ਜਲੰਧਰ, (ਅਮਿਤ)— ਦੇਸ਼ ਭਗਤ ਯਾਦਗਾਰ ਹਾਲ ਵਿਚ ਰੈਵੇਨਿਊ ਪਟਵਾਰ ਯੂਨੀਅਨ ਜਲੰਧਰ ਤਹਿਸੀਲ-2 ਦੀ ਚੋਣ ਦੌਰਾਨ ਸ਼ਨੀਵਾਰ ਨੂੰ ਜਮ ਕੇ ਹੰਗਾਮਾ ਹੋਇਆ। ਹਾਲਾਤ ਇੰਨੇ ਵਿਗੜ ਗਏ ਕਿ ਮੌਕੇ ’ਤੇ ਮੌਜੂਦ ਵੱਡੀ ਗਿਣਤੀ ਵਿਚ ਪਟਵਾਰੀਆਂ ਨੇ ਚੋਣ ਦਾ ਬਾਈਕਾਟ ਕੀਤਾ। ਕਾਫੀ ਲੰਮੇ ਸਮੇਂ ਤੱਕ ਪਟਵਾਰੀਆਂ ਵਿਚ ਝਗੜੇ ਦੀ ਸਥਿਤੀ ਬਰਕਰਾਰ ਰਹੀ, ਜਿਸ ਕਾਰਨ ਚੋਣ ਪ੍ਰਕਿਰਿਆ ਨੂੰ ਮੁਲਤਵੀ ਕਰਦੇ ਹੋਏ 30 ਅਗਸਤ ਨੂੰ ਦੁਬਾਰਾ ਚੋਣ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਅਸ਼ਵਨੀ ਬਾਟਾ, ਪੁਰਸ਼ੋਤਮ, ਸਤਿਆਵੀਰ, ਰਾਮ ਪ੍ਰਕਾਸ਼, ਹਰਮੇਸ਼, ਜਸਵਿੰਦਰ ਭੰਗੂ, ਧੀਰਾ ਸਿੰਘ, ਨਰੇਸ਼ ਕੁਮਾਰ, ਸਤਵਿੰਦਰ ਸਿੰਘ, ਜਤਿੰਦਰ ਸਿੰਘ, ਤੇਜਿੰਦਰ ਸਿੰਘ, ਟੇਕਰਾਜ, ਹਰਨਾਮ ਸਿੰਘ, ਪੂਜਾ, ਅਮਨਿੰਦਰ ਸਿੰਘ, ਤੇਜਿੰਦਰਜੀਤ ਸਿੰਘ, ਦੇਵ ਰਾਜ, ਪ੍ਰਗਟ ਸਿੰਘ, ਗੁਰਮੇਲ ਸਿੰਘ, ਗੁਰਮਿੰਦਰ ਸਿੰਘ ਭੁੱਲਰ, ਬਲਕਾਰ ਸਿੰਘ, ਤਰਵਿੰਦਰ ਸਿੰਘ, ਅਜੀਤ ਸਿੰਘ, ਵਿਜੇ ਕੁਮਾਰ ਤੇ ਹੋਰ ਮੌਜੂਦ ਸਨ।
ਕੀ ਹੈ ਮਾਮਲਾ, ਚੋਣ ਕਿਉਂ ਹੋਈ ਮੁਲਤਵੀ?
ਜ਼ਿਲਾ ਜਲੰਧਰ ਦੀ ਕੁਝ ਦਿਨ ਪਹਿਲਾਂ ਹੋਈ ਮੀਟਿੰਗ ਵਿਚ ਇਸ ਗੱਲ ਦਾ ਫੈਸਲਾ ਲਿਆ ਗਿਆ ਸੀ ਕਿ ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਧੰਜੂ ਦੀ ਪ੍ਰਧਾਨਗੀ ਵਿਚ ਇਕ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਬਿਪਨ ਕੁਮਾਰ ਤੇ ਸੁਖਦੇਵਪਾਲ ਸ਼ਾਮਲ ਹਨ। ਉਹ ਤਹਿਸੀਲ-2 ਦੀਆਂ ਚੋਣ ਪ੍ਰਕਿਰਿਆ ਨੂੰ ਸੰਪੰਨ ਕਰਵਾਉਣਗੇ, ਜਿਸ ਦੇ ਤਹਿਤ ਦੇਸ਼ ਭਗਤ ਯਾਦਗਾਰ ਹਾਲ ਵਿਚ ਤਹਿਸੀਲ-2 ਦਾ ਆਮ ਇਜਲਾਸ ਬੁਲਾਇਆ ਗਿਆ। ਮੀਟਿੰਗ ਦੀ ਸ਼ੁਰੂਆਤ ਵਿਚ ਹਾਲਾਤ ਬਿਲਕੁਲ ਬਰਾਬਰ ਰਹੇ। ਜਿਵੇਂ ਹੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ ਜ਼ਿਲਾ ਪ੍ਰਧਾਨ ਵਲੋਂ ਤਹਿਸੀਲ-2 ਦੇ ਨਾਲ ਸਬੰਧਤ ਪਟਵਾਰੀਆਂ ਤੋਂ ਇਲਾਵਾ ਹਾਲ ਵਿਚ ਮੌਜੂਦ ਬਾਕੀ ਸਾਰੇ ਪਟਵਾਰੀਆਂ ਅਤੇ ਕਾਨੂੰਨਗੋ ਨੂੰ ਬਾਹਰ ਜਾਣ ਦਾ ਕਹਿੰਦੇ ਹੀ ਝਗੜਾ ਸ਼ੁਰੂ ਹੋ ਗਿਆ। ਮੌਕੇ ’ਤੇ ਮੌਜੂਦ ਪਟਵਾਰੀ ਧੀਰਾ ਸਿੰਘ, ਸਤਿਆਵੀਰ ਸਿੰਘ ਨੇ ਦੱਸਿਆ ਕਿ ਤਹਿਸੀਲ-2 ਤੋਂ ਇਲਾਵਾ ਬਾਹਰ ਦੇ ਕੁਝ ਸਾਥੀਆਂ ਨੂੰ ਉਨ੍ਹਾਂ ਦੀ ਚੋਣ ਪ੍ਰਕਿਰਿਆ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਉਕਤ ਸਾਰੇ ਲੋਕ ਬੜੇ ਆਰਾਮ ਨਾਲ ਹਾਲ ਵਿਚ ਬੈਠੇ ਹੋਏ ਸਨ। ਉਨ੍ਹਾਂ ਵਲੋਂ ਚੋਣ ਪ੍ਰਕਿਰਿਆ ’ਚ ਕੋਈ ਰੁਕਾਵਟ ਪੈਦਾ ਨਹੀਂ ਕੀਤੀ ਗਈ। ਅਜਿਹੇ ਵਿਚ ਉਨ੍ਹਾਂ ਨੂੰ ਬਾਹਰ ਜਾਣ ਲਈ ਕਹਿਣਾ ਅਜਿਹਾ ਹੈ ਜਿਵੇਂ ਘਰ ਆਏ ਮਹਿਮਾਨ ਨੂੰ ਧੱਕੇ ਮਾਰ ਕੇ ਬਾਹਰ ਕੱਢਣਾ ਹੋਵੇ। ਇਸ ਤਰ੍ਹਾਂ ਨਾਲ ਜ਼ਿਲਾ ਪ੍ਰਧਾਨ ਵਲੋਂ ਆਪਣੇ ਸਾਥੀਆਂ ਦੇ ਕੀਤੇ ਗਏ ਅਪਮਾਨ ਦਾ ਸਖ਼ਤ ਨੋਟਿਸ ਲੈਂਦੇ ਹੋਏ ਸਾਰੇ ਮੈਂਬਰਾਂ ਨੇ ਚੋਣ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਸੀ।
9 ਮਹੀਨੇ ਪਹਿਲਾਂ ਕਾਨੂੰਨਗੋ ਬਣੇ, ਫਿਰ ਪ੍ਰਧਾਨਗੀ ਕਿਉਂ ਨਹੀਂ ਛੱਡੀ
ਹੰਗਾਮਾਪੂਰਨ ਹਾਲਾਤ ਵਿਚ ਜ਼ਿਲਾ ਪ੍ਰਧਾਨ ਉਪਰ ਕੁਝ ਪਟਵਾਰੀਆਂ ਨੇ ਇਸ ਗੱਲ ਦਾ ਦੋਸ਼ ਲਗਾਇਆ ਹੈ ਕਿ ਉਹ ਲਗਭਗ 9 ਮਹੀਨੇ ਪਹਿਲਾਂ ਪਟਵਾਰੀ ਤੋਂ ਕਾਨੂੰਨਗੋ ਬਣ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਨੇ ਹੁਣ ਤੱਕ ਪ੍ਰਧਾਨਗੀ ਕਿਉਂ ਨਹੀਂ ਛੱਡੀ। ਅਜਿਹੇ ਮੈਂਬਰਾਂ ਨੇ ਕਿਹਾ ਕਿ ਉਹ ਸੂਬਾ ਬਾਡੀ ਦੇ ਕੋਲ ਲਿਖਿਤ ਰੂਪ ਵਿਚ ਮੰਗ ਰੱਖਣਗੇ ਕਿ ਬਿਨਾਂ ਕਿਸੇ ਦੇਰ ਦੇ ਜਸਵਿੰਦਰ ਸਿੰਘ ਧੰਜੂ ਨੂੰ ਪ੍ਰਧਾਨ ਅਹੁਦੇ ਤੋਂ ਹਟਾ ਕੇ ਪਟਵਾਰੀਆਂ ਵਿਚੋਂ ਕਿਸੇ ਹੋਰ ਮੈਂਬਰ ਨੂੰ ਬਤੌਰ ਪ੍ਰਧਾਨ ਨਿਯੁਕਤ ਕੀਤਾ ਜਾਵੇ।
ਕਿਸੇ ਦਾ ਅਪਮਾਨ ਨਹੀਂ ਕੀਤਾ, ਵੋਟਿੰਗ ਦੌਰਾਨ ਅੰਦਰ ਸਿਰਫ ਸਬੰਧਤ ਮੈਂਬਰ ਹੀ ਬੈਠ ਸਕਦੇ ਹਨ : ਜਸਵਿੰਦਰ ਸਿੰਘ ਧੰਜੂ
ਜ਼ਿਲਾ ਪ੍ਰਧਾਨ ਜਸਵਿੰਦਰ ਸਿੰਘ ਧੰਜੂ ਨੇ ਕਿਹਾ ਕਿ ਉਨ੍ਹਾਂ ਨੇ ਕਿਸੇ ਵੀ ਸਾਥੀ ਮੈਂਬਰ ਦਾ ਅਪਮਾਨ ਨਹੀਂ ਕੀਤਾ। ਮੀਟਿੰਗ ਦੀ ਸ਼ੁਰੂਆਤ ਕਾਫੀ ਵਧੀਆ ਢੰਗ ਨਾਲ ਹੋਈ ਸੀ ਪਰ ਚੋਣ ਪ੍ਰਕਿਰਿਆ ਤਹਿਤ ਵੋਟਿੰਗ ਦੇ ਸਮੇਂ ਹਾਲ ਦੇ ਅੰਦਰ ਸਿਰਫ ਸਬੰਧਤ ਮੈਂਬਰ ਹੀ ਬੈਠ ਸਕਦੇ ਹਨ। ਜਿਨ੍ਹਾਂ ਨੇ ਵੋਟਾਂ ਪਾਉਣੀਆਂ ਹੁੰਦੀਆਂ ਹਨ ਕਿਉਂਕਿ ਕੋਈ ਹੋਰ ਮੈਂਬਰ ਵੋਟਿੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕੁਝ ਸਮੇਂ ਲਈ ਬਾਹਰ ਜਾਣ ਲਈ ਕਿਹਾ ਗਿਆ ਸੀ। ਉਨ੍ਹਾਂ ਦਾ ਇਰਾਦਾ ਕਿਸੇ ਦਾ ਨਿੱਜੀ ਅਪਮਾਨ ਕਰਨਾ ਨਹੀਂ ਸੀ। ਸਾਰੇ ਮੈਂਬਰਾਂ ਦੀ ਭਾਵਨਾ ਦਾ ਆਦਰ ਕਰਦੇ ਹੋਏ ਉਨ੍ਹਾਂ ਨੇ ਚੋਣ 30 ਅਗਸਤ 2018 ਨੂੰ ਕਰਵਾਉਣ ਦਾ ਫੈਸਲਾ ਲਿਆ ਹੈ।
ਐੱਸ. ਐੱਸ. ਰਮਸਾ ਅਧਿਆਪਕਾਂ ਨੇ ਕੀਤਾ ਭਾਂਡੇ ਖਡ਼ਕਾ ਕੇ ਰੋਸ ਪ੍ਰਦਰਸ਼ਨ
NEXT STORY