ਲੁਧਿਆਣਾ (ਵਿੱਕੀ)-ਕਹਿੰਦੇ ਹਨ ਹੁਨਰ ਪ੍ਰਮਾਤਮਾ ਦੀ ਦੇਣ ਹੁੰਦਾ ਹੈ। ਇਸ ਗੱਲ ਨੂੰ ਸੱਚ ਕਰ ਕੇ ਦਿਖਾਇਆ ਹੈ, ਪ੍ਰਤਾਪ ਸਿੰਘ ਵਾਲਾ ਦੇ ਰਹਿਣ ਵਾਲੇ 8 ਸਾਲ ਦੇ ਬੱਚੇ ਆਈਰਸ ਪ੍ਰਤਾਪ ਸਿੰਘ ਨੇ, ਜਿਸ ਨੇ ਛੋਟੀ ਉਮਰ 'ਚ ਹੀ ਵੱਡਾ ਮੁਕਾਮ ਹਾਸਲ ਕਰਦਿਆਂ ਰੋਪ ਸਕੀਪਿੰਗ 'ਚ ਇਤਿਹਾਸ ਰਚ ਦਿੱਤਾ ਹੈ।ਆਈਰਸ ਨੇ 1 ਮਿੰਟ ਵਿਚ 203 ਵਾਰ ਰੱਸੀ ਕੁੱਦ ਕੇ ਇੰਡੀਆ ਬੁਕ ਆਫ ਰਿਕਾਰਡਸ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
ਰੱਖ ਬਾਗ ਸਥਿਤ ਲੁਧਿਆਣਾ ਵੇਟ ਲਿਫਟਿੰਗ ਐਂਡ ਬਾਡੀ ਬਿਲਡਿੰਗ ਕਲੱਬ 'ਚ ਹੋਏ ਈਵੈਂਟ ਵਿਚ ਆਈਰਸ ਨੇ ਇਹ ਮੁਕਾਮ ਹਾਸਲ ਕੀਤਾ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਉਜੈਨ ਦੀ ਮਹਿਲਾ ਖਿਡਾਰੀ ਨੇ 1 ਮਿੰਟ ਵਿਚ 160 ਜੰਪ ਲਾ ਕੇ ਆਪਣਾ ਨਾਂ ਗੋਲਡਨ ਬੁਕ ਆਫ ਰਿਕਾਰਡਸ ਵਿਚ ਦਰਜ ਕਰਵਾਇਆ ਸੀ। ਆਈਰਸ ਦੀ ਇਸ ਪ੍ਰਤਿਭਾ ਨੂੰ ਦੇਖਣ ਲਈ ਇੰਡੀਆ ਬੁਕ ਆਫ ਰਿਕਾਰਡ ਵੱਲੋਂ ਅਧਿਕਾਰੀ ਰਾਧਾ ਸ਼ਰਮਾ ਵਿਸ਼ੇਸ਼ ਤੌਰ 'ਤੇ ਮੌਜੂਦ ਰਹੀ, ਜਿਨ੍ਹਾਂ ਨੇ ਆਈਰਸ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।
ਸ਼ੁਰੂ 'ਚ ਮੰਜੇ ਦੀ ਰੱਸੀ ਨਾਲ ਕਰਦਾ ਰਿਹਾ ਸਕੀਪਿੰਗ
ਆਈਰਸ ਦੇ ਪਿਤਾ ਗੁਰਜੀਤ ਸਿੰਘ, ਜੋ ਕਿ ਕਾਰ ਸੇਲ-ਪ੍ਰਚੇਜ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਕਰੀਬ 6 ਮਹੀਨੇ ਪਹਿਲਾਂ ਆਈਰਸ ਘਰ 'ਚ ਮੰਜੇ ਦੀ ਰੱਸੀ ਲੈ ਕੇ ਸਕੀਪਿੰਗ ਕਰਦਾ ਸੀ, ਜਿਸ ਨੂੰ ਦੇਖ ਕੇ ਉਹ ਅਕਸਰ ਉਸ ਨੂੰ ਟੋਕਦੇ ਸਨ ਪਰ ਇਕ ਵਾਰ ਆਈਰਸ ਨੇ ਆਪਣੀ ਪ੍ਰਤਿਭਾ ਦਿਖਾਉਣ ਦੀ ਇੱਛਾ ਉਨ੍ਹਾਂ ਨੂੰ ਜਤਾਈ ਪਹਿਲੀ ਵਾਰ ਉਸ ਨੇ 200 ਵਾਰ ਜੰਪ ਲਾ ਕੇ ਸਾਰੇ ਘਰ ਵਾਲਿਆਂ ਨੂੰ ਹੈਰਾਨ ਕਰ ਦਿੱਤਾ। ਇਸ ਦੇ ਬਾਅਦ ਉਸ ਦੇ ਚਾਚੇ ਨੇ ਉਸ ਨੂੰ 500 ਜੰਪ ਲਾਉਣ ਦਾ ਉਦੇਸ਼ ਦਿੱਤਾ। ਆਈਰਸ ਨੇ ਇਸ ਨੂੰ ਪੂਰਾ ਕਰ ਕੇ ਦਿਖਾਇਆ।
ਟੇਲੈਂਟ ਦੇਖ ਪਿਤਾ ਖਰੀਦ ਕੇ ਲਿਆਏ ਰੱਸੀਆਂ
ਗੁਰਜੀਤ ਸਿੰਘ ਨੇ ਦੱਸਿਆ ਕਿ ਬੇਟੇ ਦੀ ਇਸ ਪ੍ਰਤਿਭਾ ਨੂੰ ਦੇਖ ਕੇ ਉਹ ਉਸ ਦੇ ਲਈ ਬਾਜ਼ਾਰ ਤੋਂ ਸਕੀਪਿੰਗ ਵਾਲੀਆਂ ਰੱਸੀਆਂ ਖਰੀਦ ਕੇ ਲਿਆਏ। ਇੰਟਰਨੈੱਟ 'ਤੇ ਸਰਚ ਕਰਨ ਤੋਂ ਬਾਅਦ ਜਦ ਸਕੀਪਿੰਗ ਦੇ ਰਿਕਾਰਡ ਦੇਖੇ ਤਾਂ ਬੇਟੇ ਲਈ ਟਾਰਗੇਟ ਨਿਰਧਾਰਿਤ ਕਰ ਦਿੱਤਾ। ਜਦ ਉਹ ਟਾਰਗੇਟ ਘਰ 'ਚ ਹੀ ਅਚੀਵ ਕਰਨ ਲੱਗਾ ਤਾਂ ਉਨ੍ਹਾਂ ਨੇ ਇਸਦਾ ਨਾਂ ਇੰਡੀਆ ਬੁਕ ਆਫ ਰਿਕਾਰਡ ਵਿਚ ਦਰਜ ਕਰਵਾਉਣ ਲਈ ਟੀਮ ਨਾਲ ਸੰਪਰਕ ਕੀਤਾ। ਇਸ ਦੌਰਾਨ ਅੱਜ ਉਸ ਨੇ 1 ਮਿੰਟ ਵਿਚ ਲਗਾਤਾਰ 203 ਜੰਪ ਲਾਉਂਦੇ ਹੋਏ ਨਵੀਂ ਅਚੀਵਮੈਂਟ ਆਪਣੇ ਨਾਂ ਕਰ ਕੇ ਇੰਡੀਆ ਬੁਕ ਆਫ ਰਿਕਾਰਡ 'ਚ ਨਾਂ ਦਰਜ ਕਰਵਾਉਣ 'ਚ ਸਫਲਤਾ ਪਾ ਲਈ।
ਇਕ ਲੱਤ 'ਤੇ ਲਾਉਂਦਾ ਹੈ 190 ਜੰਪ
ਆਈਰਸ ਦੀ ਮਾਤਾ ਤਮੰਨਾ ਨੇ ਦੱਸਿਆ ਕਿ ਉਸ ਦਾ ਬੇਟਾ ਇਕ ਲੱਤ ਦੇ ਨਾਲ ਸਕੀਪਿੰਗ ਕਰਦਾ ਹੋਇਆ 1 ਮਿੰਟ ਵਿਚ 190 ਤਕ ਜੰਪ ਲਾ ਚੁੱਕਿਆ ਹੈ। ਉਥੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਡਿਜ਼ਾਈਨਿੰਗ ਰੋਪ ਸਕੀਪਿੰਗ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਘਰ 'ਚ ਲਗਾਤਾਰ 1-1 ਘੰਟਾ ਵੀ ਸਕੀਪਿੰਗ ਕਰਦੇ ਹੋਏ ਆਈਰਸ ਆਪਣੀ ਖੇਡ ਪ੍ਰਤਿਭਾ ਨੂੰ ਉਭਾਰਦਾ ਹੈ। ਤਮੰਨਾ ਨੇ ਇੱਛਾ ਜ਼ਾਹਿਰ ਕੀਤੀ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਦਾ ਨਾਂ ਗਿਨੀਜ਼ ਬੁਕ ਆਫ ਰਿਕਾਰਡ ਵਿਚ ਦਰਜ ਹੋਵੇ।
ਕਲਾ ਨੂੰ ਦੇਖ ਹਰ ਕੋਈ ਰਹਿ ਜਾਂਦੈ ਹੈਰਾਨ
ਸ਼ਿਵਾਲਿਕ ਵਾਲਾ ਦੂਨ ਸਕੂਲ 'ਚ ਦੂਜੀ ਕਲਾਸ ਦੇ ਵਿਦਿਆਰਥੀ ਆਈਰਸ ਦਾ ਵਜ਼ਨ 20 ਕਿਲੋ ਹੈ ਪਰ ਜਦ ਉਹ ਰੱਸੀ ਟਪਦਾ ਹੈ ਤਾਂ ਹੱਥਾਂ ਦੀਆਂ ਕਲਾਈਆਂ ਨਾਲ ਰੱਸੀ ਦੇ ਘੁਮਾਵ ਅਤੇ ਪੈਰਾਂ ਹੇਠੋਂ ਟਪਾਉਣ ਦੌਰਾਨ ਇਸ ਤਰ੍ਹਾਂ ਸੁਮੇਲ ਪੈਦਾ ਕਰਦਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਦੰਦਾਂ ਥੱਲੇ ਉਂਗਲੀ ਦਬਾ ਲੈਂਦਾ ਹੈ।
ਆਈਰਸ ਦੇ ਰੋਪ ਸਕੀਪਿੰਗ ਦੌਰਾਨ ਰੱਸੀ ਤਾਂ ਕਿਤੇ ਨਜ਼ਰ ਨਹੀਂ ਆਉਂਦੀ ਬੱਸ ਉਸ ਦੀ ਆਵਾਜ਼ ਗੂੰਜਦੀ ਸੁਣਾਈ ਦਿੰਦੀ ਹੈ। ਬੱਚੇ ਦਾ ਆਤਮਵਿਸ਼ਵਾਸ ਇੰਨਾ ਹੈ ਕਿ ਉਹ ਇਕ ਵਾਰ ਵੀ ਨਹੀਂ ਡਗਮਗਾਉਂਦਾ, ਜੋ ਇਸ ਦੀ ਸਫਲਤਾ ਦੀ ਸਭ ਤੋਂ ਅਹਿਮ ਕੁੰਜੀ ਹੈ।
ਨਵਾਂਸ਼ਹਿਰ: ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ 2 ਹੋਰ ਅੱਤਵਾਦੀ ਗ੍ਰਿਫਤਾਰ (ਵੀਡੀਓ)
NEXT STORY