ਲੁਧਿਆਣਾ (ਰਾਜ): ਪੰਜਾਬ ਪੁਲਸ ਵਿਚ ਅਫ਼ਸਰ ਲਗਵਾਉਣ ਦੇ ਨਾਂ 'ਤੇ ਠੱਗੀ ਕਰਨ ਵਾਲੇ ਗਿਰੋਹ ਨੇ ਇਕ ਵਾਰ ਫਿਰ ਆਪਣਾ ਜਾਲ ਵਿਛਾ ਕੇ ਇਕ ਪਰਿਵਾਰ ਤੋਂ ਲੱਖਾਂ ਦੀ ਠੱਗੀ ਮਾਰ ਲਈ ਹੈ। ਤਾਜ਼ਾ ਮਾਮਲਾ ਪਰਮਿੰਦਰਪਾਲ ਦੀ ਸ਼ਿਕਾਇਤ 'ਤੇ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਨੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਨ੍ਹਾਂ ਦੇ ਬੇਟੇ ਨਮਨ ਗੋਇਲ ਨੂੰ ਪੁਲਸ ਵਿਭਾਗ ਵਿਚ ਸਪੋਰਟਸ ਕੋਟੇ ਰਾਹੀਂ ਸਿੱਧੇ ਗਜ਼ਟਿਡ ਪੋਸਟ 'ਤੇ ਭਰਤੀ ਕਰਵਾਉਣ ਦਾ ਸਬਜ਼ਬਾਗ ਦਿਖਾਇਆ। ਸ਼ਾਤਰ ਠੱਗਾਂ ਨੇ ਨਾ ਸਿਰਫ਼ ਨੌਕਰੀ, ਸਗੋਂ ਬਿਜ਼ਨੈੱਸ ਵਿਚ ਵੀ ਭਾਰੀ-ਭਰਕਮ ਮੁਨਾਫਾ ਦਿਵਾਉਣ ਦਾ ਝਾਂਸਾ ਦੇ ਕੇ ਉਸ ਦਾ ਵਿਸ਼ਵਾਸ ਜਿੱਤ ਲਿਆ ਅਤੇ ਹੌਲੀ-ਹੌਲੀ ਉਨ੍ਹਾਂ ਤੋਂ ਕੁੱਲ 86 ਲੱਖ 90 ਹਜ਼ਾਰ ਰੁਪਏ ਦੀ ਮੋਟੀ ਰਕਮ ਵਸੂਲ ਲਈ।
ਠੱਗੀ ਦਾ ਇਹ ਖੇਡ ਉਦੋਂ ਉਜਾਗਰ ਹੋਇਆ ਜਦੋਂ ਕਾਫ਼ੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪੀੜਤ ਦੇ ਬੇਟੇ ਦੀ ਭਰਤੀ ਹੋਈ ਅਤੇ ਨਾ ਹੀ ਬਿਜ਼ਨੈੱਸ ਵਿਚ ਕੋਈ ਲਾਭ ਮਿਲਿਆ। ਮੁਲਜ਼ਮਾਂ ਨੇ ਸ਼ਰਤ ਮੁਤਾਬਕ ਨਾ ਤਾਂ ਕੰਮ ਕਰਵਾਇਆ ਅਤੇ ਨਾ ਹੀ ਪੈਸੇ ਵਾਪਸ ਕੀਤੇ, ਜਿਸ ਨਾਲ ਸਾਫ਼ ਹੋ ਗਿਆ ਕਿ ਉਨ੍ਹਾਂ ਨੇ ਹਮਮਸ਼ਵਰਾ ਹੋ ਕੇ ਅਮਾਨਤ ਵਿਚ ਖ਼ਿਆਨਤ ਕੀਤੀ ਹੈ। ਪਰਮਿੰਦਰਪਾਲ ਦੀ ਸ਼ਿਕਾਇਤ 'ਤੇ ਥਾਣਾ ਸ਼ਿਮਲਾਪੁਰੀ ਦੀ ਪੁਲਸ ਨੇ ਮੁਲਜ਼ਮ ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ ਅਤੇ ਯੂਨਿਕ ਸਿੰਘ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਸਫੈਦਪੋਸ਼ ਠੱਗਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪਤੀ ਦੇ ਦੋਸਤ ਨੇ Cold Drink 'ਚ ਨਸ਼ੀਲੀ ਸ਼ੈਅ ਪਿਆ ਕੇ ਕੀਤਾ ਜਬਰ-ਜ਼ਿਨਾਹ
NEXT STORY