ਜਲੰਧਰ (ਸੁਧੀਰ) - ਨਸ਼ਾ ਸਮਗੱਲਰਾਂ ਦਾ ਨੈੱਟਵਰਕ ਤੋੜਨ ਤੇ ਉਨ੍ਹਾਂ ਨੂੰ ਜੇਲਾਂ 'ਚ ਡੱਕਣ ਲਈ ਕਮਿਸ਼ਨਰੇਟ ਪੁਲਸ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਕਮਿਸ਼ਨਰੇਟ ਪੁਲਸ ਨਸ਼ੇ ਦਾ ਖਾਤਮਾ ਕਰਨ ਅਤੇ ਨਸ਼ਾ ਸਮੱਗਲਰਾਂ ਦਾ ਸਫਾਇਆ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਪਿਛਲੇ 7 ਮਹੀਨਿਆਂ 'ਚ ਕਮਿਸ਼ਨਰੇਟ ਪੁਲਸ ਨੇ ਨਸ਼ਾ ਸਮੱਗਲਰਾਂ ਖਿਲਾਫ 134 ਮਾਮਲੇ ਦਰਜ ਕਰਕੇ 100 ਦੇ ਕਰੀਬ ਸਮੱਗਲਰਾਂ ਕੋਲੋਂ ਭਾਰੀ ਮਾਤਰਾ 'ਚ ਨਸ਼ੇ ਵਾਲੇ ਪਦਾਰਥ ਬਰਾਮਦ ਕਰ ਕੇ ਉਨ੍ਹਾਂ ਨੂੰ ਜੇਲਾਂ 'ਚ ਡੱਕਿਆ ਹੈ। ਪੁਲਸ ਨੇ ਪਿਛਲੇ ਕੁੱਝ ਸਮੇਂ 'ਚ ਕਈ ਨਾਈਜੀਰੀਅਨਾਂ ਖਿਲਾਫ ਨਸ਼ਾ ਸਮੱਗਲਿੰਗ ਦੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਸ ਵਲੋਂ ਸਮੇਂ-ਸਮੇਂ 'ਤੇ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਏ. ਡੀ. ਸੀ. ਪੀ. ਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਸ ਪਬਲਿਕ ਮੀਟਿੰਗਾਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ 'ਚ ਲੋਕਾਂ ਨੂੰ ਨਸ਼ਾ ਸਮੱਗਲਰਾਂ ਦੀ ਸੂਚਨਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਪੁਲਸ ਦਾ ਸਹਿਯੋਗ ਦੇਣ ਦਾ ਨਸ਼ੇ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਨਸ਼ੇ ਦੇ ਆਦੀ ਨੌਜਵਾਨਾਂ ਨੂੰ ਵੀ ਸਮੇਂ-ਸਮੇਂ 'ਤੇ ਨਸ਼ਾ ਛੁਡਾਊ ਕੇਂਦਰਾਂ 'ਚਭਰਤੀ ਕਰਵਾਇਆ ਗਿਆ ਹੈ।
ਨਸ਼ਾ ਸਮੱਗਲਰਾਂ ਦੀ ਗ੍ਰਿਫਤਾਰੀ ਲਈ ਪੁਲਸ ਨੇ ਬਣਾਈਆਂ ਵਿਸ਼ੇਸ਼ ਟੀਮਾਂ : ਭੰਡਾਲ
ਇਸ ਸਬੰਧ 'ਚ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ, ਜਿਸ 'ਚ ਏ. ਸੀ. ਪੀ. ਵੈਸਟ, ਬਲਜਿੰਦਰ ਸਿੰਘ, ਏ. ਸੀ. ਪੀ. ਮਾਡਲ ਟਾਊਨ ਧਰਮਪਾਲ, ਏ. ਸੀ. ਪੀ. ਕੈਂਟ ਰਵਿੰਦਰਪਾਲ ਸਿੰਘ ਤੋਂ ਇਲਾਵਾ ਸ਼ਹਿਰ ਦੇ ਥਾਣਾ ਇੰਚਾਰਜ ਵੀ ਸ਼ਾਮਲ ਹੋਏ। ਸ਼੍ਰੀ ਭੰਡਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਨਸ਼ੇ ਦੇ ਖਾਤਮੇ ਲਈ ਤੇ ਨਸ਼ਾ ਸਮੱਗਲਰਾਂ 'ਤੇ ਸਖਤ ਕਾਰਵਾਈ ਕਰਨ ਲਈ ਕਮਿਸ਼ਨਰੇਟ ਪੁਲਸ ਵਲੋਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ ਨੂੰ ਖਾਸ ਤੌਰ 'ਤੇ ਸ਼ਹਿਰ 'ਚ ਨਸ਼ਾ ਸਮੱਗਲਰਾਂ ਦੀ ਸੂਚੀ ਇਕੱਠੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਐੱਸ. ਓ. ਜੀ. ਦੇ ਕਮਾਂਡੋ ਅਤੇ ਪੁਲਸ ਦੇ ਜਵਾਨ ਹੋਣਗੇ ਟੀਮਾਂ 'ਚ ਸ਼ਾਮਲ
ਏ. ਡੀ. ਸੀ. ਪੀ. ਭੰਡਾਲ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਦੀ ਗ੍ਰਿਫਤਾਰੀ ਲਈ ਸਬ-ਡਵੀਜ਼ਨ ਵਾਈਜ਼ ਏ. ਸੀ. ਪੀ. ਰੈਂਕ ਦੇ ਅਧਿਕਾਰੀ ਦੀ ਅਗਵਾਈ 'ਚ ਥਾਣਾ ਇੰਚਾਰਜਾਂ ਨੂੰ ਭਾਰੀ ਪੁਲਸ ਫੋਰਸ ਸਣੇ ਟੀਮਾਂ ਬਣਾ ਕੇ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਐੈੱਸ. ਓ. ਜੀ. ਕਮਾਂਡੋਜ਼ ਨੂੰ ਇਸ ਮੁਹਿੰਮ 'ਚ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਮਿਸ਼ਨਰੇਟ ਪੁਲਸ ਜਲਦ ਵੱਖ-ਵੱਖ ਥਾਵਾਂ 'ਤੇ ਨਸ਼ਾ ਸਮੱਗਲਰਾਂ 'ਤੇ ਸਖਤ ਕਾਰਵਾਈ ਕਰਨ ਲਈ ਆਪ੍ਰੇਸ਼ਨ ਚਲਾਏਗੀ। ਉਨ੍ਹਾਂ ਦੱਸਿਆ ਕਿ ਹਰ ਟੀਮ ਵਿਚ ਇਕ ਏ. ਸੀ. ਪੀ. ਰੈਂਕ ਦਾ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ ਤਾਂ ਜੋ ਸੀਨੀਅਰ ਅਧਿਕਾਰੀ ਦੀ ਅਗਵਾਈ ਵਿਚ ਪੁਲਸ ਜਵਾਨ ਨਸ਼ਾ ਸਮੱਗਲਰਾਂ 'ਤੇ ਸਖਤ ਕਾਰਵਾਈ ਕਰ ਸਕਣ ਤੇ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਿਨਾਂ ਕਾਰਵਾਈ ਛੱਡਿਆ ਨਾ ਜਾਵੇ।
ਇਹ ਹੋਈ ਬਰਾਮਦਗੀ
ਡੀ. ਸੀ. ਪੀ. ਗੁਰਮੀਤ ਸਿੰਘ ਤੇ ਏ. ਡੀ. ਸੀ. ਪੀ. ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਪੁਲਸ ਨੇ ਸਖਤ ਕਾਰਵਾਈ ਕਰਦਿਆਂ ਨਸ਼ਾ ਸਮੱਗਲਰਾਂ ਕੋਲੋਂ 2 ਕਿਲੋ ਹੈਰੋਇਨ, 1000 ਦੇ ਕਰੀਬ ਨਸ਼ੇ ਵਾਲੇ ਕੈਪਸੂਲ, ਚਰਸ 100 ਗ੍ਰਾਮ ਦੇ ਕਰੀਬ, 4 ਕੁਇੰਟਲ ਚੂਰਾ-ਪੋਸਤ, 300 ਦੇ ਕਰੀਬ ਨਸ਼ੇ ਵਾਲੇ ਟੀਕੇ, 1000 ਦੇ ਕਰੀਬ ਨਸ਼ੇ ਵਾਲੀਆਂ ਗੋਲੀਆਂ, 150 ਗਰਾਮ ਸਮੈਕ, 18 ਕਿਲੋ ਅਫੀਮ, 100 ਨਸ਼ੇ ਵਾਲੇ ਸਿਰਪ, 100 ਗ੍ਰਾਮ ਗਾਂਜਾ ਤੇ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਹੈ।
ਤੁਸੀਂ ਸੂਚਨਾ ਦੇਵੋ, ਅਸੀਂ ਕਰਾਂਗੇ ਕਾਰਵਾਈ : ਡੀ. ਸੀ. ਪੀ.
ਡੀ. ਸੀ. ਪੀ. ਗੁਰਮੀਤ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਹਾਡੇ ਇਲਾਕੇ 'ਚ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਹੈ ਤਾਂ ਲੋਕ ਸਿੱਧਾ ਇਸ ਦੀ ਸੂਚਨਾ ਪੁਲਸ ਕੰਟਰੋਲ ਰੂਮ 'ਚ ਦੇਣ। ਅਸੀਂ ਕਾਰਵਾਈ ਕਰਾਂਗੇ। ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਂ ਅਤੇ ਪਤਾ ਗੁਪਤ ਰੱਖਿਆ ਜਾਵੇਗਾ।
22 ਸਾਲ ਤੋਂ ਇਨਸਾਫ ਲਈ ਧੱਕੇ ਖਾ ਰਿਹਾ ਬਜ਼ੁਰਗ ਜੋੜਾ
NEXT STORY