ਜਲੰਧਰ, (ਸੋਨੂੰ)- ਮਹਾਨਗਰ ਜਲੰਧਰ ਵਿੱਚ ਲੁੱਟ-ਖੋਹ ਅਤੇ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਦੇ ਵਿਚਕਾਰ ਇੱਕ ਤਾਜ਼ਾ ਮਾਮਲਾ ਮਾਡਲ ਹਾਊਸ ਇਲਾਕੇ ਤੋਂ ਸਾਹਮਣੇ ਆਇਆ ਹੈ। ਇੱਥੇ ਪਾਰਕ ਵਿੱਚੋਂ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਇੱਕ ਚੋਰ ਨੂੰ ਲੋਕਾਂ ਨੇ ਰੰਗੇ ਹੱਥੀਂ ਕਾਬੂ ਕਰ ਲਿਆ। ਗੁੱਸੇ ਵਿੱਚ ਆਏ ਲੋਕਾਂ ਨੇ ਚੋਰ ਦੀ ਮੌਕੇ 'ਤੇ ਹੀ ਜੰਮ ਕੇ 'ਛਿੱਤਰ-ਪਰੇਡ' ਕੀਤੀ ਅਤੇ ਬਾਅਦ ਵਿੱਚ ਉਸਨੂੰ ਪੁਲਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ, ਸ਼ੁਭਮ ਨਾਮਕ ਨੌਜਵਾਨ ਪਾਰਕ ਵਿੱਚ ਆਪਣੀ ਬੇਟੀ ਨੂੰ ਖਿਡਾ ਰਿਹਾ ਸੀ। ਇਸੇ ਦੌਰਾਨ ਉਸਨੇ ਦੇਖਿਆ ਕਿ ਇੱਕ ਨੌਜਵਾਨ ਪਾਰਕ ਦੇ ਅੰਦਰ ਨਿਗਰਾਨੀ ਰੱਖ ਰਿਹਾ ਸੀ ਅਤੇ ਅਨੁਜ ਨਾਮ ਦਾ ਇੱਕ ਹੋਰ ਚੋਰ ਉਸਦੇ ਮੋਟਰਸਾਈਕਲ ਨੂੰ ਮਾਸਟਰ ਚਾਬੀ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸ਼ੁਭਮ ਨੇ ਜਦੋਂ ਰੌਲਾ ਪਾਇਆ ਤਾਂ ਚੋਰ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਪਿੱਛਾ ਕਰਕੇ ਉਸਨੂੰ ਦਬੋਚ ਲਿਆ, ਜਦਕਿ ਉਸਦਾ ਦੂਜਾ ਸਾਥੀ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਿਆ।
ਪੀੜਤ ਸ਼ੁਭਮ ਨੇ ਭਰੇ ਮਨ ਨਾਲ ਦੱਸਿਆ ਕਿ ਉਸਨੇ ਹਾਲੇ ਮੋਟਰਸਾਈਕਲ ਦੀਆਂ ਕਿਸ਼ਤਾਂ ਹੀ ਪੂਰੀਆਂ ਕੀਤੀਆਂ ਸਨ ਕਿ ਚੋਰਾਂ ਨੇ ਇਸ 'ਤੇ ਅੱਖ ਰੱਖ ਲਈ। ਫੜੇ ਗਏ ਚੋਰ ਦੀ ਪਛਾਣ ਨਡਾਲਾ ਦੇ ਰਹਿਣ ਵਾਲੇ ਅਨੁਜ ਵਜੋਂ ਹੋਈ ਹੈ। ਅਨੁਜ ਨੇ ਦੱਸਿਆ ਕਿ ਉਸਦਾ ਫ਼ਰਾਰ ਹੋਇਆ ਸਾਥੀ ਉਸਦਾ ਆਪਣਾ ਮੋਟਰਸਾਈਕਲ ਲੈ ਕੇ ਭੱਜ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਚੋਰ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਚੋਰੀ ਦੀ ਸ਼ਿਕਾਇਤ ਮਿਲ ਗਈ ਹੈ ਅਤੇ ਮੁਲਜ਼ਮ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਲੰਧਰ 'ਚ ਵੱਡੀ ਵਾਰਦਾਤ! ਦਿਨ-ਦਿਹਾੜੇ ਪਿਸਤੌਲ ਦੀ ਨੋਕ 'ਤੇ ਜਵੈਲਰ ਦੀ ਦੁਕਾਨ ਲੁੱਟਣ ਦੀ ਕੋਸ਼ਿਸ਼
NEXT STORY