ਜਲੰਧਰ (ਹਰਪ੍ਰੀਤ ਸਿੰਘ ਕਾਹਲੋਂ) : 1947 ਜਿੱਥੇ ਸਾਡੇ ਲਈ ਆਜ਼ਾਦੀ ਦਾ ਜਸ਼ਨ ਸੀ ਉੱਥੇ ਖੂਨੀ ਵਾਰਦਾਤਾਂ ਨਾਲ ਲੱਥ-ਪਥ ਪੀੜਾਂ ਦੀ ਦਾਸਤਾਨ ਵੀ ਹੈ। 73 ਸਾਲਾਂ ਬਾਅਦ ਵੀ ਇਹ ਪੀੜ ਮਨਾਂ ਤੋਂ ਵਿਸਰੀ ਨਹੀਂ ਹੈ। ਵੰਡ ਦਾ ਨਕਸ਼ਾ ਤਿਆਰ ਕਰਨ ਵਾਲਾ ਰੈੱਡਕਲਿੱਫ ਵੀ ਇਕ ਮੁਲਾਕਾਤ 'ਚ ਕਹਿੰਦਾ ਹੈ ਕਿ ਉਹਨੂੰ ਅਹਿਸਾਸ ਨਹੀਂ ਸੀ ਕਿ ਇਹਦਾ ਅੰਜ਼ਾਮ ਇਹ ਹੋਵੇਗਾ। ਰੈੱਡਕਲਿੱਫ ਮੁਤਾਬਕ ਸੈਂਕੜੇ ਸਾਲਾਂ ਦੀਆਂ ਸਾਂਝਾ ਨਾਲ ਬਣੇ ਸਮਾਜ ਦਾ ਫੈਸਲਾ ਕਰਨ ਲਈ ਉਹਨੂੰ ਕੁਝ ਮਹੀਨੇ ਹੀ ਦਿੱਤੇ ਗਏ ਤਾਂ ਜੋ ਛੇਤੀ-ਛੇਤੀ ਬਟਵਾਰਾ ਕੀਤਾ ਜਾ ਸਕੇ। 1947 ਮੁੰਕਮਲ ਜ਼ਖ਼ਮਾਂ ਦੀ ਦਾਸਤਾਨ ਹੈ। ਇਹ ਵੰਡ ਔਰਤਾਂ ਲਈ ਵੱਡੀ ਤਸ਼ੱਦਦ ਸੀ। 1947 ਦੀ ਵੰਡ ਵਿਚ ਹਿੰਦੂ ਮੁਸਲਾਮ ਸਿੱਖ ਤੋਂ ਲੈਕੇ ਇਸਾਈਆਂ, ਸਿੰਧੀਆਂ ਤੱਕ ਹਰ ਔਰਤ ਤਸ਼ੱਦਦ ਦਾ ਸ਼ਿਕਾਰ ਹੋਈ। ਦੋਵੇਂ ਪਾਸੇ ਅਣਖ ਦੇ ਨਾਂ 'ਤੇ ਔਰਤਾਂ ਨੂੰ ਜ਼ਬਰੀ ਉਧਾਲਕੇ ਵਸਾਇਆ ਗਿਆ। ਹਜ਼ਾਰਾਂ ਔਰਤਾਂ ਦੇ ਬਲਾਤਕਾਰ ਅਤੇ ਕਤਲ ਹੋਏ। ਸੈਂਕੜੇ ਔਰਤਾਂ ਨੂੰ ਪਰਿਵਾਰ ਵਾਲਿਆਂ ਆਪਣੀ ਹੱਥੀ ਆਪ ਮਾਰ ਮੁਕਾਇਆ ਤਾਂ ਜੋ ਉਹ ਕਿਸੇ ਗੈਰ-ਧਰਮੀ ਦੇ ਕਾਬੂ ਨਾ ਆ ਜਾਵੇ।
ਅੱਜ ਆਖਾਂ ਵਾਰਸ ਸ਼ਾਹ ਨੂੰ
ਹਰਿਆਣਾ ਸਕੱਤਰੇਤ ਲਾਇਬ੍ਰੇਰੀ ਚੰਡੀਗੜ੍ਹ 'ਚ 1414 ਸਫਿਆਂ ਦੀ ਹਿੰਦੂ-ਸਿੱਖ ਔਰਤਾਂ ਅਤੇ ਬੱਚਿਆਂ ਦੇ ਅਗਵਾ ਕੀਤੇ ਦੀ ਵਿਸਤਾਰ ਰਿਪੋਰਟ ਹੈ। ਭਾਗ 1 ਅਤੇ 2 ਦੀ ਇਸ ਰਿਪੋਰਟ ਦਾ ਮੁੱਖ ਬੰਧ ਅੰਬਾਲਾ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਏ. ਜੇ. ਫਲੈਚਰ ਨੇ 24 ਮਈ 1954 ਨੂੰ ਪੇਸ਼ ਕੀਤਾ ਸੀ। ਇਸ ਦਸਤਾਵੇਜ਼ ਮੁਤਾਬਕ ਅਗਵਾ ਹੋਈਆਂ ਹਿੰਦੂ-ਸਿੱਖ ਔਰਤਾਂ ਅਤੇ ਬੱਚਿਆਂ ਦੀ ਗਿਣਤੀ 21,809 ਹੈ।
ਦਸੰਬਰ 1947 ਤੋਂ ਅਗਸਤ 1955 ਤੱਕ ਪਾਕਿਸਤਾਨੀ ਪੰਜਾਬ ਤੋਂ 5801, ਡੇਰਾ ਇਸਮਾਈਲ ਖ਼ਾਨ ਅਤੇ ਉੱਤਰੀ ਫਰੰਟੀਅਰ ਤੋਂ 492, ਬਲੋਚਿਸਤਾਨ ਤੋਂ 601 ਸਮੇਤ 9032 ਅਗਵਾ ਕੀਤੀਆਂ ਹਿੰਦੂ-ਸਿੱਖ ਔਰਤਾਂ ਅਤੇ ਬੱਚੇ ਵਾਪਸ ਲਿਆਂਦੇ ਗਏ। ਦੂਜੇ ਪਾਸੇ ਭਾਰਤ ਤੋਂ ਪੰਜਾਬ, ਪਟਿਆਲਾ ਈਸਟ ਪੰਜਾਬ, ਰਾਜਸਥਾਨ ਅਲਵਰ ਅਤੇ 21 ਜਨਵਰੀ 1949 ਤੋਂ ਬਾਅਦ ਜੰਮੂ-ਕਸ਼ਮੀਰ ਤੋਂ ਅਗਵਾ ਕੀਤੀਆਂ ਮੁਸਲਮਾਨ ਔਰਤਾਂ ਅਤੇ ਬੱਚਿਆਂ ਦੀ ਗਿਣਤੀ 20,728 ਸੀ ਜੋ ਮੁੜ ਵਸੇਬੇ ਮਹਿਕਮੇ ਨੇ ਛੁਡਵਾਈਆਂ। ਇਨ੍ਹਾਂ 'ਚੋਂ ਅੰਬਾਲੇ ਤੋਂ 1125, ਅੰਮ੍ਰਿਤਸਰ ਤੋਂ 1762, ਫਿਰੋਜ਼ਪੁਰ ਤੋਂ 2426 ਸਮੇਤ ਗੁਰਦਾਸਪੁਰ, ਗੁੜਗਾਓਂ, ਹਿਸਾਰ, ਜਲੰਧਰ, ਕਾਂਗੜਾ ਤੱਕ ਪੰਜਾਬ ਤੋਂ ਰੀਕਵਰ ਕੀਤੀਆਂ ਮੁਸਲਮਾਨ ਔਰਤਾਂ ਅਤੇ ਬੱਚਿਆਂ ਦੀ ਗਿਣਤੀ 12,921 ਸੀ। ਪਟਿਆਲਾ ਈਸਟ ਪੰਜਾਬ ਦੇ ਪਟਿਆਲਾ ਤੋਂ 3924, ਨਾਭੇ ਤੋਂ 1081 ਸਮੇਤ ਕੁੱਲ ਗਿਣਤੀ 6707 ਸੀ।
ਮਾਮੀ ਇਨਾਇਤ ਬੀਬੀ
1947 ਦੇ ਹੱਲਿਆਂ 'ਚ ਬਾਬਾ ਸੁੰਦਰ ਅਤੇ ਉਨ੍ਹਾਂ ਦੀ ਬੇਗ਼ਮ ਦਾ ਕਤਲ ਹੋਇਆ ਤਾਂ ਪਿੱਛੇ ਚਾਰ ਧੀਆਂ ਜ਼ਿੰਦਾ ਬਚੀਆਂ। ਇਨ੍ਹਾਂ ਚਾਰਾਂ ਨੂੰ ਗਿੱਲ ਪਰਿਵਾਰ ਦੀ ਬੀਬੀ ਜਸਵੰਤ ਕੌਰ ਨੇ ਸੰਭਾਲਿਆ। ਕੁਝ ਚਿਰ ਬਾਅਦ ਟਿਕ ਟਕਾ ਹੋਇਆ ਤਾਂ ਸਰੀਫਾਂ ਤੇ ਜਮਾਲਾਂ ਨੂੰ ਪਾਕਿ ਭੇਜ ਦਿੱਤਾ। ਇਨਾਇਤ ਬੀਬੀ ਅਤੇ ਅਜ਼ੀਜ਼ਾ ਨੇ ਜਸਵੰਤ ਕੌਰ ਨੂੰ ਆਪਣੀ ਮਾਂ ਮੰਨ ਲਿਆ ਅਤੇ ਪਾਕਿਸਤਾਨ ਜਾਣ ਤੋਂ ਮਨ੍ਹਾ ਕਰ ਦਿੱਤਾ। ਇਨ੍ਹਾਂ 'ਚੋਂ ਬੀਬੀ ਜਸਵੰਤ ਨੇ ਇਨਾਇਤ ਬੀਬੀ ਦਾ ਵਿਆਹ ਜਿਸ ਨਾਲ ਕੀਤਾ ਉਹ ਸਰਦਾਰ ਸੀ। ਇਹ ਰਾਜਿੰਦਰ ਕੌਰ ਭੱਠਲ ਦੀ ਸਰਕਾਰ 'ਚ ਮੰਤਰੀ ਰਹੇ ਹਰਨੇਕ ਸਿੰਘ ਘੰੜੂਆਂ ਦਾ ਮਾਮਾ ਸੀ। ਨਿੱਕੀ ਭੈਣ ਅਜ਼ੀਜ਼ਾਂ ਦਾ ਵਿਆਹ ਅਹਿਮਦਗੜ੍ਹ ਨੇੜੇ ਮੁਸਲਮਾਨ ਪਰਿਵਾਰ 'ਚ ਹੋਇਆ। ਹਰਨੇਕ ਸਿੰਘ ਮੁਤਾਬਕ ਸਹਿਮਤੀ ਨਾਲ ਵਿਆਹ ਹੋਣ ਦੇ ਬਾਵਜੂਦ ਮਾਮੀ ਇਨਾਇਤ ਬੀਬੀ ਨੂੰ ਮੁੜ ਵਸੇਬੇ ਮਹਿਕਮੇ ਵਾਲੇ ਉਧਾਲੀ ਕੁੜੀ ਸਮਝਕੇ ਪਾਕਿਸਤਾਨ ਲੈ ਗਏ। ਇਕ ਦਿਨ ਮੈਨੂੰ ਮਾਮੀ ਦੀ ਭੈਣ ਦਾ ਪਤਾ ਲੱਗਾ ਅਤੇ ਉਸ ਤੋਂ ਹੀ ਮਾਮੀ ਇਨਾਇਤ ਦਾ ਪਤਾ ਲੱਗਾ। ਮਾਮੀ ਪਾਕਿਸਤਾਨ ਵਿਖੇ ਜ਼ਿਲਾ ਮੀਆਂਵਲੀ ਤਹਿਸੀਲ ਪਿੱਪਲਾਂ ਦੇ ਚੱਕ ਵਿਚ ਵਿਆਹੀ ਸੀ।
ਹਰਨੇਕ ਸਿੰਘ ਦੱਸਦੇ ਹਨ ਕਿ ਚੰਡੀਗੜ੍ਹ ਤੋਂ 700 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਉਹ ਆਪਣੀ ਮਾਮੀ ਨੂੰ ਮਿਲਣ ਗਏ ਪਰ ਮਾਮੀ ਨੇ ਆਂਢ-ਗੁਆਂਢ ਤੋਂ ਪਰਦਾ ਰੱਖਣ ਲਈ ਪਛਾਨਣ ਤੋਂ ਮਨ੍ਹਾ ਕਰ ਦਿੱਤਾ। ਮਾਮੀ ਨਾਲ ਮਾਵਾਂ ਵਾਲਾ ਰਿਸ਼ਤਾ ਸੀ। ਦਿਲ ਕਰਦਾ ਸੀ ਕਿ ਮਾਮੀ ਦੇ ਗੱਲ ਲੱਗਕੇ ਦਿਲ ਖੋਲ੍ਹਕੇ ਰੋਵਾਂ ਪਰ ਲੋਕ ਲਾਜ ਨੂੰ ਧਿਆਨ 'ਚ ਰੱਖਦਿਆਂ ਮੈਂ ਵੀ ਆਪਣੇ ਪਾਕਿਸਤਾਨੀ ਮਿੱਤਰਾਂ ਨਾਲ ਸਹਿਜ ਹੀ ਘੁੰਮਣ ਦਾ ਬਹਾਨਾ ਦੱਸ ਦਿੱਤਾ। ਹਰਨੇਕ ਸਿੰਘ ਜਦੋਂ ਮਾਮੀ ਘਰੋਂ ਵਿਦਾ ਹੋਣ ਲੱਗੇ ਤਾਂ ਮਾਮੀ ਨੇ ਮੁੜ ਉਨ੍ਹਾਂ ਨੂੰ ਇੱਕਲਿਆ ਅੰਦਰ ਬੁਲਾਇਆ। ਮਾਮੀ ਇਨਾਇਤ ਬੋਲੀ ਕਿ ਪੁੱਤ ਗੁੱਸਾ ਨਾ ਕਰੀਂ, ਮੈਂ ਇੱਥੇ ਘੰੜੂਏ ਬਾਰੇ ਕੁਝ ਦੱਸਿਆ ਨਹੀਂ, ਤੂੰ ਵੀ ਬਾਹਰ ਜਾਕੇ ਇਹੋ ਕਹੀਂ ਕਿ ਮੈਨੂੰ ਰਣੀਏ ਵਾਲਿਆਂ ਨੇ ਭੇਜਿਆ ਹੈ। ਉਸ ਪਲ ਸਿਆਲਾਂ ਵਿਚ ਵੀ ਮਾਮੀ ਮੁੜਕੋ-ਮੁੜਕੀਂ ਹੋਈ ਸੀ। ਉਹਨੇ ਮਾਮੇ ਬਾਰੇ ਪੁੱਛਿਆ ਤਾਂ ਮੈਂ ਦੱਸਿਆ ਕਿ ਉਹ ਪੂਰਾ ਹੋ ਗਿਆ ਏ। ਮਾਮੀ ਇਹ ਸੁਣ ਠੰਢੀ ਪੈ ਗਈ ਸੀ। ਹਰਨੇਕ ਸਿੰਘ ਮੁਤਾਬਕ ਬਟਵਾਰੇ ਦੌਰਾਨ ਅਣਖ, ਬੁਰਛਾਗਰਦੀ ਅਤੇ ਅਦਲਾ-ਬਦਲੀ ਨੇ ਜਨਾਨੀਆਂ ਦਾ ਜੋ ਮਾਨਸਿਕ ਤੇ ਸ਼ਰੀਰਕ ਘਾਣ ਕੀਤਾ ਹੈ ਉਹ ਜ਼ਖ਼ਮ ਉਹੀ ਸਮਝ ਸਕਦੀਆਂ ਹਨ ਜਿਨ੍ਹਾਂ 'ਤੇ ਬੀਤੀਆਂ ਹਨ।
ਨੂਰੀ ਉਰਫ ਜਸਵੰਤੀ
16 ਜੂਨ 2020 ਨੂੰ ਪਾਕਿ ਦੀ ਨੂਰੀ ਅਤੇ ਭਾਰਤ ਦੀ ਜਸਵੰਤੀ ਰੱਬ ਨੂੰ ਪਿਆਰੀ ਹੋ ਗਈ ਹੈ। 1947 ਦੇ ਹੱਲਿਆਂ ਵਿਚ ਜਸਵੰਤੀ (ਨੂਰੀ) 5 ਸਾਲ ਦੀ ਸੀ। 22 ਅਕਤੂਬਰ 1947 ਨੂੰ ਇਸ ਸਮੇਂ ਦੇ ਮਕਬੂਜ਼ਾ ਕਸ਼ਮੀਰ 'ਤੇ ਵਜ਼ੀਰਿਸਤਾਨ ਦੇ ਫਿਰਕੂ ਧਾੜਵੀਆਂ ਨੇ ਹਮਲਾ ਕਰ ਦਿੱਤਾ। ਜਸਵੰਤੀ ਡਰਕੇ ਘਰੋਂ ਬਾਹਰ ਭੱਜੀ। ਵਾਪਸ ਆਈ ਤਾਂ ਘਰ ਲਹੂ ਲੂਹਾਨ ਸੀ ਅਤੇ ਜਸਵੰਤੀ ਦੁਨੀਆਂ ਵਿਚ ਇੱਕਲੀ ਰਹਿ ਗਈ ਸੀ। ਜਸਵੰਤੀ ਦੇ ਮਾਪੇ ਮਨਸਹੇਰਾ ਤੋਂ ਸਨ ਜੋ ਮੁੱਜ਼ਫ਼ਰਾਬਾਦ ਰਹਿੰਦੇ ਸੀ। ਜਸਵੰਤੀ ਘਰ ਤੋਂ ਬਾਹਰ ਇੱਕਲੀ ਜੇਹਲਮ ਦਰਿਆ ਨੂੰ ਗਈ। ਇਸ ਦਰਿਆ ਦੇ ਕੰਢੇ ਉਸ ਦਿਨ ਸਵੇਰੇ 300 ਸਿੱਖਾਂ ਦਾ ਕਤਲ ਹੋਇਆ ਸੀ। ਇੱਥੇ ਹੀ ਜਸਵੰਤੀ ਨੂੰ ਆਪਣੀ ਮਾਂ ਦੀ ਲੋਥ ਖ਼ੂਨ ਨਾਲ ਲੱਥਪੱਥ ਮਿਲੀ। ਜਸਵੰਤੀ ਨੂੰ ਉਸ ਸਮੇਂ ਮਨਸੂਦ ਨਾਂ ਦੇ ਮੁਸਲਮਾਨ ਨੇ ਸੰਭਾਲਿਆ ਅਤੇ ਉਹਦਾ ਨਾਂ ਜਸਵੰਤੀ ਤੋਂ ਨੂਰੀ ਰੱਖ ਦਿੱਤਾ। 13 ਸਾਲ ਦੀ ਉਮਰ 'ਚ ਨੂਰੀ ਦਾ ਵਿਆਹ ਹੋਇਆ ਅਤੇ ਤਿੰਨ ਬੱਚੇ ਹੋਏ। ਕੁਝ ਸਾਲਾਂ ਬਾਅਦ ਟੀਬੀ ਦੀ ਬੀਮਾਰੀ ਕਰਕੇ ਪਤੀ ਦੀ ਮੌਤ ਹੋ ਗਈ। ਇਸ ਦੌਰਾਨ ਨੂਰੀ ਨੇ ਇੱਕਲਿਆ ਹੀ ਆਪਣੇ ਬੱਚਿਆਂ ਨੂੰ ਸਾਂਭਿਆ।
1970 'ਚ ਨੂਰੀ ਆਪਣੇ ਅਸਲ ਮਾਪਿਆਂ ਦੀ ਜਾਣ-ਪਛਾਣ ਦੇ ਈਸ਼ਰ ਸਿੰਘ ਹੁਣਾਂ ਨੂੰ ਮਿਲੀ। ਈਸ਼ਰ ਸਿੰਘ ਹੁਣ ਗ਼ੁਲਾਮ ਸਰਵਰ ਦੇ ਨਾਂ ਨਾਲ ਮਾਨਸਹੇਰਾ ਵਿਚ ਮੁਸਲਮਾਨ ਸੀ। ਗ਼ੁਲਾਮ ਦੇ ਪੁੱਤਰ ਕਾਕਾ ਤਬਲੀਗੀਆਂ ਨਾਲ ਸਬੰਧਤ ਹੋਣ ਕਰ ਕੇ 1996 'ਚ ਦਿੱਲੀ ਆਏ। ਇੱਥੇ ਉਨ੍ਹਾਂ ਦੀ ਮੁਲਾਕਾਤ ਤੇਜਪਾਲ ਸਿੰਘ ਹੁਣਾਂ ਨਾਲ ਹੋਈ। ਤੇਜਪਾਲ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਕਾਕਾ ਨੂੰ ਕਿਹਾ ਕਿ ਮਾਨਸਹੇਰਾ ਤੋਂ ਉਨ੍ਹਾਂ ਦੀ ਭੈਣ ਜਸਵੰਤੀ ਵਿਛੜ ਗਈ ਸੀ। ਕਾਕਾ ਨੇ 2 ਸਾਲ ਬਾਅਦ 1998 'ਚ ਪਤਾ ਕਰ ਲਿਆ ਕਿ ਨੂਰੀ ਭੂਆ ਹੀ ਜਸਵੰਤੀ ਹੈ। 51 ਸਾਲ ਹੋ ਗਏ ਸਨ। ਨੂਰੀ ਦਾ ਦੂਜਾ ਵਿਆਹ ਹੋ ਗਿਆ ਸੀ। ਉਹ ਆਪਣੇ ਡਾਕਟਰ ਪਤੀ ਨਾਲ ਰਾਵਲਪਿੰਡੀ ਰਹਿੰਦੀ ਸੀ। ਉਹਨੇ ਮਿਲਣ ਤੋਂ ਮਨ੍ਹਾ ਕਰ ਦਿੱਤਾ। ਇਹਨੇ ਸਾਲਾਂ ਬਾਅਦ ਫਿਰ ਤੋਂ ਕੁਝ ਇੰਝ ਵਾਪਰਨਾ ਜ਼ਿੰਦਗੀ 'ਚ ਕਿਸੇ ਤੂਫ਼ਾਨ ਤੋਂ ਘੱਟ ਨਹੀਂ ਹੁੰਦਾ। ਕਾਕਾ ਦੀ ਹਿੰਮਤ ਨਾਲ 1999 'ਚ ਅਖੀਰ ਜਸਵੰਤ ਸਿੰਘ ਦਿੱਲੀ ਤੋਂ ਆਏ ਅਤੇ ਆਪਣੀ ਭੈਣ ਨੂੰ ਮਿਲੇ। ਨਿਸ਼ਾਨੀ ਦੇ ਤੌਰ 'ਤੇ ਜਸਵੰਤ ਸਿੰਘ ਨੇ ਆਪਣੀ ਭੈਣ ਨੂਰੀ ਨੂੰ ਆਪਣੇ ਸੱਜੇ ਪੈਰ ਦਾ ਅੰਗੂਠਾ ਵਿਖਾਇਆ ਜੋ ਬਚਪਨ ਵਿਚ ਸਾਈਕਲ ਤੋਂ ਡਿੱਗਕੇ ਲਹਿ ਗਿਆ ਸੀ। ਨੂਰੀ ਨੂੰ ਬਚਪਨ ਦੀ ਆਪਣੇ ਭਰਾ ਦੀ ਇਹ ਇਕਲੌਤੀ ਯਾਦ ਸੀ ਜੋ ਹੱਲਿਆਂ ਤੋਂ ਦੋ ਮਹੀਨੇ ਪਹਿਲਾਂ ਵਾਪਰੀ ਸੀ। ਉਸ ਤੋਂ ਬਾਅਦ ਮਿਲਣ ਦਾ ਸਿਲਸਿਲਾ ਭੈਣ-ਭਰਾਵਾਂ ਨੂੰ ਫਿਰ ਤੋਂ ਜੋੜ ਗਿਆ। 2 ਮਹੀਨੇ ਪਹਿਲੇ ਨੂਰੀ ਭੂਆ ਦਾ ਸਵਰਗਵਾਸ ਹੋ ਗਿਆ ਹੈ। ਸਿੰਘਾਪੁਰ ਤੋਂ ਲੋਸਟ ਹੈਰੀਟੇਜ-ਦੀ ਸਿੱਖ ਲੈਗੇਸੀ ਇਨ ਪਾਕਿਸਤਾਨ ਦੇ ਲਿਖਾਰੀ ਅਮਰਦੀਪ ਸਿੰਘ ਦੱਸਦੇ ਹਨ ਕਿ ਮੇਰੇ ਪੁਰਖੇ ਮੁੱਜ਼ਫਰਾਬਾਦ ਤੋਂ ਗੋਰਖਪੁਰ (ਯੂ. ਪੀ.) ਆਏ ਸਨ। 47 ਵਿਚ ਮੇਰੀ ਭੂਆ ਨੇ ਇਕ ਹੀ ਦਿਨ ਵਿਚ ਆਪਣੇ ਦੋ ਬੱਚੇ ਗਵਾਏ ਸਨ ਅਤੇ ਕੁੱਛੜ ਬੱਚੀ ਨੂੰ ਬਾਕੀਆਂ ਨੂੰ ਬਚਾਉਣ ਲਈ ਜੇਹਲਮ 'ਚ ਸੁੱਟਣਾ ਪਿਆ ਸੀ। ਅਜਿਹੀਆਂ ਬੀਤੀਆਂ ਗੱਲਾਂ ਨੂੰ ਕਰਨਾ ਸੌਖਾ ਨਹੀਂ ਹੁੰਦਾ।
ਕਦੀ ਨਾ ਮਿਲੀਆਂ ਭੈਣਾਂ
ਲਹਿੰਦੇ ਪੰਜਾਬ ਤੋਂ ਅਫਜ਼ਲ ਤੌਸੀਫ਼ ਪਿੰਡ ਸਿੰਬਲੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਸੀ ਜੋ ਪੰਜਾਬੀ ਅਦਬ ਦੀ ਮਸ਼ਹੂਰ ਅਦੀਬ ਹੋਈ ਹੈ। 1947 ਦੇ ਹੱਲਿਆਂ 'ਚ ਅਫ਼ਜ਼ਲ ਅਤੇ ਉਹਦੇ ਮਾਂ-ਪਿਓ ਇਸ ਕਰ ਕੇ ਬੱਚ ਗਏ ਕਿ ਪਿਤਾ ਕੋਟੇ ਪੁਲਸ ਡਿਊਟੀ 'ਚ ਸਨ ਅਤੇ ਆਪ ਅਫਜ਼ਲ ਮਾਂ ਨਾਲ ਸਮਰਾਲੇ ਨੇੜੇ ਨਾਨਕੇ ਪਿੰਡ ਕੁਮ ਖੁਰਦ ਸੀ। ਪਿੱਛੋਂ ਅਫ਼ਜ਼ਲ ਦੇ ਦੋ ਤਾਏ ਨਿਆਮਤ ਖਾਨ ਅਤੇ ਫਜ਼ਲ ਖ਼ਾਨ ਦੇ ਪਰਿਵਾਰ 'ਚੋਂ 12 ਜੀਆਂ ਸਮੇਤ ਪੂਰੇ ਪਿੰਡ 'ਚ 250 ਤੋਂ ਵੱਧ ਬੰਦੇ ਕਤਲ ਕੀਤੇ ਗਏ। ਤਾਏ ਨਿਆਮਤ ਖ਼ਾਨ ਦੀ 4 ਕੁੜੀਆਂ 'ਚੋਂ 2 ਨੇ ਖ਼ੂਹ 'ਚ ਛਾਲ ਮਾਰ ਦਿੱਤੀ ਅਤੇ 2 ਕੁੜੀਆਂ ਨੂੰ ਧਾੜਵੀ ਚੁੱਕ ਕੇ ਲੈ ਗਏ। ਪਿੰਡ ਸਿੰਬਲੀ ਦੇ 101 ਕਤਲਾਂ ਦੀ ਰਿਪੋਰਟ ਗੜ੍ਹਸ਼ੰਕਰ ਦੇ ਥਾਣੇ 'ਚ ਵੀ ਦਰਜ ਹੈ। ਪਤਨੀ, ਮਾਂ, ਮੁੰਡਾ ਅਤੇ ਦੋ ਧੀਆਂ ਦੇ ਕਤਲ ਤੋਂ ਬਾਅਦ ਅਫਜ਼ਲ ਦਾ ਨਿੱਕਾ ਤਾਇਆ ਫ਼ਜ਼ਲ ਖ਼ਾਨ ਪਾਕਿਸਤਾਨ ਜਾ ਦਿਮਾਗੀ ਸੰਤੁਲਣ ਗਵਾਉਣ ਤੋਂ ਬਾਅਦ ਅਖੀਰ ਮਰ ਗਿਆ। ਅਫਜ਼ਲ ਦੇ ਤਾਏ ਦੀਆਂ 2 ਉਧਾਲੀਆਂ ਕੁੜੀਆਂ ਸਰਵਰੀ ਅਤੇ ਸਦੀਕਣ 'ਚੋਂ ਸਦੀਕਣ 2 ਸਾਲ ਬਾਅਦ ਪੁਲਸ ਨੇ ਲੱਭ ਲਈ ਅਤੇ ਪਾਕਿਸਤਾਨ ਪਰਿਵਾਰ ਕੋਲ ਭੇਜਿਆ। ਅਫਜ਼ਲ ਤੌਸੀਫ ਮੁਤਾਬਕ 2 ਸਾਲਾਂ 'ਚ ਅਣਗਿਣਤ ਵਾਰ ਬਲਾਤਕਾਰ ਅਤੇ ਤਸ਼ੱਦਦ ਨੇ ਭੈਣ ਸਦੀਕਣ ਨੂੰ ਵੀ ਚੁੱਪ ਕਰਵਾ ਦਿੱਤਾ ਸੀ ਅਤੇ ਅਖੀਰ ਗੁੰਮਸੁਮ ਰਹਿੰਦੀ ਸਦੀਕਣ ਵੀ ਮਰ ਗਈ। ਅਫ਼ਜ਼ਲ ਦੀ ਦੂਜੀ ਨਿੱਕੀ ਭੈਣ ਸਰਵਰੀ ਨੂੰ ਲੱਭਣ ਦਾ ਜ਼ਿੰਮਾ ਨਵਾਂ ਸ਼ਹਿਰ ਤੋਂ ਕਹਾਣੀਕਾਰ ਅਜਮੇਰ ਸਿੱਧੂ ਨੇ ਲਿਆ। ਅਫਜ਼ਲ ਦੀ ਭੈਣ ਪਿੰਡ ਮਜਾਰਾਂ ਕਲਾਂ ਵਿਆਹੀ ਸੀ। ਅਜਮੇਰ ਸਿੱਧੂ ਨੇ ਅਫ਼ਜ਼ਲ ਤੌਸੀਫ਼ ਨੂੰ ਭੈਣ ਮਿਲਣ ਦੀ ਚਿੱਠੀ ਪਾਈ ਪਰ ਕਾਗਜ਼ੀ ਕਾਰਵਾਈਆਂ 'ਚ ਆਉਂਦੇ-ਆਉਂਦੇ ਸਰਵਰੀ 2006 'ਚ ਆਪਣੀ ਉਮਰ ਹੰਡਾ ਮਰ ਗਈ। ਅਫ਼ਜ਼ਲ 2007 'ਚ ਪਹੁੰਚੀ। ਭੈਣ ਨਾ ਸਹੀ ਅਫ਼ਜ਼ਲ ਆਪਣੇ ਭੈਣ ਦੇ ਬੱਚਿਆਂ ਨੂੰ ਮਿਲਣਾ ਚਾਹੁੰਦੀ ਸੀ ਪਰ ਸਰਵਰੀ ਦੇ ਬੱਚਿਆਂ ਨੇ ਆਪਣੀ ਮਾਸੀ ਨੂੰ ਮਿਲਣ ਤੋਂ ਮਨ੍ਹਾ ਕਰ ਦਿੱਤਾ। ਅਫਜ਼ਲ ਆਪਣੀ ਨਿੱਕੀ ਭੈਣ ਸਰਵਰੀ ਨੂੰ ਬਿਨਾ ਮਿਲਿਆ ਹੀ 8 ਸਾਲ ਬਾਅਦ 30 ਦਸੰਬਰ 2014 ਨੂੰ ਫੌਤ ਹੋ ਗਈ।
1947 ਵੰਡ ਦੀਆਂ ਕਹਾਣੀਆਂ ਨੂੰ ਲੰਭਣ ਵਾਲੀਆਂ ਬੀਬੀਆਂ ਦਾ ਨਜ਼ਰੀਆ
ਉਰਵਸ਼ੀ ਭੁਟਾਲੀਆ ਦੀ ਅਦਰ ਸਾਈਡ ਆਫ ਸਾਈਲੈਂਸ ਦੇ ਲੇਖਕ ਉਰਵਸ਼ੀ ਭੁਟਾਲੀਆ ਦੱਸਦੇ ਹਨ ਕਿ 1947 'ਚ ਔਰਤਾਂ ਨਾਲ ਜੋ ਹੋਇਆ ਇਹ ਤਸ਼ੱਦਦ ਘਰ ਅਤੇ ਬਾਹਰ ਹਰ ਪਾਸੇ ਹੋਇਆ। ਇਸ ਦੌਰਾਨ ਔਰਤਾਂ ਦੀ ਅਸਮਤ ਨਾਲ ਜੋ ਖਿਲਵਾੜ ਹੋਇਆ ਉਸ ਬਾਰੇ ਉਹ ਖੁਦ ਵੀ ਗੱਲ ਨਹੀਂ ਕਰ ਸਕੀਆ। ਇਸ ਬਾਰੇ ਪਰਿਵਾਰ ਅਤੇ ਸਟੇਟ ਵੀ ਕਦੀ ਗੱਲ ਨਹੀਂ ਕਰਦਾ। ਦੋਵਾਂ ਦੇਸ਼ਾਂ 'ਚ ਰਹਿ ਗਈਆਂ ਬੀਬੀਆਂ ਅਤੇ ਉਨ੍ਹਾਂ ਦੇ ਪਰਿਵਾਰ ਇਸ ਬਾਰੇ ਗੱਲ ਕਰਨ ਨੂੰ ਨਾਮੋਸ਼ੀ ਮੰਨਦੇ ਰਹੇ ਹਨ। 1947 'ਚ ਅਗਵਾ ਕੀਤੀਆਂ ਔਰਤਾਂ ਨੂੰ ਸਟੇਟ ਨੇ ਜਦੋਂ ਮੁੜ ਛੁਡਵਾਇਆ ਉਸ ਦੌਰਾਨ ਵੀ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਘੱਟੋ-ਘੱਟ ਅਸੀਂ ਔਰਤਾਂ ਦੀ ਕਾਬਲੀਅਤ 'ਤੇ ਯਕੀਨ ਕਰੀਏ ਕਿ ਉਹ ਕੀ ਚਾਹੁੰਦੀਆਂ ਹਨ। ਇਸ ਦੌਰਾਨ ਸਰਕਾਰ ਨੇ ਵੀ ਵਸੂਲੀ ਇੰਝ ਹੀ ਕੀਤੀ ਜਿਵੇਂ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਸਿਰਫ ਔਰਤਾਂ ਦੇ ਤਬਾਦਲੇ ਦੀ ਹੈ ਬਜਾਏ ਕਿ ਉਨ੍ਹਾਂ ਦੇ ਹਾਲਾਤ ਵੀ ਸਮਝੇ ਜਾਂਦੇ। ਇਸ ਅਹਿਸਾਸ ਨੂੰ ਸਮਝੋ ਕਿ ਦੋਵੇਂ ਪਾਸੇ ਦੇ ਬੰਦਿਆਂ ਨੇ ਆਪਣੀਆਂ ਹੀ ਮਾਵਾਂ ਭੈਣਾਂ ਨਾਲ ਅਜਿਹਾ ਜੋ ਕੀਤਾ ਉਹ ਬਹੁਤ ਸੋਚ ਸਮਝਕੇ ਸੀ ਅਤੇ ਉਨ੍ਹਾਂ ਨੂੰ ਪਤਾ ਸੀ ਕਿ ਦੂਜਿਆਂ ਦੀਆਂ ਔਰਤਾਂ ਨੂੰ ਚੁੱਕ ਕੇ ਅਸੀਂ ਸਾਹਮਣੇ ਵਾਲੇ ਨੂੰ ਕੀ ਜ਼ਖ਼ਮ ਦੇ ਰਹੇ ਹਾਂ। ਇਸ ਵਹਿਸ਼ੀ ਸੋਚ ਨੇ ਔਰਤ ਦੇ ਅੰਦਰ ਦਾ ਬਹੁਤ ਕੁਝ ਢਹਿ-ਢੇਰੀ ਕੀਤਾ ਹੈ।
ਅਨਾਮ ਜ਼ਕਰੀਆ
ਬਿਟਵੀਨ ਦੀ ਗ੍ਰੇਟ ਡਿਵਾਈਡ ਦੀ ਲਿਖਾਰੀ ਅਨਾਮ ਜ਼ਕਰੀਆ ਕਹਿੰਦੇ ਹਨ ਕਿ 1947 ਵੰਡ ਦੌਰਾਨ ਜੋ ਘਾਣ ਔਰਤਾਂ ਦਾ ਹੋਇਆ ਉਹ ਤਾਂ ਕਾਲਾ ਸੱਚ ਹੈ ਹੀ ਪਰ ਇਸ ਤ੍ਰਾਸਦੀ ਦੌਰਾਨ ਅਤੇ ਇਸ ਤੋਂ ਬਾਅਦ ਦੀ ਜ਼ਿੰਦਗੀ 'ਚ ਉਨ੍ਹਾਂ ਦੀ ਜ਼ੁਬਾਨ ਨੂੰ ਕਦੀ ਸੁਣਿਆ ਨਹੀਂ ਗਿਆ। ਅਣਖ਼ ਦੇ ਨਾਂ 'ਤੇ ਪਹਿਲਾਂ ਇਨ੍ਹਾਂ ਹਿੰਦੂ ਸਿੱਖ ਅਤੇ ਮੁਸਲਮਾਨ ਬੀਬੀਆਂ ਦੀਆਂ ਇੱਜ਼ਤਾਂ ਲੁੱਟੀਆਂ ਪਰ 1947 ਤੋਂ ਬਾਅਦ ਇਹਨਾਂ ਬੀਬੀਆਂ ਦੀ ਆਵਾਜ਼ ਵੀ ਅਣਖ਼ ਦੇ ਨਾਂ 'ਤੇ ਚੁੱਪ ਹੀ ਕਰਵਾ ਦਿੱਤੀ ਗਈ। ਇਸ ਬਾਰੇ ਔਰਤਾਂ, ਪਰਿਵਾਰ, ਸਰਕਾਰ ਕਿਸੇ ਨੇ ਵੀ ਗੱਲ ਨਹੀਂ ਕੀਤੀ। ਇਹ ਕਿੱਡਾ ਜ਼ੁਰਮ ਹੈ ਕਿ ਉਨ੍ਹਾਂ ਨੇ ਜਿਸ ਸੰਤਾਪ ਨੂੰ ਹੰਡਾਇਆ ਬਾਅਦ 'ਚ ਅਸੀਂ ਸਮਾਜ ਉਸ ਬਾਰੇ ਗੱਲ ਹੀ ਦਬਾਉਂਦਾ ਆਇਆ ਹੈ। ਕਿਉਂਕਿ ਮਸਲਾ ਔਰਤ ਨਾਲ ਵਧੀਕੀ ਦਾ ਨਹੀਂ ਮਸਲਾ ਖੁਦ ਦੀ ਆਣ-ਬਾਣ-ਸ਼ਾਨ ਇੱਜ਼ਤ ਦੇ ਬੇਇੱਜ਼ਤ ਹੋਣ ਦਾ ਵਧੇਰੇ ਸੀ।
ਸਬੀਹਾ ਸੁਮਾਰ
ਖ਼ਾਮੋਸ਼ ਪਾਣੀ ਫ਼ਿਲਮ ਬਣਾਉਣ ਵਾਲੇ ਹਦਾਇਤਕਾਰ ਸਬੀਹਾ ਸੁਮਾਰ ਦਾ ਨਜ਼ਰੀਆ ਹੈ ਕਿ ਦੋ ਮੁਲਕ ਜੰਮੇ। ਲੋਕੀ ਦੂਜਿਆਂ ਦੀਆਂ ਜਨਾਨੀਆਂ ਚੁੱਕਣ ਲੱਗੇ। ਆਪਣੀਆਂ ਧੀਆਂ ਵੱਢਣ ਲੱਗੇ। ਕਹਿੰਦੇ ਸਨ ਇੱਜ਼ਤ ਬਚਾਉਣ ਲਈ ਕਰਦੇ ਹਨ। ਕੁਝ ਕੁੜੀਆਂ ਮਰ ਗਈਆਂ। ਕੁਝ ਕੁੜੀਆਂ ਬੱਚ ਗਈਆਂ। ਲੋਕਾਂ ਦਾ ਸਮੁੰਦਰ ਸੀ ਜੋ ਸਭ ਕੁਝ ਪਿੱਛੇ ਛੱਡਕੇ ਜਾ ਰਿਹਾ ਸੀ। ਟੁੱਟੀਆਂ ਯਾਦਾਂ! ਅਧੂਰੇ ਖ਼ਵਾਬ! ਰੱਬ ਦੇ ਘਰ! ਵੰਡ ਇਹੋ ਤਾਂ ਸੀ। ਇਸ ਕਾਲੇ ਇਤਿਹਾਸ ਲਈ ਅਸੀਂ ਕਿੰਨਾ ਕੁ ਸੋਚਦੇ ਹਾਂ?
ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਪੰਜਾਬੀਆਂ ਦੀਆਂ ਕੁਰਬਾਨੀਆਂ ਲਾਮਿਸਾਲ : ਸੁੰਦਰ ਸ਼ਾਮ ਅਰੋੜਾ
NEXT STORY