ਰਾਊਕੇ ਕਲਾਂ/ਮੋਗਾ (ਪਵਨ ਗਰੋਵਰ, ਗੋਪੀ ਰਾਊਕੇ) - ਭਾਵੇਂ ਪੰਜਾਬ 'ਤੇ ਸਮੇਂ-ਸਮੇਂ 'ਤੇ ਰਾਜ ਕਰਨ ਵਾਲੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਆਲਾ ਮਿਆਰੀ ਦਰਜੇ ਦੀਆਂ ਸਿੱਖਿਆ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਹਨ ਪਰ ਜ਼ਮੀਨੀ ਹਕੀਕਤ ਸਰਕਾਰੀ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਹੈ। ਤਾਜ਼ਾ ਮਾਮਲਾ ਮੋਗਾ ਜ਼ਿਲੇ ਦੇ ਵੱਡੇ ਪਿੰਡ ਰਾਊਕੇ ਕਲਾਂ ਦਾ ਸਾਹਮਣੇ ਆਇਆ ਹੈ, ਜਿਥੇ ਸੰਨ 2000 ਦੌਰਾਨ ਉਦੋਂ ਦੀ ਅਕਾਲੀ ਹਕੂਮਤ ਨੇ ਪਿੰਡ 'ਚ ਲੜਕੇ ਅਤੇ ਲੜਕੀਆਂ ਦੇ ਸਕੂਲ ਵੱਖੋ-ਵੱਖਰੇ ਬਣਾਉਣ ਦਾ ਐਲਾਨ ਕੀਤਾ ਸੀ, ਜਿਸ ਤਹਿਤ ਪਿੰਡ ਵਾਸੀਆਂ ਨੇ ਸੰਤ ਪੂਰਨ ਦਾਸ ਦੀ ਅਗਵਾਈ ਹੇਠ ਲੱਖਾਂ ਰੁਪਏ ਦੀ ਲਾਗਤ ਨਾਲ ਇਕ ਨਵੀਂ ਆਲੀਸ਼ਾਨ ਬਿਲਡਿੰਗ ਬਣਾ ਕੇ ਵੀ ਸਿੱਖਿਆ ਵਿਭਾਗ ਦੇ ਸਪੁਰਦ ਇਸ ਆਸ ਨਾਲ ਕਰ ਦਿੱਤੀ ਕਿ ਪਿੰਡ 'ਚ ਲੜਕੇ ਅਤੇ ਲੜਕੀਆਂ ਵੱਖ-ਵੱਖ ਸਕੂਲਾਂ 'ਚ ਆਪਣਾ ਭਵਿੱਖ ਸੰਵਾਰ ਸਕਣਗੇ ਪਰ ਹੈਰਾਨੀ ਦੀ ਗੱਲ ਹੈ ਕਿ ਅੱਜ ਤੱਕ 18 ਸਾਲ ਬੀਤ ਜਾਣ 'ਤੇ ਵੀ ਸਿੱਖਿਆ ਮਹਿਕਮੇ ਨੇ ਦੋਵਾਂ ਸਕੂਲਾਂ ਨੂੰ ਵੱਖਰੇ ਤੌਰ 'ਤੇ ਮਨਜ਼ੂਰੀ ਨਹੀਂ ਦਿੱਤੀ, ਜਿਸ ਕਰ ਕੇ ਜਿਥੇ ਵਿਦਿਆਰਥੀਆਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ, ਉਥੇ ਹੀ ਦੋਵਾਂ ਸਕੂਲਾਂ ਕੋਲ ਹਾਲੇ ਤੱਕ ਇਕੋ ਜਿਹੀਆਂ ਪੋਸਟਾਂ ਹੀ ਮਨਜ਼ੂਰ ਹਨ, ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਸਕੂਲ ਦੇ ਕੁੱਝ ਅਧਿਆਪਕਾਂ ਨੂੰ ਦੋਵਾਂ ਵਿੰਗਾਂ 'ਚ ਪੀਰੀਅਡ ਲਾਉਣ ਲਈ ਜਾਣਾ ਪੈਂਦਾ ਹੈ।
'ਜਗ ਬਾਣੀ' ਵੱਲੋਂ ਇਸ ਮਾਮਲੇ 'ਚ ਕੀਤੀ ਗਈ ਵਿਸ਼ੇਸ਼ ਤਿਆਰ ਰਿਪੋਰਟ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ 498 ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਦੋਵਾਂ ਸਕੂਲਾਂ 'ਚ ਕੁੱਲ 37 ਮਨਜ਼ੂਰਸ਼ੁਦਾ ਪੋਸਟਾਂ, ਜਿਨ੍ਹਾਂ 'ਚੋਂ ਪ੍ਰਿੰਸੀਪਲ ਅਤੇ ਆਰਟਸ ਵਿਸ਼ਿਆਂ ਦੇ ਸਾਰੇ ਲੈਕਚਰਾਰਾਂ ਦੀਆਂ 5 ਪੋਸਟਾਂ ਸਮੇਤ 21 ਪੋਸਟਾਂ ਖਾਲੀ ਹਨ, ਇਥੇ ਹੀ ਬਸ ਨਹੀਂ ਸਕੂਲ 'ਚ 2008 ਦੌਰਾਨ ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਨਵੇਂ ਸਾਇੰਸ ਬਲਾਕ 'ਚ ਪਹਿਲਾਂ ਤਾਂ ਕਈ ਸਾਲ ਮੈਡੀਕਲ ਅਤੇ ਨਾਨ-ਮੈਡੀਕਲ ਵਿਸ਼ਿਆਂ ਨੂੰ ਪੜ੍ਹਾਉਣ ਲਈ ਲੈਕਚਰਾਰਾਂ ਦੀਆਂ ਪੋਸਟਾਂ ਨਾ ਭਰੀਆਂ ਹੋਣ ਕਰ ਕੇ ਸਕੂਲ 'ਚ ਇਨ੍ਹਾਂ ਵਿਸ਼ਿਆਂ ਦੀ ਸਾਇੰਸ ਬਲਾਕ 'ਚ ਪੜ੍ਹਾਈ ਹੀ ਸ਼ੁਰੂ ਨਹੀਂ ਹੋ ਸਕੀ ਅਤੇ ਹੁਣ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਨਵੇਂ ਲੈਕਚਰਾਰ ਤਾਂ ਸਕੂਲ 'ਚ ਕੀ ਭੇਜਣੇ ਸਨ, ਸਗੋਂ ਸਾਇੰਸ ਬਲਾਕ ਦੀਆਂ ਸਾਰੀਆਂ ਹੀ ਪੋਸਟਾਂ ਆਖਿਰਕਾਰ ਖਤਮ ਕਰਨ ਦਾ ਐਲਾਨ ਹੀ ਕਰ ਦਿੱਤਾ ਹੈ, ਜਿਸ ਮਗਰੋਂ ਪਿੰਡ ਦੇ ਵਿਦਿਆਰਥੀਆਂ ਦਾ ਇਸ ਸਕੂਲ ਦੇ ਸਾਇੰਸ ਬਲਾਕ 'ਚੋਂ ਮੈਡੀਕਲ ਅਤੇ ਨਾਨ-ਮੈਡੀਕਲ ਵਿਸ਼ੇ ਦੀ ਪੜ੍ਹਾਈ ਕਰਨ ਦਾ ਸੁਪਨਾ ਇਕ ਤਰ੍ਹਾਂ ਨਾਲ 'ਖਤਮ' ਹੀ ਹੋ ਕੇ ਰਹਿ ਗਿਆ ਹੈ। ਇਸ ਮਾਮਲੇ ਸਬੰਧੀ ਸਕੂਲ ਦੇ ਮੁਖੀ ਰਾਜਵੀਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਮੰਨਿਆ ਕਿ ਲੜਕੀਆਂ ਦਾ ਵਿੰਗ ਵੱਖਰਾ ਚੱਲ ਰਿਹਾ ਹੈ ਅਤੇ ਹਾਲੇ ਤੱਕ ਸਕੂਲ ਇਕ ਹੀ ਹੈ। ਉਨ੍ਹਾਂ ਸਾਇੰਸ ਬਲਾਕ ਦੀਆਂ ਪੋਸਟਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਸਾਇੰਸ ਬਲਾਕ ਦੀਆਂ ਪੋਸਟਾਂ ਹੋਰਨਾਂ ਸਕੂਲ 'ਚ ਮਰਜ ਕਰ ਦਿੱਤੀਆਂ ਹਨ।
ਗ੍ਰਾਮ ਪੰਚਾਇਤ ਵੱਲੋਂ ਮਾਮਲਾ ਉਠਾਉਣ ਦਾ ਐਲਾਨ
ਕਿਹਾ-ਵੱਖਰੇ ਸਕੂਲਾਂ ਲਈ ਪਹਿਲਾਂ ਵੀ ਭੇਜੇ ਸਨ ਪੰਚਾਇਤੀ ਮਤੇ
ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਪਿੰਡ ਦੇ ਸਰਪੰਚ ਸਵਰਨ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਤੇ ਪੰਚਾਇਤ ਵੱਲੋਂ ਮੀਟਿੰਗ ਕਰ ਕੇ ਪਿੰਡ ਦੇ ਸਕੂਲ 'ਚ ਸਾਇੰਸ ਬਲਾਕ ਦੀਆਂ ਕਲਾਸਾਂ ਚਲਾਉਣ ਲਈ ਮੁੜ ਚਾਰਾਜੋਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੱਖਰੇ ਸਕੂਲਾਂ ਨੂੰ ਮਨਜ਼ੂਰੀ ਦਿਵਾਉਣ ਲਈ ਪੰਚਾਇਤ ਵੱਲੋਂ ਪਹਿਲਾਂ ਵੀ ਪੰਚਾਇਤੀ ਮਤੇ ਪਾ ਕੇ ਵਿਭਾਗ ਅਤੇ ਪਿਛਲੀ ਅਕਾਲੀ ਸਰਕਾਰ ਦੇ ਨੁਮਾਇੰਦਿਆਂ ਨੂੰ ਦਿੱਤੇ ਗਏ ਸਨ। ਉਨ੍ਹਾਂ ਕਿਹਾ ਕਿ ਸਕੂਲ ਦੀਆਂ ਖਾਲੀ ਪੋਸਟਾਂ ਭਰਵਾਉਣ ਲਈ ਪੰਜਾਬ ਸਰਕਾਰ ਨਾਲ ਸਬੰਧ ਰੱਖਣ ਵਾਲੇ ਆਗੂਆਂ ਅਤੇ ਜ਼ਿਲਾ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ।
ਬਹੁਤੇ ਪਿੰਡ ਵਾਸੀਆਂ ਨੂੰ ਨਹੀਂ ਪੋਸਟਾਂ ਮਰਜ ਕਰਨ ਦਾ ਗਿਆਨ
ਵਿਭਾਗੀ ਸੂਤਰਾਂ ਨੇ ਇਸ ਗੱਲ ਨੂੰ ਵੀ ਬੇਪਰਦ ਕੀਤਾ ਹੈ ਕਿ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ, ਸਿਆਸੀ ਧਿਰਾਂ ਅਤੇ ਹੋਰ ਸਮਾਜਕ ਜਥੇਬੰਦੀਆਂ ਨਾਲ ਸਬੰਧ ਰੱਖਣ ਵਾਲੇ ਬਹੁਤੇ ਪਿੰਡ ਵਾਸੀਆਂ ਨੂੰ ਸਾਇੰਸ ਬਲਾਕ ਦੀਆਂ ਪੋਸਟਾਂ ਮਰਜ ਕਰਨ ਸਬੰਧੀ ਬਹੁਤਾ ਗਿਆਨ ਹੀ ਹਾਲੇ ਤੱਕ ਨਹੀਂ ਮਿਲਿਆ, ਜਿਸ ਕਰ ਕੇ ਪਿੰਡ ਵਾਸੀਆਂ ਨੇ ਹਾਲੇ ਤੱਕ ਪਿੰਡ 'ਚ ਸਾਇੰਸ ਬਲਾਕ ਦੀ ਮੁੜ ਸਥਾਪਨਾ ਕਰਵਾਉਣ ਲਈ ਚਾਰਾਜੋਈ ਸ਼ੁਰੂ ਹੀ ਨਹੀਂ ਕੀਤੀ।
ਪੁਲਸ ਨੇ ਵੇਅਰ ਹਾਊਸ 'ਚੋਂ ਲੁੱਟੇ ਲੱਖਾਂ ਦੇ ਚੌਲ ਕੀਤੇ ਬਰਾਮਦ
NEXT STORY