ਚੰਡੀਗੜ੍ਹ (ਅਸ਼ਵਨੀ)—ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਾਂਗਰਸ ਆਗੂ ਸੁਨੀਲ ਜਾਖੜ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀਆਂ ਉਨ੍ਹਾਂ ਟਿੱਪਣੀਆਂ ਨੂੰ 'ਅਪਮਾਨਜਨਕ, ਘਿਣਾਉਣੀਆਂ ਅਤੇ ਬੇਅਦਬੀ ਭਰੀਆਂ' ਕਰਾਰ ਦਿੱਤਾ ਹੈ, ਜਿਨ੍ਹਾਂ 'ਚ ਜਾਖੜ ਨੇ ਗੁਰੂ ਨਾਨਕ ਦੇਵ ਜੀ ਦੀ ਵਿਰਾਸਤ ਨੂੰ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਵੰਡੀਆਂ ਪਾਉਣ ਵਾਲੀ ਦੱਸਦਿਆਂ ਇਸ ਨੂੰ 1947 ਵਿਚ ਭਾਰਤ-ਪਾਕਿਸਤਾਨ ਵੰਡ ਕਰਾਉਣ ਵਾਲੀ ਕਰਾਰ ਦਿੱਤਾ ਸੀ। ਅਕਾਲੀ ਦਲ ਨੇ ਜਾਖੜ ਨੂੰ ਕਿਹਾ ਹੈ ਕਿ ਉਹ ਮਹਾਨ ਗੁਰੂ ਸਾਹਿਬਾਨ ਦੇ ਪਵਿੱਤਰ ਸੁਨੇਹੇ ਅਤੇ ਜ਼ਿੰਦਗੀ ਨੂੰ ਫਿਰਕੂ ਰੰਗਤ ਦੇਣ ਦੀ ਨਾ-ਮੁਆਫੀਯੋਗ ਹਰਕਤ ਲਈ ਪੂਰੀ ਮਨੁੱਖਤਾ ਖਾਸ ਕਰ ਕੇ ਪੂਰੀ ਦੁਨੀਆ ਅੰਦਰ ਵਸਦੀ ਨਾਨਕ ਨਾਮ ਲੇਵਾ ਸੰਗਤ ਤੋਂ ਮੁਆਫੀ ਮੰਗੇ।
ਦੱਸਣਯੋਗ ਹੈ ਕਿ ਜਾਖੜ ਨੇ ਸ਼ੁੱਕਰਵਾਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਿਹਾ ਸੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਟਵਾਰੇ ਦੀ ਨੀਂਹ ਉਸ ਸਮੇਂ ਰੱਖੀ ਗਈ ਸੀ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਹਿੰਦੂ ਅਤੇ ਮੁਸਲਮਾਨ ਸ਼ਰਧਾਲੂਆਂ ਨੇ ਆਪੋ ਆਪਣੇ ਧਰਮ ਮੁਤਾਬਿਕ ਆਖਰੀ ਰਸਮਾਂ ਕਰਨ ਲਈ ਉਨ੍ਹਾਂ ਦੀ ਚਾਦਰ ਦੇ ਟੁਕੜੇ ਕਰ ਕੇ ਵੰਡ ਲਿਆ ਸੀ।
ਇਸ ਬਾਰੇ ਸਖ਼ਤ ਬਿਆਨ ਜਾਰੀ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਬਲਵਿੰਦਰ ਸਿੰਘ ਭੂੰਦੜ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਜਾਖੜ ਦੀਆਂ ਟਿੱਪਣੀਆਂ ਨੂੰ ਫਿਰਕੂ ਜ਼ਹਿਰ ਨਾਲ ਭਰੀਆਂ ਤੇ ਅਸਵੀਕਾਰਯੋਗ ਕਰਾਰ ਦਿੱਤਾ ਹੈ।
ਅਕਾਲੀ ਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਉਹ ਅਤੇ ਉਨ੍ਹਾਂ ਦੀ ਪਾਰਟੀ ਵੀ ਜਾਖੜ ਦੇ ਵਿਚਾਰਾਂ ਨਾਲ ਸਹਿਮਤ ਹਨ?ਉਨ੍ਹਾਂ ਕਿਹਾ ਕਿ ਜਾਖੜ ਅਤੇ ਕਾਂਗਰਸ ਪਾਰਟੀ ਦੀਆਂ ਟਿੱਪਣੀਆਂ ਗੁਰੂ ਸਾਹਿਬ ਦੀ ਸਰਬ ਸਾਂਝੀਵਾਲਤਾ ਦੀ ਵਿਚਾਰਧਾਰਾ ਦਾ ਘੋਰ ਅਪਮਾਨ ਹਨ, ਜਿਸ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਕੱਠੇ ਕੀਤਾ ਸੀ। ਉਨ੍ਹਾਂ ਕਿਹਾ ਕਿ ਚਾਦਰ ਨੂੰ ਵੰਡਣਾ ਵੀ ਦੋਵਾਂ ਭਾਈਚਾਰਿਆਂ ਵਿਚ ਗੁਰੂ ਨਾਨਕ ਦੇਵ ਜੀ ਲਈ ਸਾਂਝੇ ਪਿਆਰ ਅਤੇ ਸਤਿਕਾਰ ਦਾ ਪ੍ਰਤੀਕ ਸੀ।
ਅਕਾਲੀ ਆਗੂਆਂ ਨੇ ਕਿਹਾ ਕਿ ਜਾਖੜ ਤਾਜ਼ਾ ਇਤਿਹਾਸ ਵੀ ਭੁੱਲ ਗਿਆ ਜਾਪਦਾ ਹੈ ਕਿ ਜਦੋਂ 1947 ਵਿਚ ਹਿੰਦੂ ਅਤੇ ਮੁਸਲਮਾਨ ਦੇਸ਼ ਦੀ ਵੰਡ ਚਾਹੁੰਦੇ ਸਨ ਤਾਂ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ ਸੀ ਅਤੇ ਭਾਰਤ ਦੀ ਏਕਤਾ ਦੀ ਵਕਾਲਤ ਕੀਤੀ ਸੀ। ਉਨ੍ਹਾਂ ਕਿਹਾ ਕਿ ਕੌਣ ਭੁੱਲ ਸਕਦਾ ਹੈ ਕਿ ਕਿਸ ਤਰ੍ਹਾਂ ਅਕਾਲੀ ਦਲ ਦੇ ਆਗੂ ਮਾਸਟਰ ਤਾਰਾ ਸਿੰਘ ਨੇ ਸਿੱਖਾਂ ਦੀ ਨੁਮਾਇਘਦਗੀ ਕਰਦਿਆਂ ਵੰਡ ਦਾ ਪੂਰੀ ਤਰ੍ਹਾਂ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਟੁਕੜੇ ਇਸ ਲਈ ਹੋਏ ਕਿਉਂਕਿ ਕਾਂਗਰਸ ਅਤੇ ਮੁਸਲਿਮ ਲੀਗ ਨੇ ਮਹਾਨ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਉਸ ਮਹਾਨ ਗੁਰੂ ਦੇ ਦੇਸ਼ ਦੀ ਫਿਰਕੂ ਵੰਡ ਕਰਨ ਲਈ ਸਹਿਮਤ ਹੋ ਗਈਆਂ, ਜਿਸ ਨੇ ਬਾਹਰੀ ਹਮਲਾਵਰਾਂ ਵੱਲੋਂ ਭਾਰਤ ਦੇ ਲੋਕਾਂ ਉੱਤੇ ਢਾਹੇ ਜ਼ੁਲਮਾਂ ਵਿਰੁੱਧ ਆਵਾਜ਼ ਉੁਠਾਉਂਦਿਆਂ ਕਿਹਾ ਸੀ ਕਿ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ।
ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਸਮਾਗਮ ਲਈ ਕੇਂਦਰ ਦੇ ਪ੍ਰਬੰਧਾਂ ਤੋਂ ਤ੍ਰਿਪਤ ਬਾਜਵਾ ਨਾਖੁਸ਼
NEXT STORY