ਸਮਰਾਲਾ, (ਗਰਗ)- ਸਥਾਨਕ ਪੁਲਸ ਵਲੋਂ ਨਸ਼ਿਆਂ ਦੀ ਸਮੱਗਲਿੰਗ ਰੋਕਣ ਲਈ ਵਿੱਢੀ ਮੁਹਿੰਮ ਨੂੰ ਉਦੋਂ ਤਕੜਾ ਹੁੰਗਾਰਾ ਮਿਲਿਆ, ਜਦੋਂ ਸੂਆ ਪੁਲੀ ਬਹਿਲੋਲਪੁਰ ਰੋਡ ਤੋਂ ਇਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲੈਣ ਉਪਰੰਤ 600 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਕੀਤੀਆਂ ਗਈਆਂ। ਫੜੇ ਗਏ ਮੁਲਜ਼ਮਾਂ ਦੀ ਪਛਾਣ ਪਵਨ ਕੁਮਾਰ ਉਰਫ ਪੰਮਾ ਵਾਸੀ ਪਿੰਡ ਸਾਰੰਗਵਾਲ, ਲਖਵੀਰ ਸਿੰਘ ਉਰਫ ਲੱਖਾ ਵਾਸੀ ਘਬਾੜ ਕਲਾਂ ਤੇ ਦੀਸ਼ਾ ਮੁਹੱਲਾ ਗੋਬਿੰਦ ਨਗਰ ਸ਼ਾਹਕੋਟ ਵਜੋਂ ਹੋਈ ਹੈ।
ਐੱਸ. ਐੱਚ. ਓ. ਸਮਰਾਲਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਤਰਵਿੰਦਰ ਕੁਮਾਰ ਬੇਦੀ ਦੀ ਅਗਵਾਈ ਵਿਚ ਪੁਲਸ ਪਾਰਟੀ ਵਲੋਂ ਮਾਛੀਵਾੜਾ ਰੋਡ 'ਤੇ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਤਲਾਸ਼ੀ ਲਈ ਜਾ ਰਹੀ ਸੀ ਤਾਂ ਮੁਖਬਰ ਖਾਸ ਦੀ ਇਤਲਾਹ 'ਤੇ ਖਮਾਣੋਂ ਸਾਈਡ ਤੋਂ ਪਿੰਡ ਬੌਂਦਲੀ ਸੂਏ ਦੀ ਪੱਟੜੀ ਰਾਹੀਂ ਆ ਰਹੇ ਇਕ ਕੈਂਟਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਫੜੀ ਗਈ ਨਾਜਾਇਜ਼ ਸ਼ਰਾਬ 'ਤੇ ਮਾਰਕਾ ਅੰਗਰੇਜੀ ਵ੍ਹਿਸਕੀ ਲੱਗਿਆ ਹੋਇਆ ਹੈ, ਜੋ ਕਿ ਮੁਲਜ਼ਮਾਂ ਨੇ ਰਾਜਪੁਰਾ ਜ਼ਿਲਾ ਪਟਿਆਲਾ ਤੋਂ ਲਿਆਂਦੀ ਸੀ ਤੇ ਆਪਣੇ ਇਲਾਕੇ ਵਿਚ ਮਹਿੰਗੇ ਭਾਅ ਵਿਚ ਵੇਚਣੀ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੂੰ ਭਲਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਖਰੜ, (ਅਮਰਦੀਪ, ਸ਼ਸ਼ੀ)–ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸਿਟੀ ਪੁਲਸ ਚੌਕੀ ਸੰਨੀ ਇਨਕਲੇਵ ਖਰੜ ਵਲੋਂ ਇਕ ਟਰੱਕ ਵਿਚ ਲਿਜਾਈ ਜਾ ਰਹੀ 200 ਪੇਟੀਆਂ ਨਾਜਾਇਜ਼ ਸ਼ਰਾਬ ਫੜੀ ਗਈ ਹੈ।
ਡੀ. ਐੱਸ. ਪੀ. ਖਰੜ ਦੀਪ ਕਮਲ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਥਾਣਾ ਸਿਟੀ ਐੱਸ. ਐੱਚ. ਓ. ਇੰਸਪੈਕਟਰ ਕੰਵਲਜੀਤ ਸਿੰਘ ਦੇ ਨਿਰਦੇਸ਼ਾਂ ਹੇਠ ਸਿਟੀ ਚੌਕੀ ਇੰਚਾਰਜ ਏ. ਐੱਸ. ਆਈ. ਅਵਤਾਰ ਸਿੰਘ, ਹੌਲਦਾਰ ਜਸਵਿੰਦਰ ਸਿੰਘ, ਸਿਪਾਹੀ ਪਰਵਿੰਦਰ ਸਿੰਘ, ਪੀ. ਐੱਚ. ਜੀ. ਸੰਜੀਵ ਕੁਮਾਰ, ਡਰਾਈਵਰ ਸ਼ਿਵ ਰਾਜ ਸਮੇਤ ਪੁਲਸ ਪਾਰਟੀ ਵਲੋਂ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੁਖਬਰ ਦੀ ਇਤਲਾਹ 'ਤੇ ਬਾਂਸਾਂ ਵਾਲੀ ਚੂੰਗੀ ਨੇੜੇ ਮਿੰਨੀ ਟਰੱਕ (ਪੀ. ਬੀ.-10 ਐੱਫ. ਵੀ.-0306) ਦੀ ਤਲਾਸ਼ੀ ਲੈਣ 'ਤੇ 200 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਟਰੱਕ ਡਰਾਈਵਰ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਸਿਟੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੂਰੂ ਕਰ ਦਿੱਤੀ ਹੈ।
ਤਿੰਨਕੋਨੀ ਚੌਕ ’ਚ ਲੰਬੇ ਸਮੇਂ ਤੋਂ ਬੱਤੀਆਂ ਬੰਦ ਹੋਣ ਕਾਰਨ ਵਾਪਰ ਰਹੇ ਨੇ ਹਾਦਸੇ
NEXT STORY