ਤਰਨਤਾਰਨ (ਰਮਨ) : ਤਕਨੀਕੀ ਮਾਹਿਰਾਂ ਦੀ ਮਦਦ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਕੇਂਦਰੀ ਜੇਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆਏ ਦਿਨ ਨਸ਼ੀਲੇ ਪਦਾਰਥ, ਮੋਬਾਇਲ ਅਤੇ ਹੋਰ ਸਾਮਾਨ ਬਰਾਮਦ ਹੋਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਇਸ ਦੀ ਇਕ ਹੋਰ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਜੇਲ੍ਹ ਪ੍ਰਸ਼ਾਸਨ ਵਲੋਂ ਤਲਾਸ਼ੀ ਅਭਿਆਨ ਦੌਰਾਨ 14 ਮੋਬਾਇਲ, 8 ਹੈੱਡ ਫੋਨ, 13 ਸਿਮਾਂ, 4 ਅਡਾਪਟਰ, 5 ਡਾਟਾ ਕੇਬਲਾਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 5 ਨੂੰ ਨਾਮਜ਼ਦ ਕਰਦੇ ਹੋਏ ਅਤੇ ਇਕ ਅਣਪਛਾਤੇ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਇਹ ਬਰਾਮਦਗੀ ਵਾਰਡ ਨੰਬਰ-8 ਦੇ ਕਮਰਾ ਨੰਬਰ-6 ਅੰਦਰੋਂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੇ ਮੁਖੀ ਰਜਿੰਦਰ ਸਿੰਘ ਨੇ ਦੱਸਿਆ ਕਿ ਬਰਾਮਦ ਹੋਏ ਸਾਮਾਨ ਨੂੰ ਕਬਜ਼ੇ ਵਿਚ ਲੈਂਦੇ ਹੋਏ ਸਹਾਇਕ ਸੁਪਰਡੈਂਟ ਬਲਬੀਰ ਸਿੰਘ ਦੇ ਬਿਆਨਾਂ ਹੇਠ ਕੁਲਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਪੱਟੀ, ਭਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮੱਲ੍ਹੀਆਂ, ਪਾਰਸਦੀਪ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਹਰੀਪੁਰਾ ਅੰਮ੍ਰਿਤਸਰ, ਨਿਖਿਲ ਕੁਮਾਰ ਪੁੱਤਰ ਕੇਵਲ ਕੁਮਾਰ ਵਾਸੀ ਤਰਨਤਾਰਨ ਰੋਡ ਅੰਮ੍ਰਿਤਸਰ ਅਤੇ ਗੁਰਪ੍ਰੀਤ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਮੁਹੱਲਾ ਸ਼ੇਖੂਪੁਰਾ ਅਤੇ ਇਕ ਅਣਪਛਾਤੇ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੋਗਾ ’ਚ ਵੱਡੀ ਵਾਰਦਾਤ, ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਬਜ਼ੁਰਗ
NEXT STORY