ਝਬਾਲ, (ਨਰਿੰਦਰ)- ਅੱਜ ਕੱਲ ਪਿੰਡਾਂ ’ਚ ਕੁਝ ਸ਼ਾਤਰ ਦਿਮਾਗ ਲੋਕ ਸਸਤੀ ਸਰਫ ਦੇਣ ਦੇ ਨਾਂ ’ਤੇ ਪਿੰਡਾਂ ਦੇ ਭੋਲੇ-ਭਾਲੇ ਲੋਕਾਂ ਨੂੰ ਪੈਕੇਟਾਂ ’ਚ ਪੈਕ ਕਰ ਕੇ ਕਲੀ ਤੇ ਰੰਗੀ ਮਿੱਟੀ ਦੇ ਕੇ ਪੈਸੇ ਲੈ ਕੇ ਰਫੂ-ਚੱਕਰ ਹੋ ਜਾਂਦੇ ਹਨ। ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਸਸਤੇ ਦੇ ਲਾਲਚ ’ਚ ਖਰੀਦੇ ਸਰਫ ਦੇ ਪੈਕੇਟ ਵਿਖਾਉਂਦਿਆਂ ਕਿਹਾ ਕਿ ਪਿੰਡ ਅਤੇ ਸਥਾਨਕ ਅੱਡਾ ਝਬਾਲ ’ਚ ਕੁਝ ਲੋਕ ਮਹਿੰਦਰਾ ਗੱਡੀ ’ਤੇ ਸਰਫ ਦੇ ਪੈਕੇਟ, ਜਿਨ੍ਹਾਂ ’ਤੇ ਜੇ. ਬੀ. ਕੰਪਨੀ ਦਾ ਮਾਰਕਾ ਅਤੇ ਅੈਕਟਿਵ ਐਕਸਲ ਲਿਖਿਆ ਸੀ, ਸਸਤੇ ਰੇਟ ’ਤੇ ਵੇਚ ਰਹੇ ਸਨ। ਲਾਲਚ ਵੱਸ ਸਸਤੇ ਵੇਖ ਕੇ ਕੁਝ ਲੋਕਾਂ ਨੇ ਪੈਕੇਟ ਖਰੀਦ ਲਏ ਪਰ ਜਦੋਂ ਖੋਲ੍ਹ ਕੇ ਵੇਖਿਅਾ ਤਾਂ ’ਚੋਂ ਰੰਗੀ ਹੋਈ ਮਿੱਟੀ ਅਤੇ ਕਲੀ ਨਿਕਲੀ। ਇਸ ਤਰ੍ਹਾਂ ਇਹ ਲੋਕ ਬਹੁਤ ਸਾਰੇ ਲੋਕਾਂ ਨਾਲ ਠੱਗੀ ਕਰ ਕੇ ਚਲਦੇ ਬਣੇ।
ਇਹ ਲੋਕ ਕੱਲ ਜਦੋਂ ਅੱਡਾ ਝਬਾਲ ਵਿਖੇ ਇਸੇ ਤਰ੍ਹਾਂ ਲੋਕਾਂ ਨੂੰ ਸਰਫ ਦੇ ਪੈਕੇਟ ਵੇਚ ਰਹੇ ਸਨ ਤਾਂ ਤੇਜਿੰਦਰ ਸਿੰਘ ਹੈਪੀ ਬਰਫ ਦੇ ਕਾਰਖਾਨੇ ਵਾਲੇ ਅਤੇ ਕੁਝ ਲੋਕਾਂ ਨੇ ਇਨ੍ਹਾਂ ਨੂੰ ਘੇਰਨਾ ਚਾਹਿਆ ਤਾਂ ਇਹ ਲੋਕ ਕੁਝ ਪੈਕੇਟ ਉਥੇ ਹੀ ਛੱਡ ਕੇ ਗੱਡੀ ਭਜਾ ਕੇ ਲੈ ਗਏ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕ ਸਸਤੀ ਚਾਹ-ਪੱਤੀ, ਸਾਬਣ ਅਤੇ ਹੋਰ ਵਰਤੋਂ ਵਾਲਾ ਸਾਮਾਨ ਸਸਤੇ ’ਚ ਵੇਚ ਕੇ ਲੋਕਾਂ ਨਾਲ ਠੱਗੀ ਕਰ ਕੇ ਅਗਾਂਹ ਚਲਦੇ ਬਣਦੇ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੇ ਲੋਕਾਂ ਨਾਲ ਠੱਗੀਆਂ ਕਰਨ ਵਾਲੇ ਅਨਸਰਾਂ ਵਿਰੁੱਧ ਪ੍ਰਸ਼ਾਸਨ ਨੂੰ ਸ਼ਿਕੰਜਾ ਕੱਸਣਾ ਚਾਹੀਦਾ ਹੈ।
ਟਰਾਂਸਪੋਰਟਰਾਂ ਨੇ ਪੰਜਾਬ ਸਰਕਾਰ ਖਿਲਾਫ ਖੋਲ੍ਹਿਆ ਮੋਰਚਾ
NEXT STORY