ਗੁਰਦਾਸਪੁਰ (ਹਰਮਨਪ੍ਰੀਤ) : ਕੁਝ ਦਿਨ ਬਾਅਦ ਵਿਦਾਈ ਲੈ ਰਿਹਾ 'ਸਾਲ-2019' ਜ਼ਿਲਾ ਗੁਰਦਾਸਪੁਰ ਲਈ ਜਿੱਥੇ ਸਿਆਸੀ ਅਤੇ ਸਮਾਜਕ ਸਰਗਰਮੀਆਂ ਦੇ ਪੱਖੋਂ ਅਹਿਮ ਰਿਹਾ ਹੈ, ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਾਲਾ ਇਹ ਸਾਲ ਧਾਰਮਕ ਪੱਖੋਂ ਵੀ ਗੁਰਦਾਸਪੁਰ ਲਈ ਅਮਿੱਟ ਯਾਦਾਂ ਛੱਡ ਕੇ ਜਾ ਰਿਹਾ ਹੈ। ਇਸ ਸਾਲ ਜ਼ਿਲੇ ਲਈ ਸਭ ਤੋਂ ਖਾਸ ਗੱਲ ਇਹ ਰਹੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ 2 ਵਾਰ ਇਸ ਜ਼ਿਲੇ ਦਾ ਦੌਰਾ ਕੀਤਾ ਜਦਕਿ ਸਿੱਖ ਸੰਗਤ ਵਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਬਣਾਉਣ ਦੀ ਕੀਤੀ ਜਾ ਰਹੀ ਮੰਗ ਵੀ ਇਸੇ ਸਾਲ ਪ੍ਰਵਾਨ ਹੋਈ ਹੈ। ਇਸ ਪੂਰੇ ਸਾਲ ਦੌਰਾਨ ਹੀ ਜਿੱਥੇ ਇਸ ਜ਼ਿਲੇ ਅੰਦਰ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਕਿਸੇ ਨਾ ਕਿਸੇ ਧਾਰਮਕ, ਸਿਆਸੀ ਅਤੇ ਸਰਕਾਰੀ ਸਰਗਰਮੀਆਂ ਦਾ ਸਿਲਸਿਲਾ ਜਾਰੀ ਰਿਹਾ ਉੱਥੇ ਦੇਸ਼ ਦੀਆਂ 16ਵੀਆਂ ਲੋਕ ਸਭਾ ਚੋਣਾਂ ਨੇ ਵੀ ਸਾਲ ਦੇ ਤਕਰੀਬਨ ਪਹਿਲੇ 5 ਮਹੀਨੇ ਜ਼ਿਲੇ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਗਰਮਾਈ ਰੱਖਿਆ। ਇਸ ਦੇ ਬਾਅਦ ਭਾਵੇਂ ਚੋਣਾਂ ਦਾ ਵਾਵਰੌਲਾ ਤਾਂ ਖਤਮ ਹੋ ਗਿਆ ਪਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਖਿਚੋਤਾਣ, ਦੂਸ਼ਣਬਾਜ਼ੀ ਅਤੇ ਧਰਨੇ ਤਕਰੀਬਨ ਸਾਰਾ ਸਾਲ ਹੀ ਚਲਦੇ ਰਹੇ। ਇਥੋਂ ਤੱਕ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਕਈ ਮੁੱਦਿਆਂ ਨੂੰ ਲੈ ਕੇ ਜ਼ਿਲੇ ਅੰਦਰ ਖੁਦ ਧਰਨੇ ਦਿੱਤੇ ਜਦੋਂ ਕਾਂਗਰਸ ਨੇ ਵੀ ਕਈ ਵਾਰ ਕੇਂਦਰ ਸਰਕਾਰ ਖਿਲਾਫ ਭੜਾਸ ਕੱਢੀ। ਇਸ ਪੂਰੇ ਸਾਲ ਦੌਰਾਨ ਕੁਦਰਤ ਦਾ ਕਹਿਰ ਵੀ ਕਈ ਵਾਰ ਬਰਸਿਆ, ਜਿਸ ਤਹਿਤ ਬੇਮੌਸਮੀ ਬਾਰਿਸ਼ ਨੇ ਜਿੱਥੇ ਕਿਸਾਨਾਂ ਦੀਆਂ ਫਸਲਾਂ ਨੂੰ ਕਈ ਵਾਰ ਲਪੇਟ ਵਿਚ ਲਿਆ ਉੱਥੇ ਸ੍ਰੀ ਗੁਰੂ ਨਾਨਕ ਦੇਵ ਦੇ ਵਿਆਹ ਪੁਰਬ ਤੋਂ ਇਕ ਦਿਨ ਪਹਿਲਾਂ ਬਟਾਲਾ 'ਚ ਪਟਾਕਾ ਫੈਕਟਰੀ 'ਚ ਹੋਏ ਵਿਸਫੋਟ ਨੇ ਸਿਰਫ ਦੋ ਦਰਜਨ ਦੇ ਕਰੀਬ ਜਾਨਾਂ ਦੀ ਬਲੀ ਹੀ ਨਹੀਂ ਲਈ ਸਗੋਂ ਇਸ ਵਿਸਫੋਟ ਦੀ ਧਮਕ ਨੇ ਪੂਰੇ ਪੰਜਾਬ ਦੀ ਸਿਆਸਤ ਨੂੰ ਹਿਲਾ ਦਿੱਤਾ। ਇਸੇ ਦੌਰਾਨ ਲੋਕ ਇਨਸਾਫ ਪਾਰਟੀ ਨਾਲ ਸਬੰਧਤ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਕੀਤੀ ਕਥਿਤ ਬਦਸਲੂਕੀ ਵੀ ਵੱਡਾ ਮੁੱਦਾ ਬਣੀ ਰਹੀ ਜਿਸ ਤਹਿਤ ਜਿੱਥੇ ਬੈਂਸ ਖਿਲਾਫ ਪਰਚਾ ਦਰਜ ਕੀਤਾ ਗਿਆ ਉੱਥੇ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਡਿਪਟੀ ਕਮਿਸ਼ਨਰ ਦੀ ਹਮਾਇਤ 'ਤੇ ਆ ਕੇ ਵਿਧਾਇਕ ਦੀ ਗ੍ਰਿਫਤਾਰੀ ਲਈ ਲੰਮਾ ਸਮੇਂ ਧਰਨੇ ਵੀ ਦਿੱਤੇ। ਇਸ ਤਰ੍ਹਾਂ ਹੋਰ ਵੀ ਅਨੇਕਾਂ ਯਾਦਾਂ ਛੱਡ ਕੇ ਜਾ ਰਹੇ ਇਸ ਸਾਲ ਦਾ ਅਹਿਮ ਘਟਨਾ ਕ੍ਰਮ ਸੰਖੇਪ ਵੇਰਵਿਆਂ ਅਤੇ ਤਸਵੀਰਾਂ ਦੀ ਜ਼ੁਬਾਨੀ ਪੇਸ਼ ਕੀਤਾ ਜਾ ਰਿਹਾ ਹੈ।
ਗੁਰਦਾਸਪੁਰ ਜ਼ਿਲੇ ਅੰਦਰ ਦੋ ਵਾਰ ਆਏ ਨਰਿੰਦਰ ਮੋਦੀ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੌਰਾਨ ਆਪਣੀ ਸਿਆਸੀ ਅਤੇ ਸਰਕਾਰੀ ਫੇਰੀਆਂ ਦੀ ਸ਼ੁਰੂਆਤ ਜ਼ਿਲਾ ਗੁਰਦਾਸਪੁਰ ਤੋਂ ਹੀ ਕੀਤੀ ਸੀ, ਜਿਸ ਤਹਿਤ ਉਨ੍ਹਾਂ ਨੇ 3 ਜਨਵਰੀ ਨੂੰ ਗੁਰਦਾਸਪੁਰ ਦੀ ਪੁੱਡਾ ਗਰਾਊਂਡ 'ਚ ਮਹਾਰੈਲੀ ਕੀਤੀ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਨਵੰਬਰ ਮਹੀਨੇ ਦੁਬਾਰਾ ਜ਼ਿਲੇ 'ਚ ਆ ਕੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ। ਇਸ ਅਹਿਮ ਮੌਕੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਸਮੇਤ ਹੋਰ ਕਈ ਸ਼ਖਸੀਅਤਾਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਪਹੁੰਚੀਆਂ।

ਕਰਤਾਰਪੁਰ ਲਾਂਘੇ ਅਤੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨ
ਇਸ ਸਾਲ 550ਵੇਂ ਪ੍ਰਕਾਸ਼ ਪੁਰਬ ਸਬੰਧੀ ਜ਼ਿਲਾ ਪ੍ਰਸ਼ਾਸਨ ਵਲੋਂ ਹਰੇਕ ਪਿੰਡ 'ਚ 550 ਪੌਦੇ ਲਾਉਣ ਦਾ ਕੰਮ ਕੀਤਾ ਗਿਆ ਜਦਕਿ ਵੱਖ-ਵੱਖ ਵਿਭਾਗਾਂ ਨੇ ਵੀ ਆਪਣੇ ਪੱਧਰ 'ਤੇ ਇਹ ਜਸ਼ਨ ਮਨਾਉਣ ਲਈ ਹਰ ਸੰਭਵ ਯਤਨ ਕੀਤਾ। 4 ਅਪ੍ਰੈਲ ਨੂੰ ਜ਼ਿਲੇ ਅੰਦਰ ਸ਼ਬਦ ਗੁਰੂ ਯਾਤਰਾ ਦੇ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸੇ ਤਰ੍ਹਾਂ ਪੂਰਾ ਸਾਲ ਹੀ ਡੇਰਾ ਬਾਬਾ ਨਾਨਕ ਵਿਖੇ ਲਾਂਘੇ ਅਤੇ ਅੰਤਰਰਾਸ਼ਟਰੀ ਟਰਮੀਨਲ ਨਾਲ ਸਬੰਧਤ ਵਿਕਾਸ ਕਾਰਜ ਅਤੇ ਮੀਟਿੰਗਾਂ ਦਾ ਸਿਲਸਿਲਾ ਜਾਰੀ ਰਿਹਾ, ਜਿਸ ਤੋਂ ਬਾਅਦ ਆਖਿਰਕਾਰ 9 ਨਵੰਬਰ ਨੂੰ ਇਹ ਲਾਂਘਾ ਸ਼ੁਰੂ ਹੋਇਆ। ਇਸ ਤਹਿਤ ਡੇਰਾ ਬਾਬਾ ਨਾਨਕ 'ਚ ਕਈ ਦਿਨ ਭਾਰੀ ਰੌਣਕਾਂ ਰਹੀਆਂ।

ਪੁਲਵਾਮਾ ਹਮਲੇ 'ਚ ਮਨਿੰਦਰ ਸਿੰਘ ਅਤਰੀ ਦੀ ਸ਼ਹਾਦਤ
ਫਰਵਰੀ ਮਹੀਨੇ ਅੱਤਵਾਦੀਆਂ ਵੱਲੋਂ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਕੀਤੇ ਗਏ ਹਮਲੇ ਦੌਰਾਨ ਦੀਨਾਨਗਰ ਨਾਲ ਸਬੰਧਤ ਨੌਜਵਾਨ ਮਨਿੰਦਰ ਸਿੰਘ ਅਤਰੀ ਦੇ ਸ਼ਹੀਦ ਹੋਣ 'ਤੇ ਕਈ ਦਿਨ ਜ਼ਿਲੇ ਅੰਦਰ ਸੋਗ ਦੀ ਲਹਿਰ ਰਹੀ ਅਤੇ ਪੰਜਾਬ ਤੋਂ ਇਲਾਵਾ ਕੇਂਦਰ ਨਾਲ ਸਬੰਧਤ ਕਈ ਰਾਜਸੀ ਅਤੇ ਸਰਕਾਰੀ ਸ਼ਖਸੀਅਤਾਂ ਨੇ ਪਹੁੰਚ ਕੇ ਸ਼ਹੀਦ ਨੂੰ ਸਿਜਦਾ ਕੀਤਾ। ਇਸੇ ਦੌਰਾਨ ਜ਼ਿਲੇ ਅੰਦਰ ਪਾਕਿਸਤਾਨ ਖਿਲਾਫ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ ਵੀ ਜਾਰੀ ਰਿਹਾ, ਜਿਸ ਕਾਰਣ ਕਈ ਜਥੇਬੰਦੀਆਂ ਨੇ ਪਾਕਿਸਤਾਨ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।

ਚੋਣਾਂ ਨੇ ਬਦਲਿਆਂ ਸਿਆਸੀ ਹਵਾਵਾਂ ਦਾ ਰੁਖ
ਇਸ ਸਾਲ ਮਈ ਮਹੀਨੇ ਹੋਈਆਂ ਲੋਕ ਸਭਾ ਚੋਣਾਂ ਨੇ ਵੀ ਜ਼ਿਲੇ ਦੀਆਂ ਸਿਆਸੀ ਹਵਾਵਾਂ ਦਾ ਰੁਖ ਬਦਲਣ 'ਚ ਅਹਿਮ ਭੂਮਿਕਾ ਨਿਭਾਈ, ਜਿਸ ਤਹਿਤ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਅਤੇ ਫਿਲਮੀ ਸਿਤਾਰੇ ਸੰਨੀ ਦਿਓਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ 77 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਦੌਰਾਨ ਕਈ ਹਲਕਿਆਂ 'ਚ ਅਕਾਲੀ ਦਲ ਅਤੇ ਭਾਜਪਾ ਨੂੰ ਮਿਲੇ ਵੱਡੇ ਸਮਰਥਨ ਕਾਰਣ ਜਿੱਥੇ ਗਠਜੋੜ 'ਚ ਨਵਾਂ ਜੋਸ਼ ਦਿਖਾਈ ਦਿੱਤਾ ਉੱਥੇ ਕਾਂਗਰਸ ਦੀ ਹਾਰ ਦੇ ਬਾਵਜੂਦ ਕਈ ਵਿਧਾਨ ਸਭਾ ਹਲਕਿਆਂ 'ਚ ਵੱਡੀ ਲੀਡ ਮਿਲਣ ਕਾਰਣ ਕਾਂਗਰਸ ਨੇ ਵੀ ਰਾਹਤ ਮਹਿਸੂਸ ਕੀਤੀ। ਇਨ੍ਹਾਂ ਪੰਜ ਮਹੀਨਿਆਂ ਦੌਰਾਨ ਜਿੱਥੇ ਚੋਣ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਜਾਰੀ ਰਿਹਾ ਉੱਥੇ ਚੋਣ ਕਮਿਸ਼ਨ ਨੇ ਵੀ ਇਸ ਸਾਲ ਮਹਿਲਾਵਾਂ, ਨੌਜਵਾਨ ਵੋਟਰਾਂ ਸਮੇਤ ਸਾਰੇ ਵੋਟਰਾਂ ਨੂੰ ਉਤਸ਼ਾਹਿਤ ਕਰ ਲਈ ਮਾਡਲ ਅਤੇ ਪਿੰਕ ਪੋਲਿੰਗ ਬੂਥ ਬਣਾਉਣ ਸਮੇਤ ਸਵੀਪ ਵਰਗੀਆਂ ਕਈ ਮੁਹਿੰਮਾਂ ਚਲਾਈਆਂ। ਇਸੇ ਦੌਰਾਨ ਚੋਣ ਪ੍ਰਚਾਰ ਕਰਦਿਆਂ ਸੰਨੀ ਦਿਓਲ ਦੀ ਗੱਡੀ ਹਾਦਸਾਗ੍ਰਸਤ ਵੀ ਹੋ ਗਈ ਸੀ।

ਹੋਣਹਾਰ ਧੀਆਂ ਨੇ ਰੌਸ਼ਨ ਕੀਤਾ ਜ਼ਿਲੇ ਦਾ ਨਾਂ
ਇਸ ਸਾਲ ਗੁਰਦਾਸਪੁਰ ਨਾਲ ਸਬੰਧਤ ਸਮਾਜ ਸੇਵੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਦੀ ਹੋਣਹਾਰ ਧੀ ਅੰਮ੍ਰਿਤਪਾਲ ਕੌਰ ਨੇ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਦੌਰਾਨ ਦੇਸ਼ ਭਰ ਵਿਚੋਂ 44ਵਾਂ ਸਥਾਨ ਹਾਸਲ ਕਰ ਕੇ ਪੂਰੇ ਦੇਸ਼ ਅੰਦਰ ਜ਼ਿਲੇ ਦਾ ਨਾਂ ਰੌਸ਼ਨ ਕੀਤਾ, ਜਿਸ ਦੇ ਬਾਅਦ ਕਈ ਮਹੀਨੇ ਅੰਮ੍ਰਿਤਪਾਲ ਦੇ ਘਰ ਸ਼ੁਭ ਕਾਮਨਾਵਾਂ ਦੇਣ ਪਹੁੰਚੇ ਸਿਆਸੀ ਅਤੇ ਸਮਾਜ ਸੇਵੀ ਲੋਕਾਂ ਦਾ ਤਾਂਤਾ ਲੱਗਾ ਰਿਹਾ। ਇਸੇ ਤਰ੍ਹਾਂ ਪੀ. ਪੀ. ਐੱਸ. ਸੀ. ਦੀ ਪ੍ਰੀਖਿਆ ਵਿਚੋਂ ਗੁਰਦਾਸਪੁਰ ਦੇ ਉੱਘੇ ਡਾ. ਐੱਚ. ਐੱਸ. ਢਿੱਲੋਂ ਅਤੇ ਅਰਤਿੰਦਰਪਾਲ ਕੌਰ ਢਿੱਲੋਂ ਦੀ ਹੋਣਹਾਰ ਪੁੱਤਰੀ ਹਰਨੂਰ ਕੌਰ ਢਿੱਲੋਂ ਨੇ ਪੂਰੇ ਪੰਜਾਬ ਵਿਚੋਂ 6ਵਾਂ ਸਥਾਨ ਹਾਸਲ ਕਰ ਕੇ ਵੱਡਾ ਮੁਕਾਮ ਹਾਸਲ ਕੀਤਾ।

ਕੁਦਰਤ ਦੀ ਕਰੋਪੀ
ਇਸ ਸਾਲ ਵੀ ਕੁਦਰਤ ਦੀ ਕਰੋਪੀ ਕਿਸਾਨਾਂ ਅਤੇ ਹੋਰ ਲੋਕਾਂ ਲਈ ਭਾਰੀ ਰਹੀ, ਜਿਸ ਦੌਰਾਨ ਪਹਿਲਾਂ ਪੱਕੀ ਹੋਈ ਕਣਕ ਦੀ ਫਸਲ 'ਤੇ ਪਏ ਬੇ-ਮੌਸਮੀ ਮੀਂਹ ਨੇ ਨੁਕਸਾਨ ਕੀਤਾ ਅਤੇ ਬਾਅਦ 'ਚ ਝੋਨੇ ਦੇ ਸੀਜ਼ਨ ਵਿਚ ਕਈ ਵਾਰ ਬਾਰਿਸ਼ ਪੈਣ ਕਾਰਣ ਕਾਫੀ ਨੁਕਸਾਨ ਹੋਇਆ। ਇਸੇ ਤਰ੍ਹਾਂ ਸ਼ਹਿਰ ਅੰਦਰ ਵੀ ਪਾਣੀ ਦੇ ਨਿਕਾਸ ਦੀ ਸਮੱਸਿਆ ਵੱਡੀ ਚੁਣੌਤੀ ਬਣੀ ਰਹੀ ਅਤੇ ਕਈ ਵਾਰ ਨੀਂਵੇ ਮੁਹੱਲੇ ਅਤੇ ਬਾਜ਼ਾਰ ਪਾਣੀ ਦੀ ਮਾਰ ਹੇਠ ਆਏ।

ਕ੍ਰਿਸ਼ਨ ਕੁਮਾਰ ਦੀ ਆਮਦ 'ਤੇ ਅਧਿਆਪਕਾਂ ਦਾ ਸਨਮਾਨ
ਸਿੱਖਿਆ ਵਿਭਾਗ ਵੀ ਇਸ ਸਾਲ ਕਾਫੀ ਚਰਚਾ ਵਿਚ ਰਿਹਾ ਜਿਸ ਤਹਿਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਖੁਦ ਕਰੀਬ ਚਾਰ ਵਾਰ ਜ਼ਿਲੇ ਦਾ ਦੌਰਾ ਕੀਤਾ ਅਤੇ ਸਕੂਲਾਂ 'ਚ ਚੈਕਿੰਗ ਕਰਨ ਦੇ ਇਲਾਵਾ ਜ਼ਿਲਾ ਪੱਧਰੀ ਸਮਾਗਮ ਦੌਰਾਨ ਅਧਿਆਪਕਾਂ ਨੂੰ ਸਨਾਮਾਨਤ ਵੀ ਕੀਤਾ। ਡਿਪਟੀ ਕਮਿਸ਼ਨਰ ਵਿਪੁਲ ਉਜਵਲ ਵੱਲੋਂ ਸ਼ੁਰੂ ਕੀਤੀ ਸਮਰਪਣ ਮੁਹਿੰਮ ਅਤੇ ਕ੍ਰਿਸ਼ਨ ਕੁਮਾਰ ਵੱਲੋਂ ਸਕੂਲਾਂ ਨੂੰ ਸਵੈ-ਸਮਾਰਟ ਸਕੂਲ ਬਣਾਉਣ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤੇ ਜਾਣ ਕਾਰਣ ਸਕੂਲਾਂ ਦੀ ਦਿੱਖ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਇਸ ਸਾਲ ਪੂਰੇ ਜ਼ਿਲੇ ਵਿਚੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਦੀ ਹੈੱਡ ਟੀਚਰ ਰਾਜਵਿੰਦਰਪਾਲ ਕੌਰ ਨੂੰ ਅਧਿਆਪਕ ਦਿਵਸ ਮੌਕੇ ਸਟੇਟ ਐਵਾਰਡ ਨਾਲ ਨਾਲ ਸਨਮਾਨਤ ਕੀਤਾ ਗਿਆ।

ਬਟਾਲਾ ਪਟਾਕਾ ਵਿਸਫੋਟ ਦੀ ਧਮਕ ਨੇ ਹਿਲਾਇਆ ਜ਼ਿਲਾ
ਸਤੰਬਰ ਮਹੀਨੇ ਬਟਾਲਾ ਵਿਖੇ ਪਟਾਕੇ ਬਣਾਉਣ ਵਾਲੀ ਫੈਕਟਰੀ 'ਚ ਹੋਏ ਧਮਾਕੇ ਨੇ ਜਿੱਥੇ 24 ਲੋਕਾਂ ਦੀ ਜਾਨ ਲੈ ਲਈ ਉੱਥੇ ਵਿਰੋਧੀ ਸਿਆਸੀ ਧਿਰਾਂ ਨੂੰ ਸਰਕਾਰ 'ਤੇ ਉਂਗਲ ਚੁੱਕਣ ਦਾ ਮੌਕਾ ਵੀ ਦੇ ਦਿੱਤਾ। ਇਸ ਤਹਿਤ ਨਾਜਾਇਜ਼ ਤੌਰ 'ਤੇ ਚਲ ਰਹੀ ਫੈਕਟਰੀ ਸਬੰਧੀ ਕਈ ਸਵਾਲ ਉਠੇ। ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨਾਲ ਹੋਈ ਤਲਖਕਲਾਮੀ ਕਾਰਣ ਵਿਧਾਇਕ ਖਿਲਾਫ ਪਰਚਾ ਵੀ ਹੋਇਆ ਅਤੇ ਉਸ ਦੀ ਗ੍ਰਿਫਤਾਰੀ ਲਈ ਕਈ ਦਿਨ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਇਸੇ ਦੌਰਾਨ ਬੈਂਸ ਭਰਾਵਾਂ ਨੇ ਬਟਾਲਾ ਆ ਕੇ ਸਰਕਾਰ ਵਿਰੁੱਧ ਧਰਨਾ ਦਿੱਤਾ। ਇਸ ਮਾਮਲੇ ਦੀ ਜਾਂਚ ਰਿਪੋਰਟ ਦੇ ਅਧਾਰ 'ਤੇ ਸਰਕਾਰ ਨੇ ਪੁਲਸ ਅਤੇ ਸਿਵਲ ਪ੍ਰ੍ਰਸ਼ਾਸ਼ਨ ਨਾਲ ਸਬੰਧਤ ਕਈ ਕਰਮਚਾਰੀ ਮੁਅੱਤਲ ਵੀ ਕੀਤੇ।

ਜਾਰੀ ਰਿਹਾ ਰੋਸ ਪ੍ਰਦਰਸ਼ਨਾਂ ਦਾ ਸਿਲਸਿਲਾ
ਇਸ ਪੂਰੇ ਸਾਲ ਦੌਰਾਨ ਹੀ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਧਰਨੇ ਦਿੰਦੀਆਂ ਰਹੀਆਂ। ਇੱਥੋਂ ਤਕ ਕਿ ਪਾਵਰਕਾਮ ਦਫਤਰ ਸਾਹਮਣੇ ਧਰਨਾ ਦੇਣ ਦੇ ਬਾਵਜੂਦ ਕੋਈ ਸੁਣਵਾਈ ਨਾ ਹੋਣ ਕਾਰਣ ਕਿਸਾਨਾਂ ਨੇ ਪਾਵਰਕਾਮ ਦੇ ਐੱਸ. ਈ. ਅਤੇ ਹੋਰ ਅਧਿਕਾਰੀਆਂ ਦਾ ਘਿਰਾਓ ਕੀਤਾ। ਇਸੇ ਤਰ੍ਹਾਂ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੁਝ ਦਿਨ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਪੱਕੇ ਡੇਰੇ ਲਾ ਕੇ ਕਈ ਦਿਨ ਧਰਨਾ ਦਿੱਤਾ। ਮੁਲਾਜ਼ਮ ਜਥੇਬੰਦੀਆਂ ਦੇ ਧਰਨੇ ਵੀ ਸਾਰਾ ਸਾਲ ਜਾਰੀ ਰਹੇ।

ਜਾਪਾਨ ਦੇ ਰਾਜਦੂਤ ਵੱਲੋਂ ਗੁਰਦਾਸੁਪਰ ਦਾ ਦੌਰਾ
ਜਾਪਾਨ ਦੇ ਰਾਜਦੂਤ ਕੇਨਜੀ ਹੀਰਾਮਤਸੂ ਅਤੇ ਉਨ੍ਹਾਂ ਦੀ ਧਰਮਪਤਨੀ ਪਤਰੀਕਾ ਹੀਰਾਮਤਸੂ ਨੇ ਦੇਸ਼ ਦੇ ਸਾਬਕਾ ਕਾਨੂੰਨ ਮੰਤਰੀ ਡਾ. ਅਸ਼ਵਨੀ ਕੁਮਾਰ ਦੇ ਨਿੱਜੀ ਸੱਦੇ 'ਤੇ 18 ਜੂਨ ਨੂੰ ਜ਼ਿਲਾ ਗੁਰਦਾਸਪੁਰ ਦਾ ਦੌਰਾ ਕੀਤਾ। ਉਨ੍ਹਾਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਹੋਰ ਸੁਖਾਲਾ ਬਣਾਉਣ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਜਾਪਾਨ ਵੱਲੋਂ ਪੰਜਾਬ ਅੰਦਰ ਸਕਿੱਲ ਡਿਵੈਲਮੈਂਟ ਅਤੇ ਉਦਯੋਗਿਕ ਖੇਤਰ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ।
ਅਕਾਲੀ ਆਗੂ ਦੇ ਕਤਲ ਕਾਰਣ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਦਿੱਤਾ ਧਰਨਾ
ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਤ ਪਿੰਡ 'ਚ ਅਕਾਲੀ ਆਗੂ ਦਾ ਕਤਲ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਨਾਮਜ਼ਦ ਦੋਸ਼ੀਆਂ ਨੂੰ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਹਿ ਹੋਣ ਦਾ ਦੋਸ਼ ਲਾਉਂਦੇ ਹੋਏ ਬਟਾਲਾ 'ਚ ਦੋ ਧਰਨੇ ਦਿੱਤੇ ਅਤੇ ਨਾਲ ਹੀ ਕੈਂਡਲ ਮਾਰਚ ਵੀ ਕੀਤਾ। ਇੱਥੋਂ ਤੱਕ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਨੇ ਬਟਾਲਾ ਵਿਖੇ ਧਰਨਾ ਦੇ ਕੇ ਸਰਕਾਰ ਖਿਲਾਫ ਪਿੱਟ ਸਿਆਪਾ ਕੀਤਾ। ਅਕਾਲੀ ਲੀਡਰਸ਼ਿਪ ਨੇ ਰੰਧਾਵਾ ਖਿਲਾਫ ਗੈਂਗਸਟਰਾਂ ਨੂੰ ਸ਼ਹਿ ਦੇਣ ਦੇ ਦੋਸ਼ ਲਾ ਕੇ ਮੋਰਚਾ ਖੋਲ੍ਹੀ ਰੱਖਿਆ।
ਆਖਿਰਕਾਰ ਕਾਂਗਰਸੀਆਂ ਨੂੰ ਨਸੀਬ ਹੋਏ ਅਹੁਦੇ
ਇਸ ਸਾਲ ਕਾਂਗਰਸ ਪਾਰਟੀ ਵੱਲੋਂ ਚੇਅਰਮੈਨ ਅਤੇ ਹੋਰ ਅਹੁਦੇ ਲੈਣ ਦੀ ਉਡੀਕ ਕਰ ਰਹੇ ਕਾਂਗਰਸੀਆਂ ਦੀ ਉਡੀਕ ਖਤਮ ਕਰਦੇ ਹੋਏ ਜ਼ਿਲੇ ਦੇ ਕਈ ਆਗੂ ਨਾਮਜ਼ਦ ਕੀਤੇ ਗਏ, ਜਿਸ ਤਹਿਤ ਮਾਰਕੀਟ ਕਮੇਟੀ, ਜ਼ਿਲਾ ਪ੍ਰੀਸ਼ਦ ਅਤੇ ਨਗਰ ਸੁਧਾਰ ਟਰੱਸਟਾਂ ਦੇ ਚੇਅਰਮੈਨ ਚੁਣੇ ਗਏ। ਇਸੇ ਤਰ੍ਹਾਂ ਬਲਜੀਤ ਸਿੰਘ ਪਾਹੜਾ ਅਪ੍ਰੈਲ ਮਹੀਨੇ ਮਿਲਕ ਪਲਾਂਟ ਗੁਰਦਾਸਪੁਰ ਦੇ ਚੇਅਰਮੈਨ ਚੁਣੇ ਗਏ ਜਦਕਿ ਦਸੰਬਰ ਮਹੀਨੇ ਉਹ ਯੂਥ ਕਾਂਗਰਸ ਦੀ ਚੋਣ ਜਿੱਤ ਕੇ ਜ਼ਿਲੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ। ਇਸੇ ਤਰ੍ਹਾਂ ਰਾਜ ਪੱਧਰੀ ਚੇਅਰਮੈਨਾਂ ਦੀਆਂ ਨਿਯੁਕਤੀਆਂ ਹੋਣ ਨਾਲ ਜ਼ਿਲੇ ਦੇ ਕਈ ਆਗੂਆਂ ਨੂੰ ਵੱਡੇ ਅਹੁਦੇ ਨਸੀਬ ਹੋਏ।
ਕਈ ਆਗੂ ਚੁੱਪ ਰਹਿ ਕੇ ਵੀ ਰਹੇ ਚਰਚਾ 'ਚ
ਜ਼ਿਲਾ ਗੁਰਦਾਸਪੁਰ ਅੰਦਰ ਕਈ ਸਿਆਸੀ ਆਗੂ ਅਜਿਹੇ ਵੀ ਹਨ ਜੋ ਸਿਆਸੀ ਸਰਗਰਮੀਆਂ ਤੋਂ ਦੂਰ ਰਹਿ ਕੇ ਵੀ ਸਾਰਾ ਸਾਲ ਚਰਚਾ 'ਚ ਬਣੇ ਰਹੇ। ਇਨ੍ਹਾਂ ਵਿਚੋਂ ਮੁੱਖ ਤੌਰ 'ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਹਨ ਜਿਨ੍ਹਾਂ ਨੇ ਜ਼ਿਲੇ ਅੰਦਰ ਹੋਏ ਵੱਡੇ ਸਮਾਗਮਾਂ 'ਚ ਤਾਂ ਸ਼ਿਰਕਤ ਨਹੀਂ ਕੀਤੀ ਪਰ ਪੂਰਾ ਸਾਲ ਉਹ ਗੁਰਦਾਸਪੁਰ ਜ਼ਿਲੇ ਅਤੇ ਪੰਜਾਬ ਨਾਲ ਸਬੰਧਤ ਮਸਲਿਆਂ ਨੂੰ ਚੁੱਕ ਕੇ ਸੁਰਖੀਆਂ 'ਚ ਰਹੇ। ਉਨ੍ਹਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕਈ ਪੱਤਰ ਲਿਖਣ ਦੇ ਨਾਲ-ਨਾਲ ਰਾਜ ਸਭਾ ਵਿਚ ਵੀ ਕਈ ਮੁੱਦੇ ਚੁੱਕੇ। ਇਸੇ ਤਰ੍ਹਾਂ ਅਕਾਲੀ ਦਲ 'ਚ ਬਰਖਾਸਤ ਕੀਤੇ ਗਏ ਆਗੂ ਸੁੱਚਾ ਸਿੰਘ ਲੰਗਾਹ ਭਾਵੇਂ ਪਾਰਟੀ 'ਚ ਵਾਪਸ ਸ਼ਾਮਲ ਨਹੀਂ ਕੀਤੇ ਗਏ ਪਰ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਵੱਲੋਂ ਕੀਤੀ ਗਈ ਵਿਸ਼ਾਲ ਰੈਲੀ ਨੇ ਉਨ੍ਹਾਂ ਦੀ ਸਿਆਸੀ ਹੋਂਦ ਸਬੰਧੀ ਮੁੜ ਚਰਚਾ ਛੇੜੀ ਰੱਖੀ। ਇਸੇ ਤਰ੍ਹਾਂ ਕਵਿਤਾ ਖੰਨਾ ਅਤੇ ਸਵਰਨ ਸਲਾਰੀਆ ਸਮੇਤ ਹੋਰ ਵੀ ਕਈ ਆਗੂ ਅਜਿਹੇ ਸਨ ਜੋ ਕਿਸੇ ਨਾ ਕਿਸੇ ਰੂਪ 'ਚ ਚਰਚਾ ਦਾ ਕੇਂਦਰ ਬਣੇ ਰਹੇ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY