ਜਲੰਧਰ/ਜੰਮੂ ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸ਼ਹਿ ਹੇਠ ਚਲਾਏ ਜਾ ਰਹੇ ਅੱਤਵਾਦ ਤੋਂ ਪੀੜਤ ਜੰਮੂ-ਕਸ਼ਮੀਰ ਦੇ ਪਰਿਵਾਰਾਂ ਦੀ ਕਤਾਰ ਦਿਨੋ-ਦਿਨ ਲੰਬੀ ਹੁੰਦੀ ਜਾ ਰਹੀ ਹੈ। ਮੀਡੀਆ ਦੀਆਂ ਖਬਰਾਂ ਬਿਆਨ ਕਰਦੀਆਂ ਹਨ ਕਿ ਕੋਈ ਦਿਨ ਅਜਿਹਾ ਨਹੀਂ ਗੁਜ਼ਰਦਾ, ਜਦੋਂ ਇਸ ਸੂਬੇ 'ਚ ਅੱਤਵਾਦ ਨਾਲ ਸਬੰਧਤ ਕੋਈ ਘਟਨਾ ਨਾ ਵਾਪਰਦੀ ਹੋਵੇ। ਇਸ ਦੇ ਨਾਲ ਹੀ ਪਾਕਿਸਤਾਨੀ ਸੈਨਿਕਾਂ ਵੱਲੋਂ ਸਰਹੱਦ ਪਾਰ ਤੋਂ ਕੀਤੀ ਜਾਣ ਵਾਲੀ ਗੋਲੀਬਾਰੀ ਵੀ ਸਭ ਹੱਦਾਂ ਪਾਰ ਕਰਦੀ ਜਾ ਰਹੀ ਹੈ। ਇਨ੍ਹਾਂ ਦੂਹਰੇ ਹਮਲਿਆਂ ਨੇ ਸਰਹੱਦੀ ਖੇਤਰਾਂ 'ਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਨਾ ਸਿਰਫ ਜਾਨੀ-ਮਾਲੀ ਨੁਕਸਾਨ ਪਹੁੰਚਾਇਆ ਹੈ, ਸਗੋਂ ਉਨ੍ਹਾਂ ਦਾ ਜਿਊਣਾ ਵੀ ਮੁਹਾਲ ਹੋ ਗਿਆ ਹੈ। ਸਰਹੱਦੀ ਖੇਤਰਾਂ ਦੇ ਲੋਕ ਪਾਕਿਸਤਾਨ ਦੀਆਂ ਮਾੜੀਆਂ ਹਰਕਤਾਂ ਕਾਰਨ ਜਿਸ ਤਰ੍ਹਾਂ ਦੀ ਸਥਿਤੀ ਹੰਢਾਅ ਰਹੇ ਹਨ, ਉਸ ਨੂੰ ਸ਼ਾਇਦ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਬਹੁਤ ਨਾਜ਼ੁਕ ਹਾਲਤ 'ਚ ਜੀਵਨ ਗੁਜ਼ਾਰ ਰਹੇ ਪਰਿਵਾਰਾਂ ਨੂੰ ਸਰਕਾਰੀ ਸਹਾਇਤਾ ਦੀ ਆਸ ਰੱਖਣ ਦੇ ਨਾਲ-ਨਾਲ ਇਹ ਉਡੀਕ ਵੀ ਰਹਿੰਦੀ ਹੈ ਕਿ ਦੇਸ਼ ਦੇ ਨਾਗਰਿਕ ਵੀ ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਲਈ ਮਦਦ ਵਾਲੇ ਹੱਥ ਅੱਗੇ ਵਧਾਉਣ।
ਸਰਹੱਦੀ ਪਰਿਵਾਰਾਂ ਦੀਆਂ ਮੁਸੀਬਤਾਂ ਨੂੰ ਧਿਆਨ 'ਚ ਰੱਖਦਿਆਂ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਅਕਤੂਬਰ 1999 'ਚ ਇਕ ਵਿਸ਼ੇਸ਼ ਰਾਹਤ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਜੋ ਪ੍ਰਭਾਵਿਤ ਲੋਕਾਂ ਨੂੰ ਕੁਝ ਸਹਾਇਤਾ ਪਹੁੰਚਾਈ ਜਾ ਸਕੇ। ਇਸ ਮੁਹਿੰਮ ਅਧੀਨ ਹੁਣ ਤੱਕ 522 ਟਰੱਕਾਂ ਦੀ ਸਮੱਗਰੀ ਪੰਜਾਬ ਅਤੇ ਜੰਮੂ-ਕਸ਼ਮੀਰ ਦੇ ਸੈਂਕੜੇ ਸਰਹੱਦੀ ਪਿੰਡਾਂ ਨਾਲ ਸਬੰਧਤ ਲੋਕਾਂ ਤੱਕ ਪਹੁੰਚਾਈ ਜਾ ਚੁੱਕੀ ਹੈ।
ਇਸ ਸਿਲਸਿਲੇ ਵਿਚ 523ਵੇਂ ਟਰੱਕ ਦੀ ਰਾਹਤ ਸਮੱਗਰੀ ਪਿਛਲੇ ਦਿਨੀਂ ਜੰਮੂ ਦੇ ਆਰ. ਐੱਸ. ਪੁਰਾ ਸੈਕਟਰ ਨਾਲ ਸਬੰਧਤ ਸਰਹੱਦੀ ਪਿੰਡ ਆਗਰਾ ਚੱਕ ਵਿਚ ਵੰਡੇ ਜਾਣ ਲਈ ਭਿਜਵਾਈ ਗਈ। ਇਸ ਵਾਰ ਦੀ ਸਮੱਗਰੀ ਦਾ ਯੋਗਦਾਨ ਜਗਰਾਓਂ ਪੁਲ ਲੁਧਿਆਣਾ ਦੇ ਨੇੜੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਰ ਨਾਲ ਸਬੰਧਤ ਸ਼੍ਰੀ ਦੁਰਗਾ ਸੇਵਕ ਸੰਘ (ਰਜਿ.) ਵੱਲੋਂ, ਪ੍ਰਧਾਨ ਸ਼੍ਰੀ ਬਲਬੀਰ ਕੁਮਾਰ ਗੁਪਤਾ ਦੀ ਦੇਖ-ਰੇਖ ਹੇਠ ਦਿੱਤਾ ਗਿਆ ਸੀ। ਸਮੱਗਰੀ ਭਿਜਵਾਉਣ ਦੇ ਇਸ ਪਵਿੱਤਰ ਕਾਰਜ 'ਚ ਸ਼੍ਰੀ ਯੋਗਰਾਜ ਗੁਪਤਾ ਅਤੇ ਸਤਪਾਲ ਗੁਪਤਾ ਨੇ ਵੀ ਅਹਿਮ ਭੂਮਿਕਾ ਨਿਭਾਈ।
'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵਲੋਂ ਲੁਧਿਆਣਾ ਤੋਂ ਪ੍ਰਭਾਵਿਤ ਖੇਤਰਾਂ ਲਈ ਰਵਾਨਾ ਕੀਤੇ ਗਏ ਇਸ ਟਰੱਕ ਦੀ ਸਮੱਗਰੀ ਵਿਚ 200 ਪਰਿਵਾਰਾਂ ਲਈ ਪ੍ਰਤੀ ਪਰਿਵਾਰ 25 ਕਿੱਲੋ ਚਾਵਲ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਸੰਘ ਦੇ ਯਤਨਾਂ ਅਧੀਨ ਪਹਿਲਾਂ ਵੀ ਸਮੱਗਰੀ ਦੇ ਤਿੰਨ ਟਰੱਕ ਭਿਜਵਾਏ ਜਾ ਚੁੱਕੇ ਹਨ। ਸਮੱਗਰੀ ਦੀ ਵੰਡ ਲਈ ਜਾਣ ਵਾਲੀ ਰਾਹਤ ਟੀਮ ਵਿਚ ਲੁਧਿਆਣਾ ਤੋਂ ਸ਼੍ਰੀ ਬਲਬੀਰ ਕੁਮਾਰ ਗੁਪਤਾ, ਰਾਜੇਸ਼ ਸ਼ਰਮਾ ਅਤੇ ਪੰਜਾਬ ਕੇਸਰੀ ਦੇ ਪ੍ਰਤੀਨਿਧੀ ਰਵਿੰਦਰ ਵਰਮਾ ਨਿੰਦੀ ਤੋਂ ਇਲਾਵਾ ਰਜਿੰਦਰ ਸ਼ਰਮਾ (ਭੋਲਾ ਜੀ), ਰਾਜੇਸ਼ ਭਗਤ, ਜੁਗਿੰਦਰ ਸੰਧੂ, ਵਿਨੋਦ ਸ਼ਰਮਾ, ਜਸਪ੍ਰੀਤ ਸਿੰਘ, ਪੰਜਾਬ ਕੇਸਰੀ ਦਫਤਰ ਜੰਮੂ ਦੇ ਇੰਚਾਰਜ ਡਾ. ਬਲਰਾਮ ਸੈਣੀ ਅਤੇ ਆਰ. ਐੱਸ. ਪੁਰਾ ਦੇ ਪ੍ਰਤੀਨਿਧੀ ਮੁਕੇਸ਼ ਰੈਣਾ ਵੀ ਸ਼ਾਮਲ ਸਨ।
ਕੁੜੀ ਨੇ ਪ੍ਰੇਮੀ ਨਾਲ ਮਿਲ ਕੇ ਚਾੜ੍ਹਿਆ ਚੰਨ, ਆਪਣਾ ਹੀ ਘਰ ਲੁੱਟਿਆ
NEXT STORY