ਜਲੰਧਰ (ਪੁਨੀਤ)- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਾਗਰਿਕਾਂ ਨੂੰ ਸੰਜਮ ਨਾਲ ਅਤੇ ਸੋਚ-ਵਿਚਾਰ ਕੇ ਖ਼ਰੀਦਦਾਰੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਘਬਰਾਹਟ ਵਿੱਚ ਆ ਕੇ ਧੜਾਧੜ ਖ਼ਰੀਦਦਾਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਐਮਰਜੈਂਸੀ ਹਾਲਾਤ ਦਾ ਸਾਹਮਣਾ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੇ ਨਾਲ ਖੜ੍ਹਾ ਹੈ। ਡਾ. ਅਗਰਵਾਲ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਐਮਰਜੈਂਸੀ ਹਾਲਾਤ ਦੌਰਾਨ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸਹਿਯੋਗ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਹ ਵੀ ਪੜ੍ਹੋ: ਫਰੀਦਕੋਟ 'ਚ ਬਣਾ ਦਿੱਤੇ ਕੰਟਰੋਲ ਰੂਮ, ਨੰਬਰ ਜਾਰੀ ਕਰਕੇ DC ਨੇ ਕੀਤੀ ਲੋਕਾਂ ਨੂੰ ਅਪੀਲ
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਰੂਰੀ ਵਸਤਾਂ ਸਮੇਤ ਕਿਸੇ ਵੀ ਚੀਜ਼ ਦੀ ਜਮ੍ਹਾਖੋਰੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਮ੍ਹਾਖੋਰੀ ਜਾਂ ਕਾਲਾਬਾਜ਼ਾਰੀ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਡੀ. ਐੱਫ਼. ਐੱਸ. ਸੀ. ਨੂੰ ਜਮ੍ਹਾਖੋਰੀ ’ਤੇ ਸਖ਼ਤ ਨਿਗਰਾਨੀ ਰੱਖਣ ਅਤੇ ਗਲਤ ਇਰਾਦੇ ਨਾਲ ਥੋਕ ਵਿੱਚ ਖ਼ਰੀਦਦਾਰੀ ਕਰਨ ਵਾਲਿਆਂ ਦੀ ਸੂਚੀ ਤਿਆਰ ਕਰਕੇ ਪ੍ਰਸ਼ਾਸਨ ਨਾਲ ਸਾਂਝੀ ਕਰਨ ਦੇ ਨਿਰਦੇਸ਼ ਵੀ ਦਿੱਤੇ।
ਮੌਕ ਡਰਿੱਲ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਅਪੀਲ
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਨਾਗਰਿਕਾਂ ਨੂੰ ਭਵਿੱਖ ਵਿੱਚ ਹੋਣ ਵਾਲੀ ਮੌਕ ਡਰਿੱਲ ਦੀ ਪੂਰੀ ਗੰਭੀਰਤਾ ਨਾਲ ਪਾਲਣਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਮੌਕ ਡਰਿੱਲ ਘੱਟ ਸਮੇਂ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲੈਕ ਆਊਟ ਡਰਿੱਲ ਦੌਰਾਨ ਲਾਈਟ ਬੰਦ ਕਰ ਦਿੱਤੀ ਜਾਵੇਗੀ ਅਤੇ ਟ੍ਰੈਫਿਕ ਲਾਈਟਾਂ ਵੀ ਬੰਦ ਰਹਿਣਗੀਆਂ। ਉਨ੍ਹਾਂ ਅਪੀਲ ਕੀਤੀ ਕਿ ਇਸ ਦੌਰਾਨ ਆਪਣੇ ਘਰਾਂ ਵਿੱਚ ਇਨਵਰਟਰ ਜਾਂ ਜਨਰੇਟਰ ਬੰਦ ਰੱਖੇ ਜਾਣ। ਜੇਕਰ ਕਿਸੇ ਵਜ੍ਹਾ ਕਾਰਨ ਇਹ ਚਲਾਉਣੇ ਵੀ ਹਨ ਤਾਂ ਇਸ ਤਰ੍ਹਾਂ ਚਲਾਏ ਜਾਣ ਕਿ ਰੌਸ਼ਨੀ ਖਿੜਕੀਆਂ ਦਰਵਾਜ਼ਿਆਂ ਵਿੱਚੋਂ ਬਾਹਰ ਨਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਵਾਹਨਾਂ ’ਤੇ ਗੈਰ-ਜ਼ਰੂਰੀ ਸਫ਼ਰ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਕੋਈ ਵਾਹਨ ਸੜਕ ’ਤੇ ਜਾ ਰਿਹਾ ਹੈ ਤਾਂ ਉਸ ਦੀਆਂ ਲਾਈਟਾਂ ਬੰਦ ਕਰਕੇ ਉਸ ਨੂੰ ਸੜਕ ਦੇ ਕਿਨਾਰੇ ਰੋਕ ਲਿਆ ਜਾਵੇ। ਡਾ. ਅਗਰਵਾਲ ਨੇ ਕਿਹਾ ਕਿ ਜੇਕਰ ਬਿਨਾਂ ਮੌਕ ਡਰਿੱਲ ਦੀ ਅਨਾਊਂਸਮੈਂਟ ਤੋਂ ਵੀ ਸਾਇਰਨ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਤੁਰੰਤ ਮੌਕ ਡਰਿੱਲ ਦੌਰਾਨ ਕੀਤੇ ਅਭਿਆਸ ਨੂੰ ਅਮਲ ਵਿੱਚ ਲਿਆਂਦਾ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੇ ਪੱਧਰ 'ਤੇ ਫੇਰਬਦਲ! ਹੁਣ ਵਕਫ਼ ਬੋਰਡ ਦੇ ਇਨ੍ਹਾਂ ਕਰਮਚਾਰੀਆਂ ਦੇ ਕਰ 'ਤੇ ਤਬਾਦਲੇ
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਸਲਾਹ ਦਿੰਦਿਆਂ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਲੋਕ ਹਿੱਤ ਵਿੱਚ ਜਾਰੀ ਐਡਵਾਈਜ਼ਰੀ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਅਫ਼ਵਾਹ ਫ਼ੈਲਾਉਂਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਓਧਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀਆਂ ਹਦਾਇਤਾਂ ’ਤੇ ਡੀ. ਐੱਫ਼. ਐੱਸ. ਸੀ. ਨਰਿੰਦਰ ਸਿੰਘ ਵੱਲੋਂ ਡੀ. ਮਾਰਟ ਸਮੇਤ ਵੱਖ-ਵੱਖ ਸਟੋਰਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਪ੍ਰਬੰਧਕਾਂ ਨੂੰ ਵਿਅਕਤੀਗਤ ਲੋਕਾਂ ਨੂੰ ਥੋਕ ਵਿੱਚ ਸਾਮਾਨ ਨਾ ਵੇਚਣ ਅਤੇ ਗਾਹਕਾਂ ਨੂੰ ਵੀ ਬਿਨਾਂ ਲੋੜ ਤੋਂ ਥੋਕ ਵਿੱਚ ਖ਼ਰੀਦਦਾਰੀ ਨਾ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ। ਡੀ. ਐੱਫ਼. ਐੱਸ. ਸੀ. ਨੇ ਦੱਸਿਆ ਕਿ ਸਟੋਰ ਵਿੱਚ ਨਿਯਮਿਤ ਤੌਰ ’ਤੇ ਘੋਸ਼ਣਾਵਾਂ ਵੀ ਕਰਵਾਈਆਂ ਜਾ ਰਹੀਆਂ ਹਨ ਕਿ ਨਿਯਮਿਤ ਲੋੜ ਮੁਤਾਬਕ ਹੀ ਸਾਮਾਨ ਖ਼ਰੀਦਿਆ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੇ ਸਕੂਲਾਂ 'ਚ ਭਲਕੇ ਤੋਂ 11 ਤਾਰੀਖ਼ ਤੱਕ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ ਮਗਰੋਂ ਹੁਣ ਲੁਧਿਆਣਾ 'ਚ ਵੀ ਸਕੂਲ ਬੰਦ, ਜਾਰੀ ਹੋਏ ਤਾਜ਼ਾ ਹੁਕਮ
NEXT STORY