ਅੰਮ੍ਰਿਤਸਰ, (ਨੀਰਜ)- ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਵੱਲੋਂ ਕਾਲੋਨਾਈਜ਼ਰਾਂ, ਪ੍ਰਾਪਰਟੀ ਡੀਲਰਾਂ ਤੇ ਹੋਰ ਕਾਰੋਬਾਰੀਆਂ ’ਤੇ ਕੀਤੀ ਗਈ ਰੇਡ ਵਿਚ 6 ਕਰੋਡ਼ ਰੁਪਏ ਕੈਸ਼ ਅਤੇ ਕਰੋਡ਼ਾਂ ਰੁਪਇਆਂ ਦੀ ਜਿਊਲਰੀ ਤੋਂ ਬਾਅਦ 4 ਵੱਖ-ਵੱਖ ਵਪਾਰਕ ਅਦਾਰਿਆਂ ਦੇ 30 ਬੈਂਕ ਲਾਕਰਸ ਨੂੰ ਸੀਜ਼ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਖੋਲ੍ਹਿਆ ਜਾਵੇਗਾ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰੀਅਲ ਅਸਟੇਟ ਸੈਕਟਰ ਨਾਲ ਜੁਡ਼ੇ 4 ਵਪਾਰਕ ਅਦਾਰਿਆਂ ਦੇ 32 ਸੈਂਟਰਾਂ ’ਤੇ ਕੀਤੀ ਗਈ ਰੇਡ ਦੌਰਾਨ ਇਨ੍ਹਾਂ ਬੈਂਕ ਲਾਕਰਾਂ ਬਾਰੇ ਇਨਵੈਸਟੀਗੇਸ਼ਨ ਵਿੰਗ ਨੂੰ ਸਫਲਤਾ ਹੱਥ ਲੱਗੀ ਹੈ, ਜਿਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।
ਅਧਿਕਾਰੀਆਂ ਦੀ ਮੰਨੀਏ ਤਾਂ ਇਨ੍ਹਾਂ ਬੈਂਕ ਲਾਕਰਾਂ ’ਚ ਮਹਿੰਗੀ ਜਿਉੂਲਰੀ ਅਤੇ ਜ਼ਰੂਰੀ ਦਸਤਾਵੇਜ਼ ਜਿਨ੍ਹਾਂ ਵਿਚ ਮਹਿੰਗੀਆਂ ਜ਼ਮੀਨਾਂ ਦੇ ਸੌਦੇ ਦੇ ਬਿਆਨੇ ਵੀ ਹੋ ਸਕਦੇ ਹਨ। ਵਿਭਾਗ ਦੀ ਇਕ ਸਪੈਸ਼ਲ ਟੀਮ ਵੱਲੋਂ ਬੈਂਕਾਂ ਵਿਚ ਜਾ ਕੇ ਸਬੰਧਤ ਕਾਰੋਬਾਰੀਆਂ ਦੇ ਨਾਂ ਅਤੇ ਅਹੁਦੇ ’ਤੇ ਚੱਲ ਰਹੇ ਇਨ੍ਹਾਂ ਬੈਂਕ ਲਾਕਰਾਂ ਨੂੰ ਸੀਲ ਕੀਤਾ ਗਿਆ ਹੈ ਅਤੇ ਬੈਂਕ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੀਜ਼ ਕੀਤੇ ਗਏ ਬੈਂਕ ਲਾਕਰਾਂ ਨੂੰ ਕਿਸੇ ਨੂੰ ਵੀ ਹੱਥ ਨਾ ਲਾਉਣ ਦੇਣ।
ਫਸ ਸਕਦੇ ਹਨ ਕਈ ਪ੍ਰਾਪਰਟੀ ਡੀਲਰਸ
ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਰੇਡ ਵਿਚ ਜਿਥੇ ਕੁਝ ਵੱਡੇ ਕਾਲੋਨਾਈਜ਼ਰਸ ਕਾਲੇ ਧਨ ਦੇ ਮਾਮਲੇ ਵਿਚ ਫਸ ਸਕਦੇ ਹਨ, ਉਥੇ ਹੀ ਕੁਝ ਪ੍ਰਾਪਰਟੀ ਡੀਲਰ ਵੀ ਜਾਂਚ ਦੇ ਘੇਰੇ ਵਿਚ ਆ ਸਕਦੇ ਹਨ, ਜਿਨ੍ਹਾਂ ਵੱਲੋਂ ਵੱਡੇ-ਵੱਡੇ ਅਤੇ ਮਹਿੰਗੇ ਪਲਾਟਾਂ ਦੇ ਸੌਦੇ ਕਰਵਾਏ ਗਏ। ਇਹ ਪ੍ਰਾਪਰਟੀ ਡੀਲਰ ਕੁਝ ਵੱਡੇ ਕਾਲੋਨਾਈਜ਼ਰਾਂ ਦੀ ਕਮਜ਼ੋਰ ਕਡ਼ੀ ਵੀ ਜਾਣਦੇ ਹਨ ਅਤੇ ਉਨ੍ਹਾਂ ਨੂੰ ਪਤਾ ਹੈ ਕਿ ਕਿਥੇ ਤੇ ਕਿਸ ਤਰ੍ਹਾਂ ਕਾਲੋਨਾਈਜ਼ਰ ਵੱਲੋਂ ਗਡ਼ਬਡ਼ ਕੀਤੀ ਗਈ ਹੈ ਕਿਉਂਕਿ ਆਮ ਤੌਰ ’ਤੇ ਕੁਝ ਕਾਲੋਨਾਈਜ਼ਰ ਆਪਣੇ ਕਰਿੰਦਿਆਂ ਦੇ ਨਾਂ ’ਤੇ ਜ਼ਮੀਨ ਕਰ ਦਿੰਦੇ ਹਨ ਅਤੇ ਉਨ੍ਹਾਂ ਦੇ ਜ਼ਰੀਏ ਹੀ ਰਜਿਸਟਰੀ ਕਰਵਾਉਂਦੇ ਹਨ।
ਰਿਹਾਇਸ਼ੀ ਕਾਲੋਨੀਆਂ ਤੋਂ ਇਲਾਵਾ ਕਮਰਸ਼ੀਅਲ ਸੈਂਟਰਾਂ ਦੀ ਵੀ ਹੋਵੇਗੀ ਜਾਂਚ
ਇਨਕਮ ਟੈਕਸ ਵਿਭਾਗ ਵੱਲੋਂ ਹੁਣ ਤੱਕ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਦੇ ਆਧਾਰ ’ਤੇ ਰਿਹਾਇਸ਼ੀ ਕਾਲੋਨੀਆਂ ਦੇ ਨਾਲ-ਨਾਲ ਕਮਰਸ਼ੀਅਲ ਸੈਂਟਰਾਂ ਦੀ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਕੁਝ ਕਾਲੋਨਾਈਜ਼ਰਾਂ ਨੇ ਰਿਹਾਇਸ਼ੀ ਕਾਲੋਨੀਆਂ ਦੇ ਨਾਲ-ਨਾਲ ਕਮਰਸ਼ੀਅਲ ਸੈਂਟਰਾਂ ਦੀ ਵੀ ਉਸਾਰੀ ਤੇ ਇਨ੍ਹਾਂ ਦੀ ਵਿਕਰੀ ਕੀਤੀ ਹੈ।
ਲਾਸ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਮਰਨਾਈਆਂ ਕਲਾਂ ’ਚ ਮਾਹੌਲ ਤਣਾਅਪੂਰਨ
NEXT STORY