ਜਲਾਲਾਬਾਦ (ਸੇਤੀਆ, ਨਾਗਪਾਲ) - ਵਿਜੀਲੈਂਸ ਵਿਭਾਗ ਦੀ ਟੀਮ ਨੇ ਥਾਣਾ ਅਮੀਰ ਖਾਸ ਦੇ ਐੱਸ.ਐੱਚ.ਓ. ਗੁਰਿੰਦਰ ਸਿੰਘ ਵੜੈਚ ਨੂੰ 23 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਕਰਨੈਲ ਸਿੰਘ ਵਾਸੀ ਸੁਖੇਰਾ ਬੋਦਲਾ ਤੋਂ ਐੱਸ.ਐੱਚ.ਓ. ਅਮੀਰ ਖਾਸ ਨੇ ਇਕ ਮਾਮਲੇ ਦੀ ਕਾਰਵਾਈ ਕਰਨ ਲਈ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਅਤੇ ਜਿਸ ਤੋਂ ਬਾਅਦ ਕਰਨੈਲ ਸਿੰਘ ਨੇ ਇਹ ਮਾਮਲਾ ਸੀ.ਪੀ.ਆਈ. ਜਥੇਬੰਦੀ ਦੇ ਆਗੂਆਂ ਦੇ ਧਿਆਨ 'ਚ ਲਿਆਂਦਾ ਅਤੇ ਬਾਅਦ 'ਚ ਇਸ ਦੀ ਸ਼ਿਕਾਇਤ ਵਿਜੀਲੈਂਸ ਟੀਮ ਨੂੰ ਦਿੱਤੀ। ਸ਼ੁੱਕਵਾਰ ਨੂੰ ਜਦੋਂ ਕਰਨੈਲ ਸਿੰਘ ਤੋਂ ਐੱਸ.ਐੱਚ.ਓ. ਅਮੀਰ ਖਾਸ 23 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਤਾਂ ਡੀ.ਐੱਸ.ਪੀ. ਗੁਰਿੰਦਰਜੀਤ ਸਿੰਘ ਅਤੇ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਛਾਪੇਮਾਰੀ ਕਰਦਿਆਂ ਉਸ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਜਾਣਕਾਰੀ ਦਿੰਦਿਆਂ ਕਰਨੈਲ ਸਿੰਘ ਨੇ ਦੱਸਿਆ ਕਿ ਉਸ ਨੇ ਨਿਰਮਲ ਸਿੰਘ ਫੌਜੀ ਫਿਰੋਜ਼ਸ਼ਾਹ ਕੋਲੋਂ ਜੇ.ਸੀ.ਬੀ. ਮਸ਼ੀਨ ਖਰੀਦੀ ਸੀ ਅਤੇ ਇਹ ਜੇ.ਸੀ.ਬੀ. ਉਸ ਨੇ ਮੱਖਣ ਸਿੰਘ ਗਜਨੀ ਵਾਲਾ ਕੋਲੋਂ ਲਈ ਸੀ, ਜਿਸ ਲਈ 1 ਲੱਖ 88 ਹਜ਼ਾਰ ਰੁਪਏ ਦੇਣੇ ਸੀ। ਉਸ ਨੇ ਦੱਸਿਆ ਕਿ ਉਹ ਬੈਂਕ ਦੀਆਂ ਕਿਸ਼ਤਾਂ ਰੇਗੂਲਰ ਦਿੰਦਾ ਰਿਹਾ ਅਤੇ ਉਸ ਦੀਆਂ 3-4 ਕਿਸ਼ਤਾਂ ਰਹਿੰਦੀਆਂ ਸਨ ਪਰ ਉਨ੍ਹਾਂ ਨੇ ਸਾਜਿਸ਼ ਦੇ ਤਹਿਤ ਉਸ ਕੋਲੋਂ ਜੇ.ਸੀ.ਬੀ. ਖੋਹ ਲਈ, ਜਿਸ ਦੀ ਸ਼ਿਕਾਇਤ ਉਨ੍ਹਾਂ ਥਾਣਾ ਅਮੀਰ ਖਾਸ ਨੂੰ ਦਿੱਤੀ। ਇਸ ਮਾਮਲੇ ਦੀ ਕਾਰਵਾਈ ਕਰਨ ਲਈ ਐੱਸ.ਐੱਚ.ਓ. ਨੇ ਕਿਸੇ ਦਲਾਲ ਰਾਹੀਂ 1 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਪੇਸ਼ਗੀ ਵਜੋਂ 40 ਹਜ਼ਾਰ ਰੁਪਏ ਦਲਾਲ ਨੂੰ ਦੇ ਦਿੱਤੇ, ਜਿਸ 'ਚੋਂ 27 ਹਜ਼ਾਰ ਰੁਪਇਆ ਐੱਸ.ਐੱਚ.ਓ. ਕੋਲ ਪੁੱਜਾ ਅਤੇ ਬਾਕੀ ਵਿਜੀਲੈਂਸ ਵਿਭਾਗ ਵਲੋਂ ਰਿਕਾਰਡਿੰਗ ਉਪਕਰਣ ਦਿੱਤਾ ਗਿਆ, ਜਿਸ 'ਚ ਅਸੀਂ ਐੱਸ.ਐੱਚ.ਓ. ਨਾਲ ਰਿਸ਼ਵਤ ਸੰੰਬੰਧੀ ਮਾਮਲਾ ਦੱਸਿਆ ਅਤੇ ਸ਼ੁੱਕਵਾਰ ਥਾਣਾ ਅਮੀਰ ਖਾਸ ਅੰਦਰ 23 ਹਜ਼ਾਰ ਰੁਪਏ ਦੇ ਦਿੱਤੇ।
ਡੀ.ਐੱਸ.ਪੀ. ਗੁਰਿੰਦਰਜੀਤ ਸਿੰਘ ਨੇ ਮੀਡੀਆ ਨੂੰ ਪੂਰੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਇਸ ਸੰਬੰਧੀ ਜਾਣਕਾਰੀ ਐੱਸ.ਐੱਸ.ਪੀ. ਫਿਰੋਜ਼ਪੁਰ ਕਾਨਫਰੰਸ ਕਰਕੇ ਦੇਣਗੇ। ਇਸ ਸੰੰਬੰਧੀ ਜਦੋਂ ਐੱਸ.ਐੱਸ.ਪੀ. ਵਿਜੀਲੈਂਸ ਫਿਰੋਜ਼ਪੁਰ ਹਰਗੋਬਿੰਦ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਰਵਾਈ ਚੱਲ ਰਹੀ ਹੈ।
ਨਗਰ ਨਿਗਮ ਉਪ ਚੋਣਾਂ : ਕਾਂਗਰਸੀ ਉਮੀਦਵਾਰਾਂ ਨੇ ਲਹਿਰਾਇਆ ਜਿੱਤ ਦਾ ਝੰਡਾ
NEXT STORY