ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜ) - ਸ਼ਹਿਰ ਅੰਦਰ ਘੁੰਮਦੇ ਅਵਾਰਾ ਪਸ਼ੂਆਂ ਕਾਰਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ, ਜਿਸ ਕਾਰਨ ਕਈ ਲੋਕ ਮੌਤ ਦੇ ਮੂੰਹ 'ਚ ਚੱਲੇ ਗਏ ਹਨ। ਅਜਿਹੀ ਹੀ ਇਕ ਹੋਰ ਘਟਨਾ ਪਿੰਡ ਬਰੰਕਦੀ ਦੇ ਰਹਿਣ ਵਾਲੇ ਮਿਸਤਰੀ ਜਗਤਾਰ ਸਿੰਘ (40) ਸਾਲ ਨਾਲ ਵਾਪਰੀ ਹੈ, ਜਿਸ ਦੀ ਬੀਤੀ ਰਾਤ ਇਕ ਅਵਾਰਾ ਪਸ਼ੂ ਨਾਲ ਟਕਰਾ ਜਾਣ ਕਰਕੇ ਮੌਤ ਹੋ ਗਈ ਹੈ। ਹਾਦਸਾ ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਸੜਕ ਉਪਰ ਨਹਿਰੀ ਕਲੋਨੀ ਦੇ ਸਾਹਮਣੇ ਨਗਰ ਕੌਂਸਲ ਵੱਲੋਂ ਬਣਾਏ ਗਏ ਅਣ-ਅਧਿਕਾਰਤ ਕੂੜਾ ਡੰਪ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ, ਕਿਉਂਕੇ ਕੂੜੇ ਕਰਕੇ ਉਥੇ ਅਵਾਰਾ ਪਸ਼ੂ ਆਮ ਹੀ ਫਿਰਦੇ ਰਹਿੰਦੇ ਹਨ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਗਤਾਰ ਸਿੰਘ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਅੱਡੇ ਕੋਲ ਵਰਕਸ਼ਾਪ ਚਲਾਉਂਦਾ ਸੀ। ਉਸ ਦੇ ਭਾਈ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐਤਵਾਰ ਦੀ ਸ਼ਾਮ ਨੂੰ ਕਰੀਬ 8 ਵਜੇ ਉਹ ਦੋਵੇਂ ਭਾਈ ਆਪੋ-ਆਪਣੇ ਸਕੂਟਰਾਂ 'ਤੇ ਪਿੰਡ ਬਰਕੰਦੀ ਵਾਪਸ ਜਾ ਰਹੇ ਸਨ ਤੇ ਜਗਤਾਰ ਸਿੰਘ ਦਾ ਸਕੂਟਰ ਅੱਗੇ ਸੀ। ਅਚਾਨਕ ਹੀ ਉਸ ਦੇ ਸਕੂਟਰ 'ਚ ਲੜਦੇ ਹੋਏ ਦੋ ਢੱਠੇ ਟਕਰਾ ਗਏ, ਜਿਸ ਕਾਰਨ ਉਹ ਥੱਲੇ ਡਿੱਗ ਪਿਆ ਅਤੇ ਆਵਾਰਾ ਪਸ਼ੂ ਉਸ ਨੂੰ ਮਿੱਧ ਕੇ ਅੱਗੇ ਲੰਘ ਗਏ। ਗੰਭੀਰ ਜ਼ਖਮੀ ਹਾਲਤ 'ਚ ਉਸ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਪਰ ਉਹ ਰਸਤੇ 'ਚ ਉਸ ਦੀ ਮੌਤ ਹੋ ਗਈ।
ਮ੍ਰਿਤਕ ਆਪਣੇ ਪਿੱਛੇ ਵਿਧਵਾ, ਚਾਰ ਧੀਆਂ ਤੇ ਇਕ ਪੁੱਤਰ ਛੱਡ ਗਿਆ ਹੈ। ਪਰਿਵਾਰ ਨੇ ਇਸ ਘਟਨਾ ਲਈ ਅਵਾਰਾ ਪਸ਼ੂਆਂ ਨੂੰ ਸੰਭਾਲਣ 'ਚ ਨਾਕਾਮ ਰਹਿਣ 'ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਜ਼ਿੰਮੇਵਾਰ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੌਰਾਨ ਥਾਨਾ ਸਿਟੀ ਦੇ ਤਫਤੀਸ਼ੀ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਕਰਨ ਲਈ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਪੋਸਟ ਮਾਰਟਮ ਉਪਰੰਤ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਅਮਰੀਕਨ ਕੁੜੀ ਨਾਲ ਗੈਂਗਰੇਪ ਮਾਮਲੇ 'ਚ ਆਟੋ ਚਾਲਕ ਖਿਲਾਫ ਦੋਸ਼ ਤੈਅ
NEXT STORY