ਚੰਡੀਗੜ੍ਹ/ਪਟਿਆਲਾ (ਜ. ਬ.) - ਪੰਜਾਬ ਵਿਚ ਸਾਲ 2017 ਦੌਰਾਨ 11 ਜ਼ਿਲਿਆਂ 'ਚ ਲਿੰਗ ਅਨੁਪਾਤ ਵਿਚ ਸੁਧਾਰ ਆਇਆ ਹੈ ਜਦਕਿ 10 ਜ਼ਿਲਿਆਂ ਵਿਚ ਕੁੜੀਆਂ ਦੀ ਗਿਣਤੀ ਪਹਿਲਾਂ ਨਾਲੋਂ ਵੀ ਘੱਟ ਗਈ ਹੈ। ਸਿਹਤ ਵਿਭਾਗ ਕੋਲ ਅਗਸਤ 2017 ਦੇ ਉਪਲਬਧ ਅੰਕੜਿਆਂ ਦੇ ਮੁਤਾਬਕ ਜਿਹੜੇ 11 ਜ਼ਿਲਿਆਂ ਵਿਚ ਸਾਲ 2016 ਦੇ ਮੁਕਾਬਲੇ 2017 ਵਿਚ ਸੁਧਾਰ ਦਰਜ ਕੀਤਾ ਗਿਆ, ਉਨ੍ਹਾਂ ਵਿਚ ਫਾਜ਼ਿਲਕਾ ਪਹਿਲੇ ਸਥਾਨ 'ਤੇ, ਜਿਸ ਵਿਚ ਪ੍ਰਤੀ 1000 ਮੁੰਡਿਆਂ ਪਿੱਛੇ ਪਿਛਲੇ ਸਾਲ 904 ਦੇ ਮੁਕਾਬਲੇ 949 ਕੁੜੀਆਂ ਦੀ ਔਸਤ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ ਬਰਨਾਲਾ ਵਿਚ ਪ੍ਰਤੀ 1000 ਮੁੰਡਿਆਂ ਪਿੱਛੇ 879 ਦੀ ਥਾਂ 918 ਕੁੜੀਆਂ ਦੀ ਔਸਤ ਦਰਜ ਕੀਤੀ ਗਈ ਹੈ। ਫਿਰੋਜ਼ਪੁਰ ਵਿਚ ਮਾਮੂਲੀ ਸੁਧਾਰ ਹੋਇਆ ਹੈ ਤੇ 896 ਕੁੜੀਆਂ ਦੀ ਥਾਂ 898 ਦੀ ਔਸਤ ਦਰਜ ਕੀਤੀ ਗਈ ਹੈ। ਕਪੂਰਥਲਾ ਵਿਚ 912 ਦੀ ਥਾਂ 948, ਲੁਧਿਆਣਾ ਵਿਚ 908 ਦੀ ਥਾਂ 917, ਮਾਨਸਾ ਵਿਚ 884 ਦੀ ਥਾਂ 945, ਮੋਗਾ ਵਿਚ 915 ਦੀ ਥਾਂ 922, ਪਟਿਆਲਾ ਜ਼ਿਲੇ 'ਚ 868 ਦੀ ਥਾਂ 946 ਕੁੜੀਆਂ ਦੀ ਔਸਤ ਦਰਜ ਕੀਤੀ ਗਈ ਹੈ ਜਦਕਿ ਐੱਸ. ਏ. ਐੱਸ. ਨਗਰ ਮੁਹਾਲੀ ਵਿਚ 893 ਦੀ ਥਾਂ 898 ਅਤੇ ਰੂਪਨਗਰ ਵਿਚ 887 ਦੀ ਥਾਂ 921 ਕੁੜੀਆਂ ਦੀ ਔਸਤ ਦਰਜ ਕੀਤੀ ਗਈ ਹੈ।
ਇਸੇ ਤਰ੍ਹਾਂ ਗੁਰਦਾਸਪੁਰ ਵਿਚ ਵੀ ਮਾਮੂਲੀ ਸੁਧਾਰ ਹੋਇਆ ਹੈ ਤੇ 1000 ਮੁੰਡਿਆਂ ਪਿੱਛੇ ਪਿਛਲੇ ਸਾਲ 872 ਦੀ ਥਾਂ ਹੁਣ 875 ਲੜਕੀਆਂ ਦੀ ਔਸਤ ਦਰਜ ਕੀਤੀ ਗਈ ਹੈ। ਰਾਜ ਦੇ 10 ਜ਼ਿਲਿਆਂ ਵਿਚ ਲਿੰਗ ਅਨੁਪਾਤ ਦੀ ਸਥਿਤੀ ਪਿਛਲੇ ਸਾਲ ਨਾਲੋਂ ਵਿਗੜੀ ਹੈ। ਇਨ੍ਹਾਂ ਜ਼ਿਲਿਆਂ ਵਿਚ ਪ੍ਰਤੀ 1000 ਮੁੰਡਿਆਂ ਪਿੱਛੇ ਕੁੜੀਆਂ ਦੀ ਔਸਤ ਵਿਚ ਕਮੀ ਆਈ ਹੈ। ਇਨ੍ਹਾਂ ਜ਼ਿਲਿਆਂ ਦੀ ਰਿਪੋਰਟ ਮੁਤਾਬਕ ਅੰਮ੍ਰਿਤਸਰ ਵਿਚ ਪਿਛਲੇ ਸਾਲ ਦੀ 878 ਦੀ ਥਾਂ ਐਤਕੀਂ 873 ਕੁੜੀਆਂ ਦੀ ਔਸਤ ਦਰਜ ਕੀਤੀ ਗਈ ਹੈ ਜਦਕਿ ਬਠਿੰਡਾ ਵਿਚ 881 ਦੀ ਥਾਂ 814, ਫਰੀਦਕੋਟ ਵਿਚ 911 ਦੀ ਥਾਂ 886, ਫਤਿਹਗੜ੍ਹ ਸਾਹਿਬ ਵਿਚ 936 ਦੀ ਥਾਂ 856, ਜਲੰਧਰ ਵਿਚ 910 ਦੀ ਥਾਂ 883, ਪਠਾਨਕੋਟ ਵਿਚ 814 ਦੀ ਥਾਂ 825, ਸ੍ਰੀ ਮੁਕਤਸਰ ਸਾਹਿਬ ਵਿਚ 885 ਦੀ ਥਾਂ 856, ਸੰਗਰੂਰ ਵਿਚ 891 ਦੀ ਥਾਂ 884, ਐੱਸ. ਬੀ. ਐੱਸ. ਨਗਰ ਵਿਚ 917 ਦੀ ਥਾਂ 844 ਅਤੇ ਤਰਨਤਾਰਨ ਵਿਚ ਪ੍ਰਤੀ 1000 ਮੁੰਡਿਆਂ ਪਿੱਛੇ 856 ਦੀ ਥਾਂ 823 ਕੁੜੀਆਂ ਦੀ ਔਸਤ ਦਰਜ ਕੀਤੀ ਗਈ ਹੈ। ਰਾਜ ਦਾ ਹੁਸ਼ਿਆਰਪੁਰ ਜ਼ਿਲਾ ਇਕਲੌਤਾ ਜ਼ਿਲਾ ਹੈ, ਜਿਸ ਵਿਚ ਕੁੜੀਆਂ ਦੀ ਔਸਤ ਪਿਛਲੇ ਸਾਲ ਵਾਲੀ ਰਹੀ ਹੈ ਤੇ ਇਥੇ 1000 ਮੁੰਡਿਆਂ ਪਿੱਛੇ 883 ਕੁੜੀਆਂ ਦੀ ਔਸਤ ਬਰਕਰਾਰ ਹੈ।
..ਹੁਣ ਕੇਜਰੀਵਾਲ ਨੂੰ ਮੁੱਖ ਮੰਤਰੀ ਦਾ ਅਹੁਦਾ ਛੱਡ ਦੇਣਾ ਚਾਹੀਦੈ : ਅਕਾਲੀ ਦਲ
NEXT STORY