ਹੁਸ਼ਿਆਰਪੁਰ/ਮੇਹਟੀਅਾਣਾ, (ਅਮਰਿੰਦਰ, ਸੰਜੀਵ)- ਫਗਵਾਡ਼ਾ ਰੋਡ ਦੇ ਨਾਲ ਲੱਗਦੇ ਮੇਹਟੀਆਣਾ ਥਾਣੇ ਦੇ ਪਿੰਡ ਮਰਨਾਈਆਂ ਕਲਾਂ ’ਚ ਸਵੇਰ ਤੋਂ ਸ਼ਾਮ ਤੱਕ ੲਿਕ ਔਰਤ ਸੁਰਿੰਦਰ ਕੌਰ ਉਰਫ਼ ਸ਼ਿੰਦੋ ਦੀ ਲਾਸ਼ ਦੇ ਅੰਤਿਮ ਸੰਸਕਾਰ ਨੂੰ ਲੈ ਕੇ ਪਿੰਡ ’ਚ ਦਿਨ ਭਰ ਮਾਹੌਲ ਤਣਾਅਪੂਰਨ ਬਣਿਆ ਰਿਹਾ।
ਪਾਸਟਰਸ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਅਤੇ ਨੈਸ਼ਨਲ ਕ੍ਰਿਸਚੀਅਨ ਫਰੰਟ ਦੇ ਸੂਬਾ ਪ੍ਰਧਾਨ ਲਾਰੈਂਸ ਚੌਧਰੀ ਜਿੱਥੇ ਲਾਸ਼ ਨੂੰ ਪਿੰਡ ਦੇ ਸ਼ਮਸ਼ਾਨਘਾਟ ’ਚ ਹੀ ਦਫਨਾਉਣ ਦੀ ਮੰਗ ਕਰ ਰਹੇ ਸਨ, ਉੱਥੇ ਹੀ ਪਿੰਡ ਦੀ ਪੰਚਾਇਤ ਅਤੇ ਆਸ-ਪਾਸ ਦੇ ਲੋਕ ਇਸ ਗੱਲ ’ਤੇ ਅਡ਼ ਗਏ ਕਿ ਲਾਸ਼ ਨੂੰ ਕਿਸੇ ਵੀ ਸੂਰਤ ’ਚ ਦਫਨਾਉਣ ਨਹੀਂ ਦੇਣਗੇ। ਇਸ ਦੌਰਾਨ ਮੌਕੇ ’ਤੇ ਪਹੁੰਚੇ ਥਾਣਾ ਮੇਹਟੀਆਣਾ ਦੇ ਐਡੀਸ਼ਨਲ ਐੱਸ.ਐੱਚ.ਓ. ਸੰਤੋਖ ਸਿੰਘ, ਏ.ਐੱਸ.ਆਈ. ਯੋਗਰਾਜ ਸਿੰਘ ਅਤੇ ਡੀ.ਐੱਸ.ਪੀ. ਗੁਰਜੀਤ ਪਾਲ ਸਿੰਘ ਨੇ ਦੋਵਾਂ ਧਿਰਾਂ ਨੂੰ ਉਕਤ ਅੌਰਤ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕਰਨ ਲਈ ਰਾਜ਼ੀ ਕਰ ਲਿਆ। ਦੇਰ ਸ਼ਾਮ ਮ੍ਰਿਤਕਾ ਦੀ ਲਾ²ਸ਼ ਦਾ ਸਸਕਾਰ ਕਰ ਦਿੱਤਾ ਗਿਆ।
ਪਿੰਡ ਦਾ ਮਾਹੌਲ ਵਿਗਡ਼ਨ ਨਹੀਂ ਦਿਆਂਗੇ
ਵੱਡੀ ਗਿਣਤੀ ਜੁੜੇ ਲੋਕਾਂ ਦੇ ਨਾਲ ਪਿੰਡ ਦੀ ਸਰਪੰਚ ਨਿਰਮਲ ਕੌਰ ਨੇ ਕਿਹਾ ਕਿ ਪਿੰਡ ਦਾ ਮਾਹੌਲ ਕਿਸੇ ਵੀ ਸੂਰਤ ਵਿਚ ਵਿਗਡ਼ਨ ਨਹੀਂ ਦਿਆਂਗੇ। ਜੇਕਰ ਕਿਸੇ ਨੇ ਧਰਮ ਪਰਿਵਰਤਨ ਕੀਤਾ ਹੈ ਤਾਂ ਉਹ ਆਪਣੇ ਸਕੇ-ਸਬੰਧੀ ਦਾ ਮ੍ਰਿਤਕ ਸਰੀਰ ਕਬਰਸਤਾਨ ਲੈ ਜਾਣ, ਜਿੱਥੇ ਉਨ੍ਹਾਂ ਦੇ ਰੀਤੀ-ਰਿਵਾਜ ਅਨੁਸਾਰ ਲਾਸ਼ਾਂ ਨੂੰ ਦਫਨਾਉਣ ਦੀ ਆਜ਼ਾਦੀ ਹੈ। ਪਿੰਡ ਦੇ ਸ਼ਮਸ਼ਾਨਘਾਟ ’ਚ ਜਗ੍ਹਾ ਦੀ ਕਮੀ ਹੈ, ਜਿਸ ਕਾਰਨ ਪਿੰਡ ਵਾਸੀ ਇਥੇ ਲਾਸ਼ਾਂ ਦਫਨਾਉਣ ਦੀ ਆਗਿਆ ਨਹੀਂ ਦੇ ਰਹੇ।ਪਤੀ ਦਾ ਵੀ ਹੋਇਆ ਸੀ ਤਣਾਅਪੂਰਨ ਮਾਹੌਲ ’ਚ ਸਸਕਾਰ
ਮਰਨਾਈਆਂ ਕਲਾਂ ਪਿੰਡ ’ਚ ਸਵੇਰੇ ਸੁਰਿੰਦਰ ਕੌਰ ਉਰਫ਼ ਸ਼ਿੰਦੋ ਦੀ ਮੌਤ ਹੋ ਜਾਣ ਤੋਂ ਬਾਅਦ ਉਸ ਦਾ ਬੇਟਾ ਮਨਪ੍ਰੀਤ ਅਾਪਣੀ ਮਾਂ ਦੀ ਲਾਸ਼ ਨੂੰ ਦਫ਼ਨਾਉਣ ਦੀ ਤਿਆਰੀ ’ਚ ਜੁਟ ਗਿਆ। ਇਸ ਦੌਰਾਨ ਪਿੰਡ ’ਚ ਪਾਸਟਰਸ ਐਸੋ. , ਨੈਸ਼ਨਲ ਕ੍ਰਿਸਚੀਅਨ ਫਰੰਟ ਅਤੇ ਈਸਾਈ ਬਰਾਦਰੀ ਦੇ ਲੋਕਾਂ ਨੂੰ ਜੁਟੇ ਦੇਖ ਕੇ ਪਿੰਡ ਦੇ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਪਿੰਡ ਵਾਸੀ ਸਾਫ਼ ਤੌਰ ’ਤੇ ਕਹਿ ਰਹੇ ਸਨ ਕਿ ਪਿੰਡ ’ਚ ਸ਼ਮਸ਼ਾਨਘਾਟ ਦੀ ਕਮੀ ਹੈ। ਜੇਕਰ ਲਾਸ਼ ਨੂੰ ਦਫ਼ਨਾਇਆ ਗਿਆ ਤਾਂ ਭਵਿੱਖ ’ਚ ਲਾਸ਼ਾਂ ਦੇ ਸਸਕਾਰ ਲਈ ਜਗ੍ਹਾ ਦੀ ਕਮੀ ਹੋਵੇਗੀ। ਇਥੇ ਇਹ ਵੀ ਵਰਣਨਯੋਗ ਹੈ ਕਿ ਮ੍ਰਿਤਕਾ ਸੁਰਿੰਦਰ ਕੌਰ ਦੇ ਪਤੀ ਮੰਗਲ ਰਾਮ ਦੀ ਕਰੀਬ 6 ਸਾਲ ਪਹਿਲਾਂ ਜਦੋਂ ਮੌਤ ਹੋਈ ਸੀ ਤਾਂ ਉਸ ਸਮੇਂ ਵੀ ਉਸ ਦੀ ਲਾਸ਼ ਨੂੰ ਦਫਨਾਉਣ ਜਾਂ ਸਸਕਾਰ ਕਰਨ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋ ਗਿਆ ਸੀ। ਅੰਤ ’ਚ ਪਿੰਡ ਵਾਸੀਆਂ ਲਾਸ਼ ਦਾ ਸਸਕਾਰ ਕਰਨ ਲਈ ਪਰਿਵਾਰ ਨੂੰ ਰਾਜ਼ੀ ਕੀਤਾ ਸੀ।
ਜ਼ਿਲਾ ਪ੍ਰਸ਼ਾਸਨ ਹਰ ਪਿੰਡ ’ਚ ਕਬਰਸਤਾਨ ਬਣਾਵੇ
ਇਸ ਮੌਕੇ ਪਹੁੰਚੇ ਨੈਸ਼ਨਲ ਕ੍ਰਿਸਚੀਅਨ ਫਰੰਟ ਦੇ ਸੂਬਾ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਹੁਸ਼ਿਆਰਪੁਰ ਜ਼ਿਲੇ ’ਚ ਇਸ ਸਮੇਂ ਈਸਾਈਆਂ ਦੀ ਗਿਣਤੀ ਕਰੀਬ 1 ਲੱਖ ਹੈ। ਕਰੀਬ 80 ਫੀਸਦੀ ਪਿੰਡਾਂ ’ਚ ਕਬਰਸਤਾਨ ਨਾ ਹੋਣ ਕਾਰਨ ਈਸਾਈਆਂ ਨੂੰ ਆਪਣੇ ਧਰਮ ਅਨੁਸਾਰ ਲਾਸ਼ਾਂ ਦਫਨਾਉਣ ਸਮੇਂ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਪਿੰਡ ’ਚ ਕਬਰਸਤਾਨ ਬਣਾਏ ਜਾਣ ਤਾਂ ਕਿ ਈਸਾਈ ਆਪਣੇ ਰੀਤੀ-ਰਿਵਾਜਾਂ ਅਨੁਸਾਰ ਲਾਸ਼ਾਂ ਦਫਨਾ ਸਕਣ।
ਟਰੱਕ-ਟਰਾਲੇ ਥੱਲੇ ਆਉਣ ਕਾਰਨ ਬੱਚੀ ਦੀ ਮੌਤ
NEXT STORY