ਜਲੰਧਰ, (ਮਹੇਸ਼)— ਮਕਸੂਦਾਂ ਚੌਕ ਸਥਿਤ ਮਾਰਕੀਟ ਵਿਚ ਸ਼ਾਪਿੰਗ ਲਈ ਰਾਤ 8 ਵਜੇ ਐਕਟਿਵਾ 'ਤੇ ਭਾਬੀ-ਨਣਾਨ ਆਨੰਦ ਨਗਰ ਨੇੜੇ ਹਾਦਸੇ ਦੀਆਂ ਸ਼ਿਕਾਰ ਹੋ ਗਈਆਂ, ਜਿਨ੍ਹਾਂ ਵਿਚੋਂ ਭਾਬੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਉਕਤ ਦੋਵੇਂ ਔਰਤਾਂ ਨੂੰ ਤੇਜ਼ ਰਫਤਾਰ ਇੰਡੀਗੋ ਕਾਰ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਤੋਂ ਬਾਅਦ ਦੋਵੇਂ ਸੜਕ ਵਿਚ ਡਿੱਗ ਪਈਆਂ ਅਤੇ ਉਨ੍ਹਾਂ ਨੂੰ ਟੱਕਰ ਮਾਰਨ ਵਾਲੀ ਕਾਰ ਵਿਚ ਸਵਾਰ 2 ਨੌਜਵਾਨ ਆਪਣੀ ਕਾਰ ਨੂੰ ਉਥੇ ਹੀ ਛੱਡ ਕੇ ਫਰਾਰ ਹੋ ਗਏ। ਮ੍ਰਿਤਕ ਇੰਦਰਜੀਤ ਕੌਰ ਪਤਨੀ ਜਗਜੀਤ ਸਿੰਘ ਨਿਵਾਸੀ ਆਨੰਦ ਨਗਰ ਆਪਣੀ ਨਣਾਨ ਸੰਦੀਪ ਕੌਰ ਉਰਫ ਅੰਜੂ ਪੁੱਤਰੀ ਗੁਰਦੀਪ ਸਿੰਘ ਨਿਵਾਸੀ ਸ੍ਰੀ ਗੁਰੂ ਰਵਿਦਾਸ ਨਗਰ ਨਾਲ ਮਕਸੂਦਾਂ ਮਾਰਕੀਟ ਜਾ ਰਹੀ ਸੀ। ਘਟਨਾ ਵਾਲੀ ਥਾਂ 'ਤੇ ਪਹੁੰਚੇ ਮ੍ਰਿਤਕ ਇੰਦਰਜੀਤ ਕੌਰ ਦੇ ਪਰਿਵਾਰਕ ਮੈਂਬਰ ਦੋਵੇਂ (ਨਣਾਨ-ਭਰਜਾਈ) ਨੂੰ ਚੁੱਕ ਕੇ ਨੇੜਲੇ ਨਿੱਜੀ ਹਸਪਤਾਲ ਵਿਚ ਲੈ ਗਏ, ਜਿਥੇ ਡਾਕਟਰਾਂ ਨੇ ਇੰਦਰਜੀਤ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਦਕਿ ਉਸਦੀ ਨਣਾਨ ਅੰਜੂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸਨੂੰ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਨੰਬਰ 1 ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਮੌਕੇ ਤੋਂ ਫਰਾਰ ਹੋਏ ਕਾਰ ਸਵਾਰ ਦੋਵੇਂ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪੁਲਸ ਨੇ ਉਨ੍ਹਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇੰਦਰਜੀਤ ਕੌਰ ਅਤੇ ਸੰਦੀਪ ਕੌਰ ਦੇ ਸਿਰ 'ਚੋਂ ਕਾਫੀ ਖੂਨ ਨਿਕਲ ਚੁੱਕਾ ਸੀ। ਮ੍ਰਿਤਕਾ ਇੰਦਰਜੀਤ ਕੌਰ ਦਾ ਭਲਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।
3 ਬੱਚਿਆਂ ਦੇ ਸਿਰ ਤੋਂ ਉਠਿਆ ਮਾਂ ਦਾ ਸਾਇਆ
ਮ੍ਰਿਤਕਾ ਇੰਦਰਜੀਤ ਕੌਰ ਦਾ ਪਤੀ ਜਗਜੀਤ ਸਿੰਘ ਟਰਾਂਸਪੋਰਟਰ ਹੈ ਅਤੇ ਉਸ ਦੇ ਆਪਣੇ ਟਰਾਲੇ ਚੱਲਦੇ ਹਨ। ਇੰਦਰਜੀਤ ਕੌਰ ਦੇ ਪਤੀ ਨੂੰ ਆਪਣੀ ਪਤਨੀ ਦੀ ਮੌਤ 'ਤੇ ਵਿਸ਼ਵਾਸ ਨਹੀਂ ਹੋ ਰਿਹਾ। ਮ੍ਰਿਤਕਾ ਇੰਦਰਜੀਤ ਕੌਰ 2 ਬੱਚਿਆਂ ਦੀ ਮਾਂ ਸੀ। ਉਹ ਆਪਣੇ ਮ੍ਰਿਤਕ ਜੇਠ ਦੇ ਪੁੱਤਰ ਨੂੰ ਵੀ ਆਪਣੇ ਦੋ ਬੱਚਿਆਂ ਵਾਂਗ ਮਾਂ ਦਾ ਪਿਆਰ ਦੇ ਰਹੀ ਸੀ, ਜਦਕਿ ਉਸ ਦੀ ਮੌਤ ਨਾਲ 3 ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਉਠ ਗਿਆ ਹੈ। ਪਰਿਵਾਰ ਵਿਚ ਬਹੁਤ ਹੀ ਗਮਗੀਨ ਮਾਹੌਲ ਬਣਿਆ ਹੋਇਆ ਹੈ।
ਜ਼ਖ਼ਮੀ ਅੰਜੂ ਨੇ ਕੀਤੀ ਹੋਈ ਹੈ ਨਰਸਿੰਗ
ਮ੍ਰਿਤਕਾ ਇੰਦਰਜੀਤ ਕੌਰ ਦੀ ਜ਼ਖ਼ਮੀ ਨਣਾਨ ਸੰਦੀਪ ਕੌਰ ਉਰਫ ਅੰਜੂ ਨੇ ਕੁਝ ਸਮਾਂ ਪਹਿਲਾਂ ਹੀ ਨਰਸਿੰਗ ਕੀਤੀ ਹੈ। ਉਸ ਦੀ ਹਾਲਤ ਵੀ ਦੇਰ ਰਾਤ ਤੱਕ ਡਾਕਟਰਾਂ ਵਲੋਂ ਕਾਫੀ ਨਾਜ਼ੁਕ ਦੱਸੀ ਜਾ ਰਹੀ ਸੀ। ਅੰਜੂ ਦੀ ਮਾਂ ਵੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਬੀਮਾਰ ਹੈ। ਹਾਦਸੇ ਵੇਲੇ ਉਸ ਨੂੰ ਵੀ ਨਹੀਂ ਪਤਾ ਲੱਗਾ ਕਿ ਉਸ ਦੀ ਭਾਬੀ ਅਤੇ ਉਹ ਕਿੱਥੇ ਪਈਆਂ ਹਨ।
ਚੋਰੀਸ਼ੁਦਾ 4 ਮੋਟਰਸਾਈਕਲਾਂ ਸਮੇਤ 2 ਕਾਬੂ
NEXT STORY