਇਹ ਗੋਰਖ ਧੰਦਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਗੈਰ-ਕਾਨੂੰਨੀ ਏਜੰਟਾਂ ਦੇ ਅੰਕੜੇ ਕਰਨਗੇ ਹੈਰਾਨ, ਹੁਣ ਹੋਵੇਗੀ ਵੱਡੀ ਕਾਰਵਾਈ
ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਸ੍ਰੀ ਕੀਰਤਪੁਰ ਸਾਹਿਬ ਅੰਬ ਵਾਲਾ ਚੌਂਕ, ਪਿੰਡ ਨੱਕੀਆਂ, ਕੋਟਲਾ, ਦੇਹਣੀ ਬਘੇਰੀ ਸੀਮਿੰਟ ਫੈਕਟਰੀ ਦੇ ਨਾਲ, ਬੂੰਗਾ ਸਾਹਿਬ, ਭਰਤਗੜ੍ਹ ਵਿਖੇ ਕਈ ਵਿਅਕਤੀ ਜੋਕਿ ਪ੍ਰਤੀ ਮਹੀਨਾ ਤਨਖ਼ਾਹ 'ਤੇ ਅਤੇ ਕਮਿਸ਼ਨ ਉੱਪਰ ਕੰਮ ਕਰ ਰਹੇ ਹਨ, ਵੱਲੋਂ ਮੋਬਾਇਲ ਅਤੇ ਵਟਸਐਪ 'ਤੇ ਦੜੇ ਸੱਟੇ ਦੀ ਪਰਚੀ ਇਕੱਠੀ ਕੀਤੀ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਇਸ ਸਮੇਂ ਸ੍ਰੀ ਕੀਰਤਪੁਰ ਸਾਹਿਬ ਇਲਾਕੇ ਵਿੱਚ 7 ਦੇ ਕਰੀਬ ਵਿਅਕਤੀਆਂ ਵੱਲੋਂ ਦੜੇ ਸੱਟੇ ਦੀ ਪਰਚੀ ਦਾ ਨੰਬਰ ਲਿਖਿਆ ਜਾ ਰਿਹਾ ਹੈ। ਇਨ੍ਹਾਂ ਪਾਸ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਮੋਬਾਇਲ ਦੇ ਜ਼ਰੀਏ ਲੋਕਾਂ ਵੱਲੋਂ ਵੱਖ-ਵੱਖ ਗੇਮਾਂ 'ਤੇ ਵੱਖ-ਵੱਖ ਨੰਬਰਾਂ ਲਿਖਵਾਏ ਜਾਂਦੇ ਹਨ, ਇਨ੍ਹਾਂ ਕਰਿੰਦਿਆਂ ਵੱਲੋਂ ਅੱਗੇ ਇਹ ਨੰਬਰ ਸ੍ਰੀ ਅਨੰਦਪੁਰ ਸਾਹਿਬ ਦੀ ਇਕ ਬੈਂਕ ਦੇ ਸਾਹਮਣੇ ਸੜਕ ਤੋਂ ਪਾਰ ਇੱਕ ਢਾਬੇ ਵਿੱਚ ਖੁੱਲ੍ਹੇ ਕਾਊਂਟਰ 'ਤੇ ਲਿਖਵਾ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡੇ ਅਫ਼ਸਰਾਂ 'ਤੇ ਡਿੱਗ ਸਕਦੀ ਹੈ ਗਾਜ, ਕਈ ਸਰਕਾਰੀ ਬਾਬੂਆਂ ਦੀ ਹੋ ਸਕਦੀ ਛੁੱਟੀ
ਸੂਤਰਾਂ ਨੇ ਦੱਸਿਆ ਕਿ ਅਗਰ ਕਿਸੇ ਵਿਅਕਤੀ ਦਾ ਸੱਟੇ ਦਾ ਨੰਬਰ ਆ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਸੱਟੇ ਦੀ ਪਰਚੀ ਇਕੱਠੀ ਕਰਨ ਵਾਲੇ ਵਿਅਕਤੀ 1 ਨੰਬਰ ਤੋਂ ਲੈ ਕੇ 9 ਅੱਖਰ ਤਕ 1 ਰੁਪਏ ਦੇ 9 ਰੁਪਏ ਅਦਾਇਗੀ ਕਰਦੇ ਹਨ। ਜਦਕਿ 10 ਤੋਂ 99 ਅੱਖਰ ਤੱਕ ਦੇ ਨੰਬਰਾਂ ਦੇ 8.50 ਰੁਪਏ ਅਦਾ ਕਰਦੇ ਹਨ, ਜਿਸ ਦਾ ਮਤਲਬ ਇਕ ਨੰਬਰ ਤੋਂ 9 ਨੰਬਰ ਤੱਕ ਕੋਈ ਵੀ ਨੰਬਰ ਆਉਣ 'ਤੇ 10 ਰੁਪਏ ਦਾ ਸੱਟਾ ਲਗਾਉਣ ਵਾਲੇ ਵਿਅਕਤੀ ਨੂੰ 900 ਰੁਪਏ ਅਤੇ 10 ਤੋਂ 99 ਤੱਕ ਕੋਈ ਵੀ ਨੰਬਰ ਲਗਾਉਣ ਅਤੇ 10 ਰੁਪਏ ਦੇ 850 ਰੁਪਏ ਦਿੱਤੇ ਜਾਂਦੇ ਹਨ। ਦੜੇ ਸੱਟੇ ਦੇ ਵਿੱਚ ਜ਼ਿਆਦਾਤਰ ਗਰੀਬ ਲੋਕ ਜਾਂ ਮੱਧ ਵਰਗ ਦੇ ਲੋਕ ਹੀ ਫਸੇ ਹੋਏ ਹਨ, ਉਹ ਸੋਚਦੇ ਹਨ ਕਿ ਦੜਾ ਸੱਟਾ ਲਗਾਉਣ ਨਾਲ ਉਹ ਰਾਤੋ-ਰਾਤ ਅਮੀਰ ਹੋ ਸਕਦੇ ਹਨ। ਜੇਕਰ ਕੋਈ ਵੀ ਵਿਅਕਤੀ ਜੇਕਰ ਦੜਾ ਸੱਟਾ ਲਗਾਉਣ ਦੀ ਦਲਦਲ ਵਿੱਚ ਇਕ ਵਾਰ ਫਸ ਜਾਂਦਾ ਹੈ, ਫਿਰ ਉਸ ਦਾ ਇਸ ਦਲਦਲ ਵਿੱਚੋਂ ਬਾਹਰ ਨਿਕਲਣਾ ਬਹੁਤ ਹੀ ਔਖਾ ਹੋ ਜਾਂਦਾ ਹੈ, ਉਸ ਵਿਅਕਤੀ ਦਾ ਹੌਲੀ-ਹੌਲੀ ਘਰ ਅਤੇ ਜ਼ਮੀਨ ਤੱਕ ਵਿਕ ਜਾਂਦੀ ਹੈ। ਸ਼ਹਿਰ ਦੇ ਲੋਕਾਂ ਨੇ ਜ਼ਿਲ੍ਹਾ ਪੁਲਸ ਮੁਖੀ ਰੂਪਨਗਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਚੱਲ ਰਹੇ ਦੜੇ ਸੱਟੇ ਦੇ ਕਾਰੋਬਾਰ ਨੂੰ ਸਖ਼ਤੀ ਨਾਲ ਬੰਦ ਕੀਤਾ ਜਾਵੇ। ਖਾਲਸੇ ਦੀ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਦੜੇ ਸੱਟੇ ਦਾ ਮੁੱਖ ਕਾਊਂਟਰ ਚੱਲ ਰਿਹਾ ਹੈ, ਉਸ ਨੂੰ ਵੀ ਬੰਦ ਕਰਵਾਇਆ ਜਾਵੇ।
ਕੀ ਕਹਿਣਾ ਹੈ ਇਸ ਬਾਰੇ ਥਾਣਾ ਮੁਖੀ ਦਾ
ਇਸ ਬਾਰੇ ਜਦੋਂ ਪੁਲਸ ਸਟੇਸ਼ਨ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ. ਐੱਚ. ਓ. ਇੰਸਪੈਕਟਰ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਇਹ ਗੋਰਖ ਧੰਦਾ ਕਰ ਰਹੇ ਹਨ, ਉਸ ਬਾਰੇ ਲੋਕਾਂ ਨੂੰ ਵੀ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਅਕਤੀ ਮੋਬਾਇਲ ਉੱਪਰ ਦੜੇ ਸੱਟੇ ਦੀ ਪਰਚੀ ਇਕੱਠੀ ਕਰਦੇ ਹਨ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਰਾਤੋ-ਰਾਤ ਮਾਲਾਮਾਲ ਹੋ ਗਏ ਪੰਜਾਬੀ, ਜਾਗੀ ਕਿਸਮਤ ਤੇ ਬਣੇ ਕਰੋੜਪਤੀ, ਪੂਰੀ ਖ਼ਬਰ 'ਚ ਪੜ੍ਹੋ ਵੇਰਵੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪ੍ਰੀਖਿਆਵਾਂ ਦੇ ਮੱਦੇਨਜ਼ਰ ਧਾਰਮਿਕ ਅਸਥਾਨਾਂ 'ਤੇ ਉੱਚੀ ਅਵਾਜ਼ 'ਚ ਸਪੀਕਰ ਨਾ ਲਗਾਉਣ ਦੀ ਅਪੀਲ
NEXT STORY