ਹੁਸ਼ਿਆਰਪੁਰ/ਦਸੂਹਾ,(ਘੁੰਮਣ, ਝਾਵਰ)- ਜ਼ਿਲਾ ਹੁਸ਼ਿਆਰਪੁਰ ਲਈ ਅੱਜ ਇਕ ਚੰਗੀ ਖਬਰ ਹੈ ਕਿ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਅਤੇ ਦਸੂਹਾ ਵਿਖੇ ਇਲਾਜ ਅਧੀਨ 78 ਕੋਰੋਨਾ ਪਾਜ਼ੇਟਿਵ ਵਿਅਕਤੀਆਂ ਨੇ ਕੋਰੋਨਾ ਖਿਲਾਫ਼ ਜੰਗ ਜਿੱਤ ਲਈ ਹੈ ਅਤੇ ਇਨ੍ਹਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਉਜਵੱਲ ਭਵਿੱਖ ਦੀਆਂ ਸ਼ੁੱਭ-ਕਾਮਨਾਵਾਂ ਦਿੰਦਿਆਂ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ 48 ਕੋਰੋਨਾ ਪਾਜ਼ੇਟਿਵ ਵਿਅਕਤੀਆਂ ਨੂੰ ਤੰਦਰੁਸਤ ਹੋਣ 'ਤੇ ਘਰਾਂ ਲਈ ਰਵਾਨਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦਸੂਹਾ ਤੋਂ 30 ਵਿਅਕਤੀਆਂ ਨੂੰ ਅੱਜ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤੰਦਰੁਸਤ ਹੋਏ ਉਕਤ ਵਿਅਕਤੀਆਂ ਸਮੇਤ ਹੁਣ ਤਕ 85 ਵਿਅਕਤੀਆਂ ਨੇ ਕੋਰੋਨਾ 'ਤੇ ਫਤਿਹ ਪਾ ਲਈ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਹੁਣ ਤਕ 93 ਪਾਜ਼ੇਟਿਵ ਕੇਸ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਪਹਿਲਾਂ ਹੀ ਜ਼ਿਲੇ ਨਾਲ ਸਬੰਧਤ 7 ਵਿਅਕਤੀ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਅਤੇ ਅੱਜ ਡਿਸਚਾਰਜ ਕੀਤੇ 78 ਵਿਅਕਤੀਆਂ ਤੋਂ ਇਲਾਵਾ ਹੁਣ 4 ਕੋਰੋਨਾ ਪਾਜ਼ੇਟਿਵ ਮਰੀਜ਼ ਹੀ ਹਸਪਤਾਲ ਵਿਚ ਦਾਖਲ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 4 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਸ਼੍ਰੀਮਤੀ ਰਿਆਤ ਨੇ ਉਜਵੱਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਕੋਰੋਨਾ 'ਤੇ ਫਤਿਹ ਪਾਉਣ ਵਾਲੇ ਵਿਅਕਤੀਆਂ ਦੀ ਦ੍ਰਿੜ ਇੱਛਾ-ਸ਼ਕਤੀ ਨੇ ਹੀ ਉਨ੍ਹਾਂ ਨੂੰ ਤੰਦਰੁਸਤ ਕੀਤਾ ਹੈ। ਉਨ੍ਹਾਂ ਆਈਸੋਲੇਸ਼ਨ ਵਾਰਡ ਵਿਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੇ ਤੌਰ 'ਤੇ ਸੇਵਾਵਾਂ ਨਿਭਾਉਣ ਵਾਲੇ ਹਸਪਤਾਲਾਂ ਦੇ ਕਰਮਚਾਰੀਆਂ ਦੀ ਸ਼ਾਲਾਘਾ ਕਰਦਿਆਂ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨ੍ਹਾਂ ਵੱਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਦੇ ਚੱਲਦੇ ਮਰੀਜ਼ ਸਿਹਤਮੰਦ ਹੋ ਕੇ ਘਰ ਚਲੇ ਗਏ ਹਨ। ਉਨ੍ਹਾਂ ਮੌਜੂਦਾ ਤੌਰ 'ਤੇ ਦਾਖਲ ਮਰੀਜ਼ਾਂ ਦੇ ਪਰਿਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਇਹ ਮਰੀਜ਼ ਵੀ ਜਲਦ ਠੀਕ ਹੋਣ 'ਤੇ ਘਰ ਭੇਜ ਦਿੱਤੇ ਜਾਣਗੇ।
'ਕੇਂਦਰ ਵੱਲੋਂ ਦਿੱਤੀ ਰਾਹਤ ਨਾਲ ਕਿਸਾਨ ਆਤਮ ਨਿਰਭਰ ਨਹੀਂ ਸਗੋਂ ਖੁਦਕੁਸ਼ੀ ਕਰਨ ਲਈ ਹੋਣਗੇ ਮਜਬੂਰ'
NEXT STORY