ਚੰਡੀਗੜ੍ਹ (ਵਿਜੇ) : ਚਾਰ ਦਿਨਾਂ ਦੀ ਦੇਰੀ ਤੋਂ ਬਾਅਦ ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐੱਚ. ਬੀ.) ਨੇ ਮੰਗਲਵਾਰ ਤੋਂ ਆਈ. ਟੀ. ਪਾਰਕ ਵਿਚ ਆਪਣੀ 123 ਏਕੜ ਜ਼ਮੀਨ ਦੇ ਵੱਖ-ਵੱਖ ਪ੍ਰਾਜੈਕਟਾਂ ਦੀ ਈ-ਆਕਸ਼ਨ ਸ਼ੁਰੂ ਕਰ ਦਿੱਤੀ ਹੈ। ਹੁਣ ਬੋਰਡ ਨੇ ਆਕਸ਼ਨ ਲਈ 3 ਸਾਈਟਾਂ ਰੱਖੀਆਂ ਹਨ। ਇਸ ਤੋਂ ਪਹਿਲਾਂ ਬੋਰਡ ਨੇ 1 ਸਤੰਬਰ ਤੋਂ ਸਿਰਫ ਹਸਪਤਾਲ ਦੀ ਸਾਈਟ ਦੀ ਹੀ ਆਕਸ਼ਨ ਕਰਵਾਉਣ ਦਾ ਫੈਸਲਾ ਲਿਆ ਸੀ ਪਰ ਮੰਗਲਵਾਰ ਨੂੰ ਸਕੂਲ ਪਲਾਟ ਇੰਸਟੀਚਿਊਸ਼ਨਲ ਤੇ ਰੈਜ਼ੀਡੈਂਸ਼ੀਅਲ ਪਲਾਟ ਦੀ ਵੀ ਈ-ਆਕਸ਼ਨ ਕਰਨ ਦਾ ਪ੍ਰੋਸੈੱਸ ਸ਼ੁਰੂ ਕਰ ਦਿੱਤਾ ਗਿਆ।
30 ਸਤੰਬਰ ਨੂੰ ਛੁੱਟੀ ਹੋਣ ਕਾਰਨ ਬੋਰਡ ਨੇ ਫੈਸਲਾ ਲਿਆ ਕਿ ਈ-ਆਕਸ਼ਨ ਦਾ ਪ੍ਰੋਸੈੱਸ 29 ਸਤੰਬਰ ਤਕ ਹੀ ਜਾਰੀ ਰਹੇਗਾ, ਇਸ ਲਈ ਬੋਰਡ ਨੇ ਇਨ੍ਹਾਂ ਸਾਈਟਾਂ ਦੇ ਏਰੀਆ, ਰਿਜ਼ਰਵ ਪ੍ਰਾਈਜ਼ ਤੇ ਅਰਨੈਸਟ ਮਨੀ ਵੀ ਫਿਕਸ ਕਰ ਦਿੱਤੀ ਹੈ। ਬੋਰਡ ਵਲੋਂ ਫੇਜ਼ ਵਾਈਜ਼ 124 ਏਕੜ ਜ਼ਮੀਨ ਦੀ ਈ-ਆਕਸ਼ਨ ਕੀਤੀ ਜਾਵੇਗੀ। ਇਸ ਵਿਚ ਪਹਿਲੇ ਫੇਜ਼ ਵਿਚ ਲਗਭਗ 18 ਏਕੜ ਦੀ ਜ਼ਮੀਨ ਰੱਖੀ ਗਈ ਹੈ। ਬੋਰਡ ਦਾ ਕਹਿਣਾ ਹੈ ਕਿ ਤਿੰਨ ਸਾਈਟਾਂ ਦੀ ਆਕਸ਼ਨ ਦਾ ਰਿਸਪਾਂਸ ਦੇਖਣ ਤੋਂ ਬਾਅਦ ਹੀ ਅਗਲੀਆਂ ਸਾਈਟਾਂ ਨੂੰ ਆਕਸ਼ਨ ਲਈ ਰੱਖਿਆ ਜਾਵੇਗਾ।
ਬੋਰਡ ਰੱਖੇਗਾ ਦੋ ਪਲਾਟ
ਬੋਰਡ ਵਲੋਂ ਫੈਸਲਾ ਕੀਤਾ ਗਿਆ ਕਿ ਸਾਰੇ ਪਲਾਟਾਂ ਨੂੰ ਈ-ਆਕਸ਼ਨ ਲਈ ਨਹੀਂ ਰੱਖਿਆ ਜਾਵੇਗਾ। ਦੋ ਪਲਾਟਾਂ ਨੂੰ ਬੋਰਡ ਆਪਣੇ ਕੋਲ ਹੀ ਰੱਖੇਗਾ। ਭਵਿੱਖ ਵਿਚ ਬੋਰਡ ਰੈਜ਼ੀਡੈਂਸ਼ੀਅਲ ਤੇ ਕਮਰਸ਼ੀਅਲ ਪ੍ਰਾਜੈਕਟਸ ਲਾਂਚ ਕਰ ਸਕਦਾ ਹੈ, ਉਥੇ ਹੀ ਅਧਿਕਾਰੀਆਂ ਨੂੰ ਉਮੀਦ ਹੈ ਕਿ ਈ-ਆਕਸ਼ਨ ਨਾਲ ਬੋਰਡ ਨੂੰ ਕਰੋੜਾਂ ਰੁਪਏ ਦੀ ਕਮਾਈ ਹੋਵੇਗੀ। ਬੋਰਡ ਨੇ ਪਿਛਲੇ ਸਾਲ ਹੀ ਇਹ ਜ਼ਮੀਨ ਪਾਰਸ਼ਵਨਾਥ ਡਿਵੈੱਲਪਰਜ਼ ਤੋਂ 800 ਕਰੋੜ ਰੁਪਏ ਵਿਚ ਖਰੀਦੀ ਸੀ। ਪਹਿਲਾਂ ਇਥੇ ਪ੍ਰਾਈਡੇਸ਼ੀਆ ਪ੍ਰਾਜੈਕਟ ਲਾਂਚ ਕੀਤਾ ਜਾਣਾ ਸੀ।
'ਰੇਸ' ਅਧੀਨ ਆਇਆ ਬੋਰਡ
ਪਹਿਲਾਂ ਬੋਰਡ ਨੇ ਈ-ਆਕਸ਼ਨ ਦੀ ਪ੍ਰਕਿਰਿਆ 1 ਸਤੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ ਪਰ ਇਸ ਵਿਚ ਇਕ ਸਮੱਸਿਆ ਆ ਰਹੀ ਸੀ ਕਿ ਬੋਰਡ ਉਸ ਸਮੇਂ ਰੀਅਲ ਇਸਟੇਟ ਰੈਗੂਲੇਟਰੀ ਅਥਾਰਟੀ (ਰੇਸ) ਤਹਿਤ ਰਜਿਸਟਰਡ ਨਹੀਂ ਸੀ ਪਰ ਹੁਣ ਬੋਰਡ ਰਜਿਸਟਰ ਹੋ ਚੁੱਕਾ ਹੈ। ਇਸ ਤੋਂ ਬਾਅਦ ਈ-ਆਕਸ਼ਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਖਾਸ ਗੱਲ ਇਹ ਹੈ ਕਿ ਈ-ਆਕਸ਼ਨ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਨੂੰ ਫ੍ਰੀ ਹੋਲਡ ਕਰ ਦਿੱਤਾ ਗਿਆ ਹੈ, ਜਦਕਿ ਬਾਕੀ ਪਲਾਟ ਲੀਜ਼ ਹੋਲਡ ਦੇ ਆਧਾਰ 'ਤੇ ਹੀ ਨਿਲਾਮ ਕੀਤੇ ਜਾਣਗੇ।
ਮਿਡਲ ਕਲਾਸ ਦੀ ਪਹੁੰਚ ਤੋਂ ਦੂਰ
ਆਈ. ਟੀ. ਪਾਰਕ ਵਰਗੀ ਬਿਹਤਰੀਨ ਲੋਕੇਸ਼ਨ ਵਿਚ ਆਪਣਾ ਫਲੈਟ ਲੈਣ ਦਾ ਸੁਪਨਾ ਹਰ ਕਿਸੇ ਦਾ ਹੈ ਪਰ ਮਿਡਲ ਕਲਾਸ ਲਈ ਇਥੇ ਆਪਣਾ ਆਸ਼ਿਆਨਾ ਹਾਸਿਲ ਕਰਨਾ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ। ਦਰਅਸਲ ਜਿਸ ਨੂੰ ਰੈਜ਼ੀਡੈਂਸ਼ੀਅਲ ਸਾਈਟ ਦਾ ਪਲਾਟ ਮਿਲੇਗਾ, ਉਸ ਨੂੰ ਆਪਣੇ ਮੁਨਾਫ਼ੇ ਨੂੰ ਦੇਖਦਿਆਂ ਹੋਇਆਂ ਕਾਫ਼ੀ ਮਹਿੰਗੀ ਕੀਮਤ 'ਤੇ ਫਲੈਟ ਵੇਚਣੇ ਪੈਣਗੇ। ਸੂਤਰਾਂ ਅਨੁਸਾਰ ਇਕ ਫਲੈਟ ਦੀ ਕੀਮਤ 3 ਤੋਂ 4 ਕਰੋੜ ਹੋ ਸਕਦੀ ਹੈ।
ਕੈਪਟਨ ਅਮਰਿੰਦਰ ਦੀ ਅੱਡੀ 'ਚ ਆਈ ਮੋਚ, ਡਾਕਟਰਾਂ ਨੇ ਦਿੱਤੀ ਅਹਿਮ ਸਲਾਹ, ਨਹੀਂ ਹੋਣਗੇ ਛਪਾਰ ਮੇਲੇ 'ਚ ਸ਼ਾਮਲ
NEXT STORY