ਰੂਪਨਗਰ (ਸੱਜਨ ਸੈਣੀ, ਵਿਜੇ ਸ਼ਰਮਾ) - ਰੂਪਨਗਰ ਦੇ ਨਹਿਰੂ ਸਟੇਡੀਅਮ ਵਿੱਚ ਸਖ਼ਤ ਪੁਲਸ ਸੁਰੱਖਿਆ ਪ੍ਰਬੰਧਾਂ ਹੇਠ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਰਾਣਾ ਕੇ .ਪੀ . ਸਿੰਘ, ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਅਦਾ ਕੀਤੀ ਗਈ। ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਉਨ੍ਹਾਂ ਨੇ ਪਰੇਡ ਦੀ ਸਲਾਮੀ ਵੀ ਲਈ। ਆਜ਼ਾਦੀ ਦਿਹਾੜੇ ਦੇ ਮੌਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਜਿੱਥੇ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀ ਕੁਰਬਾਨੀ ਨੂੰ ਯਾਦ ਕੀਤਾ, ਉੱਥੇ ਹੀ ਉਨ੍ਹਾਂ ਨੇ ਆਪਣੀ ਸਰਕਾਰ ਦੀਆਂ ਉਪਲੱਬਧੀਆਂ ਵੀ ਗਿਣਾਈਆਂ ।
ਆਜ਼ਾਦੀ ਦਿਹਾੜੇ ਦੇ ਇਸ ਖ਼ਾਸ ਮੌਕੇ ’ਤੇ ਰਾਣਾ ਕੇ.ਪੀ. ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲਿਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਰਾਣਾ ਕੇ. ਪੀ. ਨੇ ਕਿਹਾ ਕਿ ਭਾਰਤ ਦੀ ਸੁੰਦਰਤਾ ਇਸ ਦਾ ਲੋਕਤੰਤਰ ਹੈ, ਜਿਸ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਆਂਢੀ ਦੇਸਾਂ ਵੱਲ ਵੇਖੋ ਜਿੱਥੇ ਲੋਕਤੰਤਰ ਨੂੰ ਹਰ ਰੋਜ਼ ਫਾਹੇ ਲਾਇਆ ਜਾ ਰਿਹਾ ਹੈ ਅਤੇ ਅੰਦਰੂਨੀ ਅਤੇ ਬਾਹਰੀ ਗੜਬੜੀਆਂ ਕਾਰਨ ਹਜ਼ਾਰਾਂ ਲੋਕ ਮਾਰੇ ਜਾ ਰਹੇ ਹਨ ਪਰ ਦੂਜੇ ਪਾਸੇ ਸਾਡਾ ਦੇਸ਼ ਜਿੱਥੇ ਵੱਖ-ਵੱਖ ਧਰਮਾਂ, ਫਿਰਕਿਆਂ ਅਤੇ ਜਾਤਾਂ ਦੇ ਬਾਵਜੂਦ ਅਸੀਂ ਆਪਣੇ ਲੋਕਤੰਤਰੀ ਢਾਂਚੇ ਕਰਕੇ ਇਕਜੁਟ ਅਤੇ ਸੁਰੱਖਿਅਤ ਹਾਂ। ਰਾਣਾ ਕੇ. ਪੀ. ਨੇ ਕਿਹਾ ਕਿ ਸਾਡੇ ਨੇਤਾ ਮਹਾਤਮਾ ਗਾਂਧੀ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਸਰਦਾਰ ਵੱਲਭ ਭਾਈ ਪਟੇਲ, ਮਾਸਟਰ ਤਾਰਾ ਸਿੰਘ ਵਰਗੇ ਮਹਾਨ ਆਗੂਆਂ ਦਾ ਜਿਕਰ ਕਰਦਿਆਂ ਕਿਹਾ ਕਿ ਇੰਨਾਂ ਆਗੂਆਂ ਨੇ ਵਧੀਆ ਲੋਕਤੰਤਰ ਦੀ ਨੀਂਹ ਰੱਖੀ ਜਿਸ ਨੂੰ ਹਰਕ੍ਰਿਸਨ ਸੁਰਜੀਤ, ਪ੍ਰਤਾਪ ਸਿੰਘ ਕੈਰੋਂ, ਗੁਰਚਰਨ ਸਿੰਘ ਟੌਹਡ਼ਾ ਅਤੇ ਕਈ ਅਜਿਹੇ ਹੋਰ ਆਗੂਆਂ ਨੇ ਅੱਗੇ ਵਧਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਲੋਕਤੰਤਰ ਦੀ ਇਸ ਅਮੀਰ ਵਿਰਾਸਤ ਨੂੰ ਹੋਰ ਮਜਬੂਤ ਕਰਨਾ ਚਾਹੀਦਾ ਹੈ।
ਸਪੀਕਰ ਨੇ ਅੱਗੇ ਕਿਹਾ ਕਿ ਅੰਦਰੂਨੀ ਅਤੇ ਬਾਹਰੀ ਖ਼ਤਰਿਆਂ ਦੇ ਬਾਵਜੂਦ ਅਸੀਂ ਸਾਡੀ ਮਜ਼ਬੂਤ ਲੋਕਤੰਤਰੀ ਪ੍ਰਣਾਲੀ ਕਾਰਨ ਹੀ ਦੇਸ਼ ਵਿਰੋਧੀ ਤਾਕਤਾਂ ਨੂੰ ਢੁੱਕਵਾਂ ਜਵਾਬ ਦੇ ਰਹੇ ਹਾਂ। ਉਨ੍ਹਾਂ ਨੇ ਅੰਦਰੂਨੀ ਅਤੇ ਬਾਹਰੀ ਖਤਰਿਆਂ ਵਿਰੁੱਧ ਹੋਰ ਇਕਜੁੱਟ ਹੋ ਕੇ ਲੜਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਸਪੀਕਰ ਰਾਣਾ ਕੇ. ਪੀ. ਨੇ ਕੇਂਦਰ ਸਰਕਾਰ ਵੱਲੋਂ ਜਬਰੀ ਲਾਗੂ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵੀ ਵਿਸੇਸ਼ ਜ਼ਿਕਰ ਕੀਤਾ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਤਿੰਨੋ ਕਾਲੇ ਕਾਨੂੰਨ ਰੱਦ ਕੀਤੇ ਜਾਣ। ਜਦਕਿ ਪੰਜਾਬ ਸਰਕਾਰ ਪਹਿਲਾਂ ਹੀ ਇੰਨਾਂ ਨੂੰ ਪੰਜਾਬ ਵਿਧਾਨ ਸਭਾ ਦਾ ਵਿਸੇਸ਼ ਇਜਲਾਸ ਬੁਲਾ ਕੇ ਰੱਦ ਕਰ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਕਿਸਾਨ ਪਿਛਲੇ ਇਕ ਸਾਲ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਖੱਜਲ ਖੁਆਰ ਹੋ ਰਹੇ ਹਨ, ਜਿਸ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਸ ਲਈ ਹੁਣ ਵੀ ਚਾਹੀਦਾ ਹੈ ਕੇਂਦਰ ਸਰਕਾਰ ਆਪਣੀ ਹਊਮੇ ਤਿਆਗ ਕੇ ਬਿਨਾ ਕਿਸੇ ਦੇਰੀ ਦੇ ਕਾਲੇ ਕਾਨੂੰਨ ਰੱਦ ਕਰੇ। ਪੰਜਾਬ ਸਰਕਾਰ ਦਾ ਜਿਕਰ ਕਰਦਿਆਂ ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਕੋਰੋਨਾ ਮਹਾਂਮਾਰੀ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਨਾ ਸਿਰਫ਼ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ, ਬਲਕਿ ਵਿਕਾਸ ਕਾਰਜਾਂ ਦੀ ਗਤੀ ਨੂੰ ਵੀ ਕਾਇਮ ਰੱਖਿਆ। ਉਨ੍ਹਾਂ ਨੇ ਸਾਡੇ ਫਰੰਟਲਾਈਨ ਵਰਕਰਾਂ ਦੇ ਯਤਨਾਂ ਦੀ ਵੀ ਸਲਾਘਾ ਕੀਤੀ ਜਿਨ੍ਹਾਂ ਨੇ ਕੋਵਿਡ-19 ਦੌਰਾਨ ਅਣਥੱਕ ਮਿਹਨਤ ਕਰਕੇ ਲੋਕਾਂ ਦੀਆਂ ਜਾਨਾਂ ਬਚਾਇਆਂ ਅਤੇ ਰੋਜ਼ੀ ਰੋਟੀ ਦਾ ਪ੍ਰਬੰਧ ਵੀ ਲੋਡ਼ਵੰਦਾ ਲਈ ਕੀਤਾ।
ਜ਼ਿਲ੍ਹਾ ਰੂਪਨਗਰ ਦੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲਗਭਗ ਸਾਰੇ ਚੋਣ ਵਾਅਦੇ ਪੂਰੇ ਕਰ ਦਿੱਤੇ ਗਏ ਹਨ ਅਤੇ ਪਿਛਲੇ ਕੁਝ ਦਿਨਾਂ ਦੌਰਾਨ ਲਗਭਗ 80 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਜ਼ਿਲ੍ਹੇ ਵਿਚ ਰੱਖੇ ਗਏ ਹਨ। ਕੋਵਿਡ-19 ਦੀ ਤੀਜੀ ਲਹਿਰ ਦੇ ਖ਼ਤਰੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਰਾਣਾ ਕੇ. ਪੀ. ਨੇ ਪਰੇਡ ਤੋਂ ਸਲਾਮੀ ਲਈ, ਜਿਸ ਵਿੱਚ ਪੰਜਾਬ ਪੁਲਸ ਦੇ ਜਵਾਨ, ਮਹਿਲਾ ਪੁਲਸ ਕਰਮਚਾਰੀ ਅਤੇ ਹੋਮ ਗਾਰਡਜ਼ ਦੀਆਂ ਪਲਟੂਨਾਂ ਸ਼ਾਮਲ ਸਨ। ਇਨ੍ਹਾਂ ਦੀ ਅਗਵਾਈ ਡੀ. ਐੱਸ. ਪੀ. ਰਵਿੰਦਰਪਾਲ ਸਿੰਘ ਨੇ ਕੀਤੀ। ਉਨ੍ਹਾਂ ਇਸ ਮੌਕੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ, ਜਿੰਨਾਂ ਵਿਚ ਰੂਪਨਗਰ ਜ਼ਿਲ੍ਹੇ ਦੇ ਪਿੰਡ ਬੁਰਜ਼ਵਾਲਾ ਦੇ ਜਗਤਾਰ ਸਿੰਘ ਜੋ ਜੰਮੂ ਕਸ਼ਮੀਰ ਵਿਚ 25 ਜੂਨ 2016 ਨੂੰ ਓਪਰੇਸ਼ਨ ਰਖਸ਼ਕ ਦੌਰਾਨ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ, ਦੀ ਧਰਮ ਪਤਨੀ ਹਰਨੀਪ ਕੌਰ ਅਤੇ ਪਿੰਡ ਗਨਾਉਰਾ ਦੇ ਗੁਰਿੰਦਰ ਸਿੰਘ ਦਿਬੰਗ ਵੈਲੀ ਵਿਚ ਆਪਰੇਸ਼ਨ ਰਹਿਨੋ ਦੌਰਾਨ 12 ਜੂਨ 2021 ਨੂੰ ਸ਼ਹੀਦ ਹੋ ਗਏ ਸਨ ਉਨਾਂ ਦੇ ਪਿਤਾ ਹਰਬੰਸ਼ ਸਿੰਘ ਨੂੰ ਵਿਸੇਸ਼ ਤੌਰ ‘ਤੇ ਸਨਮਾਨਤ ਕੀਤਾ।
ਇਸ ਮੌਕੇ ਰੈੱਡ ਕਰਾਸ ਵੱਲੋਂ ਲੋੜਵੰਦਾਂ ਨੂੰ ਸਿਲਾਈ ਮਸੀਨਾਂ ਅਤੇ ਟ੍ਰਾਈ ਸਾਈਕਲ ਵੀ ਵੰਡੇ ਗਏ। ਇਸ ਮੌਕੇ ਡਿਪਟੀ ਕਮਿਸਨਰ ਰੂਪਨਗਰ ਸੋਨਾਲੀ ਗਿਰੀ, ਡੀ. ਆਈ. ਜੀ ਗੁਰਪ੍ਰੀਤ ਸਿੰਘ ਤੂਰ, ਐੱਸ. ਐੱਸ. ਪੀ. ਡਾ. ਅਖਿਲ ਚੌਧਰੀ, ਏ. ਡੀ. ਸੀ. ਜਨਰਲ ਦੀਪਸ਼ਿਖਾ ਸ਼ਰਮਾ, ਏ. ਡੀ. ਸੀ. ਵਿਕਾਸ ਦਿਨੇਸ਼ ਵਸਿਸ਼ਟ, ਏ. ਡੀ. ਸੀ. ਸੰਜੀਵ ਸ਼ਰਮਾ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਕ੍ਰਿਸ਼ਨਾ ਦੇਵੀ ਬੈਂਸ, ਸੁਖਵਿੰਦਰ ਸਿੰਘ ਵਿਸਕੀ ਚੇਅਰਮੈਨ ਇੰਪਰੂਵਮੈਂਟ ਟਰੱਸਟ ਰੂਪਨਗਰ, ਕਮਲ ਦੇਵ ਜੋਸ਼ੀ ਡਾਇਰੈਕਟਰ ਪੀ. ਆਰ. ਟੀ. ਸੀ, ਡਾ. ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਚੇਅਰਪਰਸਨ ਓ. ਬੀ. ਸੀ. ਕਮਿਸ਼ਨ ਪੰਜਾਬ, ਐਡਵੋਕੇਟ ਸ਼ੇਖਰ ਸ਼ੁਕਲਾ ਚੇਅਰਮੈਨ ਬ੍ਰਹਾਮਨ ਭਲਾਈ ਬੋਰਡ, ਪੰਜਾਬ, ਰਮੇਸ਼ ਗੋਇਲ, ਬਲਵੀਰ ਬੀਰੀ, ਸੁਰਿੰਦਰ ਸਿੰਘ ਨੰਗਲ ਵੀ ਸ਼ਾਮਲ ਸਨ।
75ਵੇਂ ਆਜ਼ਾਦੀ ਦਿਹਾੜੇ ਮੌਕੇ ਮੰਤਰੀ ਓ. ਪੀ. ਸੋਨੀ ਨੇ ਜਲੰਧਰ ’ਚ ਲਹਿਰਾਇਆ ‘ਤਿਰੰਗਾ’
NEXT STORY