ਜੰਮੂ-ਕਸ਼ਮੀਰ/ਜਲੰਧਰ (ਜੁਗਿੰਦਰ ਸੰਧੂ)— ਪਾਕਿਸਤਾਨ ਨਾਲ ਲੱਗਦੀ ਸਰਹੱਦ ਕਿਨਾਰੇ ਰਹਿਣ ਵਾਲੇ ਭਾਰਤੀ ਪਰਿਵਾਰਾਂ ਦੇ ਪਹਾੜ ਵਰਗੇ ਦੁੱਖਾਂ ਦਾ ਲੇਖਾ-ਜੋਖਾ ਕਰਨਾ ਆਸਾਨ ਕੰਮ ਨਹੀਂ ਹੈ। ਜਿਥੋਂ ਤਕ ਆਮ ਆਦਮੀ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਸੋਚ ਸਕਦਾ ਹੈ, ਉਹ ਉਸ ਤੋਂ ਕਿਤੇ ਜ਼ਿਆਦਾ ਅਤੇ ਵੱਡੀਆਂ ਹਨ। ਦੋਹਾਂ ਦੇਸ਼ਾਂ ਵਿਚਕਾਰੋਂ ਲੰਘਦੀ ਰੇਖਾ ਜਿੱਥੇ ਪਹਾੜੀ ਖੇਤਰਾਂ 'ਚੋਂ ਗੁਜ਼ਰਦੀ ਹੈ, ਉਥੋਂ ਦੇ ਹਾਲਾਤ ਬਾਰੇ ਤਾਂ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ। ਸਰਹੱਦੀ ਪੱਟੀ ਦੇ ਪੰਜ ਕਿਲੋਮੀਟਰ ਖੇਤਰ ਵਿਚ ਲੋਕਾਂ ਦੀ ਜਾਨ ਹਰ ਵੇਲੇ ਸੂਲੀ ਟੰਗੀ ਰਹਿੰਦੀ ਹੈ। ਸੁਰੱਖਿਆ ਫੋਰਸਾਂ ਨੇ ਉਸ ਇਲਾਕੇ ਦੀਆਂ ਸਰਗਰਮੀਆਂ ਸੀਮਤ ਕਰ ਦਿੱਤੀਆਂ ਹਨ। ਖਤਰੇ ਨੂੰ ਧਿਆਨ 'ਚ ਰੱਖਦਿਆਂ ਕਿਸਾਨਾਂ ਨੂੰ ਤਾਰ-ਵਾੜ ਅੰਦਰਲੀਆਂ ਜ਼ਮੀਨਾਂ 'ਚ ਖੇਤੀ-ਕਾਰਜਾਂ ਲਈ ਆਉਣ-ਜਾਣ ਵੇਲੇ ਵੀ ਸੁਰੱਖਿਆ ਫੋਰਸਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਉਹ ਸਿਰਫ ਦਿਨ ਵੇਲੇ ਹੀ ਉਥੇ ਜਾ ਸਕਦੇ ਹਨ। ਇਸ ਚੱਕਰ ਵਿਚ ਅਤੇ ਪਾਕਿਸਤਾਨ ਵਲੋਂ ਕੀਤੀ ਜਾਂਦੀ ਗੋਲੀਬਾਰੀ ਕਾਰਣ ਹਰ ਸਾਲ ਭਾਰਤੀ ਸਰਹੱਦੀ ਕਿਸਾਨਾਂ ਦੀ ਕਰੋੜਾਂ ਦੀ ਫਸਲ ਬਰਬਾਦ ਹੋ ਜਾਂਦੀ ਹੈ।
ਇਸ ਤਸਵੀਰ ਦਾ ਇਕ ਹੋਰ ਅਤਿ-ਦੁਖਦਾਈ ਪਹਿਲੂ ਇਹ ਹੈ ਕਿ ਜਿਹੜੇ ਲੋਕਾਂ ਦੇ ਘਰ ਤਾਰ-ਵਾੜ ਦੇ ਅੰਦਰ ਜ਼ੀਰੋ ਲਾਈਨ ਦੇ ਕੰਢੇ ਸਥਿਤ ਹਨ, ਉਨ੍ਹਾਂ ਲਈ ਤਾਂ ਖੁੱਲ੍ਹ ਕੇ ਸਾਹ ਲੈਣਾ ਵੀ ਮੁਸ਼ਕਲ ਹੈ। ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲੇ ਨਾਲ ਸਬੰਧਤ ਕੁਝ ਪਿੰਡ ਤਾਰ-ਵਾੜ ਦੇ ਅੰਦਰ ਹਨ, ਜਿਥੇ ਕੁਝ ਗਿਣਤੀ ਦੇ ਪਰਿਵਾਰ ਰਹਿੰਦੇ ਹਨ। ਇਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਦਾ ਕੋਈ ਹਿਸਾਬ ਨਹੀਂ ਲਾਇਆ ਜਾ ਸਕਦਾ। ਕਿਸੇ ਵੀ ਕੰਮ ਲਈ ਤਾਰ-ਵਾੜ ਤੋਂ ਬਾਹਰ ਜਾਣ ਲਈ ਹਰ ਵਾਰ ਪਛਾਣ-ਪੱਤਰ ਦਿਖਾਉਣਾ ਪੈਂਦਾ ਹੈ ਅਤੇ ਸੁਰੱਖਿਆ ਅਧਿਕਾਰੀਆਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ। ਇਨ੍ਹਾਂ ਲੋਕਾਂ ਨੂੰ ਸ਼ਾਮ ਪੰਜ ਵਜੇ ਤੋਂ ਪਹਿਲਾਂ ਹਰ ਹਾਲਤ ਆਪਣੇ ਘਰਾਂ 'ਚ ਪਰਤਣਾ ਪੈਂਦਾ ਹੈ, ਨਹੀਂ ਤਾਂ ਰਾਤ ਬਾਹਰ ਹੀ ਗੁਜ਼ਾਰਨੀ ਪੈਂਦੀ ਹੈ। ਰਿਸ਼ਤੇਦਾਰ ਵੀ ਇਥੇ ਰਹਿਣ ਵਾਲਿਆਂ ਨੂੰ ਮਿਲਣ ਤੋਂ ਕੰਨੀ ਕਤਰਾਉਂਦੇ ਹਨ। ਬੀਮਾਰੀ ਜਾਂ ਕਿਸੇ ਹੋਰ ਸੰਕਟ ਸਮੇਂ ਇਨ੍ਹਾਂ ਲੋਕਾਂ ਲਈ ਮੁਸੀਬਤ ਬਣ ਜਾਂਦੀ ਹੈ।
ਸਭ ਤੋਂ ਵੱਡਾ ਦੁਖਾਂਤ ਇਨ੍ਹਾਂ ਪਿੰਡਾਂ ਦੇ ਪੜ੍ਹਨ ਵਾਲੇ ਬੱਚਿਆਂ ਦਾ ਹੈ। ਛੋਟੇ ਬੱਚਿਆਂ ਲਈ ਤਾਰ-ਵਾੜ ਦੇ ਅੰਦਰ ਹੀ ਪ੍ਰਾਇਮਰੀ ਸਕੂਲ ਤਾਂ ਹੈ ਪਰ ਉਥੇ ਅਧਿਆਪਕ ਰੋਜ਼ਾਨਾ ਨਹੀਂ ਪਹੁੰਚ ਸਕਦੇ। ਬਹੁਤੀ ਵਾਰ ਤਾਂ ਸਕੂਲ ਖੁੱਲ੍ਹਦਾ ਹੀ ਨਹੀਂ। ਮਾਪੇ ਛੋਟੇ ਬੱਚਿਆਂ ਨੂੰ ਦੂਰ-ਦੁਰਾਡੇ ਪੜ੍ਹਨ ਲਈ ਨਹੀਂ ਭੇਜ ਸਕਦੇ। ਉਥੇ ਕੋਈ ਮੋਬਾਇਲ ਨਹੀਂ ਚੱਲਦਾ, ਨਾ ਹੀ ਕੰਪਿਊਟਰ ਜਾਂ ਇੰਟਰਨੈੱਟ ਦੀ ਸਹੂਲਤ ਹੈ। ਇਹ ਸਭ ਚੀਜ਼ਾਂ ਬੱਚਿਆਂ ਲਈ ਕਿਸੇ ਪਰੀ ਦੇਸ਼ ਦੀਆਂ ਗੱਲਾਂ ਜਾਪਦੀਆਂ ਹਨ। ਉਨ੍ਹਾਂ ਦੇ ਖੇਡਣ ਲਈ ਕੋਈ ਪਾਰਕ ਜਾਂ ਮੈਦਾਨ ਨਹੀਂ ਹੈ। ਸਭ ਤਰ੍ਹਾਂ ਦੀਆਂ ਸਹੂਲਤਾਂ ਤੋਂ ਵਾਂਝੇ ਦੇਸ਼ ਦੇ ਇਸ ਭਵਿੱਖ ਦੀ ਤਕਦੀਰ ਇਕ ਤਰ੍ਹਾਂ ਨਾਲ ਤਾਰ-ਵਾੜ ਦੀਆਂ ਜ਼ੰਜੀਰਾਂ 'ਚ ਜਕੜੀ ਜਾਪਦੀ ਹੈ।
ਅਜਿਹੇ ਹਾਲਾਤ ਨੂੰ ਸੁਣਨ-ਸਮਝਣ ਦਾ ਮੌਕਾ ਉਦੋਂ ਮਿਲਿਆ, ਜਦੋਂ ਪੰਜਾਬ ਕੇਸਰੀ ਪੱਤਰ ਸਮੂਹ ਦੀ ਰਾਹਤ ਟੀਮ ਸੁੰਦਰਬਨੀ ਤਹਿਸੀਲ ਨਾਲ ਸਬੰਧਤ ਰਾਜੌਰੀ ਜ਼ਿਲੇ ਦੇ ਸਰਹੱਦੀ ਪਿੰਡ ਸੂਫਾ 'ਚ 541ਵੇਂ ਟਰੱਕ ਦੀ ਰਾਹਤ ਸਮੱਗਰੀ ਵੰਡਣ ਲਈ ਗਈ ਸੀ। ਬੀ. ਐੱਸ. ਐੱਫ. ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਇਥੇ ਸਕੂਲ ਵਿਚ ਵੱਖ-ਵੱਖ ਪਿੰਡਾਂ ਤੋਂ ਜੁੜੇ 300 ਪਰਿਵਾਰਾਂ ਨੂੰ ਰਸੋਈ ਦੀ ਵਰਤੋਂ ਵਾਲਾ ਸਾਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਰਾਮ ਨੌਮੀ ਉਤਸਵ ਕਮੇਟੀ (ਰਜਿ.) ਜਲੰਧਰ ਵਲੋਂ ਭਿਜਵਾਏ ਗਏ ਬੈਗ ਵੀ ਕੁਝ ਵਿਦਿਆਰਥੀਆਂ (ਕੁਝ ਤਾਰ-ਵਾੜ ਤੋਂ ਅੰਦਰ ਵਾਲੇ ਵੀ) ਨੂੰ ਵੰਡੇ ਗਏ। ਇਸ ਟਰੱਕ ਦੀ ਰਾਹਤ ਸਮੱਗਰੀ ਚੰਡੀਗੜ੍ਹ ਤੋਂ ਸ਼੍ਰੀਮਤੀ ਵੇਦ ਨੰਦਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ, ਦੋਸਤਾਂ ਵਲੋਂ ਭਿਜਵਾਈ ਗਈ ਸੀ।
ਰਾਹਤ ਵੰਡ ਆਯੋਜਨ ਨੂੰ ਸੰਬੋਧਨ ਕਰਦਿਆਂ ਸੀਮਾ ਸੁਰੱਖਿਆ ਬਲ ਦੇ ਡੀ. ਆਈ. ਜੀ. ਸ਼੍ਰੀ ਰਾਕੇਸ਼ ਨੇਗੀ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਵਿਕਾਸ ਲਈ ਉਸ ਦੀਆਂ ਸਰਹੱਦਾਂ ਦਾ ਸੁਰੱਖਿਅਤ ਹੋਣਾ ਲਾਜ਼ਮੀ ਹੁੰਦਾ ਹੈ। ਭਾਰਤ ਦੀਆਂ ਸਰਹੱਦਾਂ ਦੀ ਰਾਖੀ ਲਈ ਸੀਮਾ ਸੁਰੱਖਿਆ ਬਲ ਦੇ ਨਾਲ ਹੀ ਦੇਸ਼ ਦੀ ਫੌਜ ਅਤੇ ਆਮ ਲੋਕ ਵੀ ਇਕਜੁੱਟ ਹੋ ਕੇ ਪਹਿਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦੀ ਦੇਸ਼ ਦੀ ਰਖਵਾਲੀ ਦੇ ਮਾਮਲੇ 'ਚ ਬਹੁਤ ਵੱਡੀ ਭੂਮਿਕਾ ਹੈ। ਉਨ੍ਹਾਂ ਤੋਂ ਬਗੈਰ ਇਸ ਖੇਤਰ ਦੀ ਪੂਰੀ ਨਿਗਰਾਨੀ ਨਹੀਂ ਰੱਖੀ ਜਾ ਸਕਦੀ।
ਸ਼੍ਰੀ ਨੇਗੀ ਨੇ ਕਿਹਾ ਕਿ ਦੇਸ਼ ਦੁਆਲੇ ਖਿੱਚੀਆਂ ਰੇਖਾਵਾਂ ਹੀ ਸਹੀ ਅਰਥਾਂ 'ਚ ਭਾਰਤ ਮਾਤਾ ਦਾ ਸਰੂਪ ਉਜਾਗਰ ਕਰਦੀਆਂ ਹਨ। ਸਰਹੱਦੀ ਲੋਕ ਇਨ੍ਹਾਂ ਰੇਖਾਵਾਂ ਦੇ ਕੰਢੇ ਬੈਠੇ ਹਨ ਅਤੇ ਦੇਸ਼ ਸੇਵਾ ਹਿੱਤ ਵੱਡਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਫੋਰਸ ਹਰ ਦੁੱਖ-ਸੁੱਖ ਦੀ ਘੜੀ 'ਚ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ। ਸ਼੍ਰੀ ਨੇਗੀ ਨੇ ਕਿਹਾ ਕਿ ਜਿਹੜੇ ਇਲਾਕਿਆਂ 'ਚ ਲੋਕਾਂ ਦੇ ਰਿਸ਼ਤੇਦਾਰ ਵੀ ਮਿਲਣ ਲਈ ਨਹੀਂ ਆਉਂਦੇ, ਉਥੇ ਰਾਹਤ ਸਮੱਗਰੀ ਭਿਜਵਾ ਕੇ ਪੰਜਾਬ ਕੇਸਰੀ ਪੱਤਰ ਸਮੂਹ ਨੇ ਸਰਹੱਦੀ ਲੋਕਾਂ ਨੂੰ ਅਪਣੱਤ ਦਾ ਅਹਿਸਾਸ ਕਰਵਾਇਆ ਹੈ। ਇਹ ਬਹਾਦਰ ਲੋਕਾਂ ਦੀ ਵੱਡੀ ਸੇਵਾ ਹੈ, ਜਿਸ ਨੂੰ ਭਵਿੱਖ 'ਚ ਵੀ ਜਾਰੀ ਰੱਖਿਆ ਜਾਣਾ ਚਾਹੀਦਾ ਹੈ।
ਸਰਹੱਦੀ ਔਰਤਾਂ ਝਾਂਸੀ ਦੀ ਰਾਣੀ ਤੋਂ ਘੱਟ ਨਹੀਂ : ਵਰਿੰਦਰ ਸ਼ਰਮਾ
ਰਾਹਤ ਸਮੱਗਰੀ ਲੈਣ ਲਈ ਇਕੱਠੇ ਹੋਏ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਪਹਿਰਾ ਦੇ ਰਹੇ ਸਰਹੱਦੀ ਪਰਿਵਾਰਾਂ ਦੀਆਂ ਔਰਤਾਂ ਵੀ ਝਾਂਸੀ ਦੀ ਰਾਣੀ ਤੋਂ ਘੱਟ ਨਹੀਂ ਹਨ। ਇਹ ਔਰਤਾਂ ਆਪਣਾ ਪਰਿਵਾਰ ਪਾਲਦੀਆਂ ਹਨ, ਬੱਚਿਆਂ ਨੂੰ ਸੰਭਾਲਦੀਆਂ ਹਨ ਅਤੇ ਹਰ ਤਰ੍ਹਾਂ ਦੇ ਸੰਕਟ ਸਹਿਣ ਕਰਦੀਆਂ ਹਨ। ਇਹ ਔਰਤਾਂ ਪਾਕਿਸਤਾਨ ਦੀ ਗੋਲੀਬਾਰੀ ਸਮੇਂ ਵੀ ਪੁਰਸ਼ ਮੈਂਬਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਹਾਲਾਤ ਦਾ ਸਾਹਮਣਾ ਕਰਦੀਆਂ ਹਨ।
ਸ਼੍ਰੀ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਦੀ ਟੀਮ ਇਨ੍ਹਾਂ ਸਰਹੱਦੀ ਭੈਣਾਂ ਨੂੰ ਸਾਮਾਨ ਦੇਣ ਨਹੀਂ, ਸਗੋਂ ਸਿਜਦਾ ਕਰਨ ਪੁੱਜੀ ਹੈ। ਇਸ ਦੇ ਨਾਲ ਹੀ ਉਨ੍ਹਾਂ ਬੱਚਿਆਂ ਪ੍ਰਤੀ ਵੀ ਅਸੀਂ ਪਿਆਰ ਦਾ ਪ੍ਰਗਟਾਵਾ ਕਰਨ ਆਏ ਹਾਂ, ਜਿਹੜੇ ਬੜੇ ਭਿਆਨਕ ਅਤੇ ਖਤਰਨਾਕ ਮਾਹੌਲ ਵਿਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਮਾਮਲੇ 'ਚ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਕਿਉਂਕਿ ਇਹ ਬੱਚੇ ਦੇਸ਼ ਦਾ ਭਵਿੱਖ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਪਰਿਵਾਰ ਭਵਿੱਖ ਵਿਚ ਵੀ ਬੱਚਿਆਂ ਲਈ ਲੋੜੀਂਦੀ ਸਮੱਗਰੀ ਭਿਜਵਾਉਂਦਾ ਰਹੇਗਾ। ਪਿੰਡ ਦੇ ਸਰਪੰਚ ਸ਼੍ਰੀ ਓਮ ਪ੍ਰਕਾਸ਼ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਇਸ ਇਲਾਕੇ ਵਿਚ ਪੰਜਾਬ ਦੇ ਲੋਕ ਸਹਾਇਤਾ ਲੈ ਕੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਥੇ ਤਾਂ ਹਰ ਵੇਲੇ ਪਾਕਿਸਤਾਨ ਵੱਲੋਂ ਲੋਕਾਂ ਨੂੰ ਗੋਲੀਆਂ ਅਤੇ ਗੋਲੇ ਹੀ ਮਿਲਦੇ ਹਨ ਅਤੇ ਇਸ ਗੱਲ ਦਾ ਕੋਈ ਪਤਾ ਨਹੀਂ ਕਿ ਗੋਲੀਬਾਰੀ ਦਾ ਅੰਤ ਕਦੋਂ ਹੋਵੇਗਾ।
ਹਰ ਵੇਲੇ ਗੋਲੀਆਂ ਦਾ ਸਾਹਮਣਾ ਕਰਦੇ ਨੇ ਲੋਕ : ਅਰੁਣ ਸ਼ਰਮਾ
ਬਲਾਕ ਸੰਮਤੀ ਸੁੰਦਰਬਨੀ ਦੇ ਚੇਅਰਮੈਨ ਸ਼੍ਰੀ ਅਰੁਣ ਸ਼ਰਮਾ ਸੂਦਨ ਨੇ ਇਲਾਕੇ ਦੀ ਮੁਸੀਬਤਾਂ ਭਰੀ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਥੋਂ ਦੇ ਲੋਕ ਹਰ ਵੇਲੇ ਗੋਲੀਆਂ ਦਾ ਸਾਹਮਣਾ ਕਰਦੇ ਹਨ। ਕੋਈ ਹਫਤਾ, ਮਹੀਨਾ ਅਜਿਹਾ ਨਹੀਂ ਗੁਜ਼ਰਦਾ, ਜਦੋਂ ਗੋਲੀਆਂ ਨਾ ਵਰ੍ਹਦੀਆਂ ਹੋਣ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨਿਆਂ 'ਚ ਇਨ੍ਹਾਂ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਪਾਕਿਸਤਾਨ ਲਗਾਤਾਰ ਗੋਲੀਬਾਰੀ ਕਰ ਰਿਹਾ ਹੈ। ਲੋਕਾਂ ਲਈ ਆਪਣੇ ਘਰਾਂ 'ਚੋਂ ਨਿਕਲਣਾ ਅਤੇ ਆਪਣੇ ਕੰਮ-ਧੰਦੇ ਕਰਨੇ ਵੀ ਮੁਸ਼ਕਲ ਹੋ ਜਾਂਦੇ ਹਨ। ਸ਼੍ਰੀ ਅਰੁਣ ਸ਼ਰਮਾ ਨੇ ਕਿਹਾ ਕਿ ਪਹਾੜੀ ਖੇਤਰਾਂ ਵਿਚ ਜੀਵਨ ਆਮ ਦੇ ਮੁਕਾਬਲੇ ਬੇਹੱਦ ਮੁਸ਼ਕਲਾਂ ਭਰਿਆ ਹੁੰਦਾ ਹੈ। ਇਥੇ ਚੰਗੀਆਂ ਸੜਕਾਂ ਨਹੀਂ ਹਨ, ਚੰਗੇ ਹਸਪਤਾਲ ਨਹੀਂ ਹਨ ਅਤੇ ਪੜ੍ਹਾਈ ਦੇ ਵੀ ਬਹੁਤ ਵਧੀਆ ਪ੍ਰਬੰਧ ਨਹੀਂ। ਉਨਾਂ ਕਿਹਾ ਕਿ ਸਰਹੱਦੀ ਇਲਾਕਿਆਂ 'ਚ ਰੋਜ਼ਗਾਰ ਦੇ ਸਾਧਨ ਬਿਲਕੁਲ ਨਹੀਂ ਹਨ, ਇਸ ਲਈ ਇਨ੍ਹਾਂ ਪਰਿਵਾਰਾਂ ਨੂੰ ਰੋਜ਼ੀ-ਰੋਟੀ ਚਲਾਉਣੀ ਵੀ ਮੁਸ਼ਕਲ ਹੋ ਜਾਂਦੀ ਹੈ। ਸਰਕਾਰ ਨੂੰ ਸਰਹੱਦੀ ਖੇਤਰਾਂ ਲਈ ਵਿਸ਼ੇਸ਼ ਨੀਤੀ ਦਾ ਐਲਾਨ ਕਰਨਾ ਚਾਹੀਦਾ ਹੈ।ਇਸ ਮੌਕੇ 'ਤੇ ਬੀ. ਐੱਸ. ਐੱਫ. ਦੇ ਕਮਾਂਡੈਂਟ ਸ਼੍ਰੀ ਅਰੁਣ ਸਿੰਘ, ਕਮਾਂਡੈਂਟ ਆਨੰਦ ਸ਼ਰਮਾ, ਸਰਪੰਚ ਤੋਸ਼ੀ ਦੇਵੀ, ਪੰਚ ਸੱਤਿਆ ਦੇਵੀ, ਸਕੂਲ ਦੇ ਮੁੱਖ ਅਧਿਆਪਕ ਕਿਸ਼ੋਰ ਕੁਮਾਰ, ਭੂਸ਼ਣ ਕੁਮਾਰ, ਸੁਰਿੰਦਰ ਸਿੰਘ, ਸੁਰੇਸ਼ ਕੁਮਾਰ ਅਤੇ ਸ਼ਕਤੀ ਕੁਮਾਰ ਵੀ ਮੌਜੂਦ ਸਨ। ਰਾਹਤ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਦੇ ਮੈਂਬਰ ਪਤਲੀ, ਥਾਰ, ਬੜਬੜ, ਥਰੋਟੀ ਅਤੇ ਸੂਫਾ ਆਦਿ ਪਿੰਡਾਂ ਨਾਲ ਸਬੰਧਤ ਸਨ।
ਅਲਵਿਦਾ 2019 : ਕਈ ਅਹਿਮ ਘਟਨਾਵਾਂ ਕਾਰਣ ਪੂਰਾ ਸਾਲ ਸੁਰਖੀਆਂ 'ਚ ਰਿਹਾ ਜ਼ਿਲਾ ਗੁਰਦਾਸਪੁਰ
NEXT STORY