ਜਲੰਧਰ (ਸ਼ੋਰੀ)— ਉਂਝ ਤਾਂ ਵੱਡੇ-ਵੱਡੇ ਅਧਿਕਾਰੀ ਇਹ ਦਾਅਵਾ ਕਰਦੇ ਨਹੀਂ ਥੱਕਦੇ ਕਿ ਸਰਕਾਰੀ ਹਸਪਤਾਲ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਮੁਕਾਬਲੇ 'ਚ ਲੋਕਾਂ ਨੂੰ ਸਿਹਤ ਸਬੰਧੀ ਸੇਵਾਵਾਂ ਵਧੀਆ ਦੇ ਰਹੇ ਹਨ। ਨਾਲ ਹੀ ਸਰਕਾਰੀ ਹਸਪਤਾਲਾਂ ਦੇ ਸਟਾਫ ਨੂੰ ਸਖਤ ਹੁਕਮ ਦਿੱਤੇ ਗਏ ਹਨ ਕਿ ਲੋਕਾਂ ਦਾ ਧਿਆਨ ਠੀਕ ਤਰ੍ਹਾਂ ਨਾਲ ਰੱਖਿਆ ਜਾਵੇ ਪਰ ਸ਼ਾਇਦ ਸਿਵਲ ਹਸਪਤਾਲ ਜਲੰਧਰ 'ਚ ਇਹ ਸਰਕਾਰੀ ਹੁਕਮ ਲਾਗੂ ਨਹੀਂ ਹੁੰਦੇ ਅਤੇ ਜਾਂ ਫਿਰ ਸਿਵਲ ਹਸਪਤਾਲ 'ਚ ਤਾਇਨਾਤ ਸਟਾਫ 'ਚ ਇਨਸਾਨੀਅਤ ਹੀ ਨਹੀਂ ਬਚੀ।
ਅਕਸਰ ਕਈ ਅਜਿਹੇ ਮਾਮਲੇ ਸਿਵਲ ਹਸਪਤਾਲ 'ਚ ਦੇਖਣ ਨੂੰ ਮਿਲਦੇ ਹਨ ਜਦੋਂ ਮਰੀਜ਼ਾਂ ਨੂੰ ਹਸਪਤਾਲ 'ਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਿਵਲ ਹਸਪਤਾਲ 'ਚ ਜੱਚਾ-ਬੱਚਾ ਹਸਪਤਾਲ 'ਚ ਕੁਝ ਸਟਾਫ ਮੈਂਬਰਾਂ ਵੱਲੋਂ ਡਿਲਿਵਰੀ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰਾਂ ਤੋਂ ਧੱਕੇ ਨਾਲ ਵਧਾਈ ਮੰਗਣ ਦਾ ਮਾਮਲਾ ਅਜੇ ਰੁਕਿਆ ਨਹੀਂ ਕਿ ਹੁਣ ਹਸਪਤਾਲ 'ਚ ਅਣਜਾਣ ਲੋਕਾਂ ਦੀ ਕੇਅਰ ਨਾ ਹੋਣ ਦਾ ਮਾਮਲਾ ਜ਼ੋਰ ਫੜ ਰਿਹਾ ਹੈ। ਜਾਣਕਾਰੀ ਮੁਤਾਬਕ ਹਸਪਤਾਲ 'ਚ ਟਰੌਮਾ ਵਾਰਡ 'ਚ ਇਕ ਅਣਜਾਣ ਵਿਅਕਤੀ ਨੂੰ ਡਾਇਲ ਨੰਬਰ 108 ਦੀ ਐਂਬੂਲੈਂਸ ਬੇਹੋਸ਼ੀ ਦੀ ਹਾਲਤ 'ਚ ਦਾਖਲ ਕਰਵਾ ਕੇ ਚਲੀ ਗਈ। ਸਟਾਫ ਨੇ ਉਕਤ ਵਿਅਕਤੀ ਨੂੰ ਬੈੱਡ 'ਤੇ ਲਿਟਾ ਕੇ ਜ਼ਿੰਮੇਵਾਰੀ ਖਤਮ ਕੀਤੀ ਪਰ ਉਕਤ ਵਿਅਕਤੀ ਜ਼ਮੀਨ 'ਤੇ ਡਿੱਗ ਗਿਆ ਅਤੇ ਵਾਰਡ 'ਚ ਹੁੰਮਸ ਕਾਰਨ ਵਾਰਡ ਤੋਂ ਬਾਹਰ ਆਇਆ ਅਤੇ ਦੁਬਾਰਾ ਤੋਂ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗਾ ਰਿਹਾ। ਉਸ ਨੂੰ ਕਿਸੇ ਨੇ ਚੁੱਕ ਕੇ ਬੈੱਡ 'ਤੇ ਲਿਟਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾਈ।
ਉਥੇ ਹੀ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਵੀ ਦਿਮਾਗੀ ਤੌਰ 'ਤੇ ਪਰੇਸ਼ਾਨ ਇਕ ਵਿਅਕਤੀ ਨੂੰ ਐਂਬੂਲੈਂਸ ਦੇ ਸਟਾਫ ਮੈਂਬਰ ਲਗਭਗ 3 ਦਿਨ ਪਹਿਲਾਂ ਹਸਪਤਾਲ ਦਾਖਲ ਕਰਵਾ ਕੇ ਗਏ ਸਨ। ਦਿਮਾਗੀ ਤੌਰ 'ਤੇ ਪਰੇਸ਼ਾਨ ਲੋਕਾਂ ਨੂੰ ਉਂਝ ਦਿਮਾਗ ਦੇ ਮਾਹਿਰ ਡਾਕਟਰ ਦੇਖ ਕੇ ਇਲਾਜ ਕਰਦੇ ਹਨ ਅਤੇ ਮਰੀਜ਼ ਨੂੰ ਨਸ਼ਾ ਛੁਡਾਊ ਕੇਂਦਰ ਦੀ ਬਿਲਡਿੰਗ 'ਚ ਸਥਾਪਤ ਦਿਮਾਗੀ ਤੌਰ 'ਤੇ ਪਰੇਸ਼ਾਨ ਲੋਕਾਂ ਲਈ ਬਣੇ ਸਪੈਸ਼ਲ ਵਾਰਡ 'ਚ ਰੱਖਿਆ ਜਾਂਦਾ ਹੈ ਪਰ ਇਨ੍ਹੀਂ ਦਿਨੀਂ ਨਸ਼ਾ ਛੁਡਾਉਣ ਵਾਲਿਆਂ ਵੱਲੋਂ ਕੇਂਦਰ 'ਚ ਇਲਾਜ ਅਧੀਨ ਪੂਰਾ ਵਾਰਡ ਹਾਊਸਫੁਲ ਹੋ ਚੁੱਕਾ ਹੈ, ਜਿਸ ਕਾਰਨ ਅਣਜਾਣ ਵਿਅਕਤੀ ਨੂੰ 3 ਦਿਨਾਂ ਤੋਂ ਐਮਰਜੈਂਸੀ ਵਾਰਡ 'ਚ ਹੀ ਰੱਖਿਆ ਗਿਆ ਹੈ ਪਰ ਇਥੇ ਉਸ ਦਾ ਹਾਲ ਜਾਨਵਰਾਂ ਵਰਗਾ ਹੈ। ਰੋਜ਼ਾਨਾ ਉਹ ਬੈੱਡ ਤੋਂ ਜ਼ਮੀਨ 'ਤੇ ਡਿੱਗਦਾ ਹੈ ਅਤੇ ਉਸ ਨੂੰ ਕੋਈ ਚੁੱਕਦਾ ਹੀ ਨਹੀਂ। ਅੱਜ ਵੀ ਬੈੱਡ ਤੋਂ ਡਿੱਗਿਆ ਅਤੇ ਡਿਊਟੀ 'ਤੇ ਬੈਠੇ ਡਾਕਟਰ ਨੇ ਦਰਜਾ ਚਾਰ ਕਰਮਚਾਰੀ ਨੂੰ ਉਸ ਨੂੰ ਚੁੱਕ ਕੇ ਬੈੱਡ 'ਤੇ ਲਿਟਾਉਣ ਨੂੰ ਕਿਹਾ ਪਰ ਡਾਕਟਰ ਦੀ ਗੱਲ ਵੀ ਅਣਸੁਣੀ ਕਰ ਦਿੱਤੀ ਗਈ। ਦਰਜਾ ਚਾਰ ਕਰਮਚਾਰੀ ਦਾ ਕਹਿਣਾ ਸੀ ਕਿ ਕਈ ਵਾਰ ਜ਼ਮੀਨ 'ਤੇ ਡਿੱਗ ਰਹੇ ਇਸ ਵਿਅਕਤੀ ਨੂੰ ਚੁੱਕ ਕੇ ਲਿਟਾ-ਲਿਟਾ ਕੇ ਥੱਕ ਗਏ ਹਨ। ਇਹ ਤਾਂ ਸਿਵਲ ਹਸਪਤਾਲ ਦੇ ਹਾਲ ਹੋਏ ਪਏ ਹਨ। ਕੀ ਅਜਿਹੇ ਹਾਲਾਤ ਨੂੰ ਦੂਰ ਕਰਨ ਲਈ ਅਧਿਕਾਰੀ ਕੋਈ ਸਖਤ ਕਦਮ ਚੁੱਕਣਗੇ ਜਾਂ ਨਹੀਂ।
ਜਲੰਧਰ 'ਚ ਪੂਰੀ ਤਰ੍ਹਾਂ ਫਲਾਪ ਹੋਈ ਸਵੱਛ ਭਾਰਤ ਮੁਹਿੰਮ
NEXT STORY