ਫਰੀਦਕੋਟ (ਹਾਲੀ) - ਪੁਲਸ ਹਿਰਾਸਤ 'ਚ ਮਰੇ ਜਸਪਾਲ ਸਿੰਘ ਲਾਡੀ ਦੀ ਲਾਸ਼ ਨੂੰ ਪੁਲਸ ਵਲੋਂ ਖੁਰਦ-ਬੁਰਦ ਕਰਨ ਤੋਂ ਬਾਅਦ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਨਰਿੰਦਰ ਸਿੰਘ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮ੍ਰਿਤਕ ਦੇ ਪਰਿਵਾਰ ਨੇ ਜਸਪਾਲ ਦੀ ਲਾਸ਼ ਲੈਣ ਤੇ ਇਨਸਾਫ਼ ਦੀ ਮੰਗ ਸਬੰਧੀ ਸੀਨੀਅਰ ਪੁਲਸ ਕਪਤਾਨ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਵਿੱਢੇ ਸੰਘਰਸ਼ ਦੇ 16ਵੇਂ ਦਿਨ ਐਕਸ਼ਨ ਕਮੇਟੀ ਵਲੋਂ ਕਾਂਗਰਸੀ ਵਿਧਾਇਕ ਦੀ ਕੋਠੀ ਦਾ ਘਿਰਾਓ ਕਰਨ ਲਈ ਰੋਸ ਮਾਰਚ ਕੀਤਾ। ਪੰਜਾਬ ਪੱਧਰੀ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ 'ਚ ਰੋਸ ਮਾਰਚ ਕਰਨ ਮਗਰੋਂ ਵਿਧਾਇਕ ਕੁਸ਼ਲਦੀਪ ਸਿੰਘ ਦੀ ਕੋਠੀ ਅੱਗੇ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਨਿਰਪੱਖ ਏਜੰਸੀ ਤੋਂ ਇਸ ਮਾਮਲੇ ਦੀ ਪੜਤਾਲ ਕਰਵਾਉਣ ਦੀ ਮੰਗ ਕੀਤੀ। ਰੋਸ ਮਾਰਚ ਦੌਰਾਨ ਪੰਜਾਬ ਸਰਕਾਰ ਖਿਲਾਫ਼ ਨਾਅਰੇ ਗੂੰਜਦੇ ਰਹੇ।

ਧਰਨਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੀ. ਐੱਸ. ਯੂ., ਡੀ. ਟੀ. ਐੱਫ., ਬੀ. ਕੇ. ਯੂ. ਰਾਜੇਵਾਲ, ਨੌਜਵਾਨ ਭਾਰਤ ਸਭਾ ਆਦਿ ਨੇ ਕਿਹਾ ਕਿ 18 ਮਈ ਦੀ ਰਾਤ ਸੀ. ਆਈ. ਏ. ਸਟਾਫ਼ ਦੇ ਇੰਸਪੈਕਟਰ ਵਲੋਂ 22 ਸਾਲਾ ਨੌਜਵਾਨ ਜਸਪਾਲ ਸਿੰਘ ਲਾਡੀ ਨੂੰ ਪਿੰਡ ਰੱਤੀਰੋੜੀ ਦੇ ਗੁਰੂ ਘਰ ਕੋਲੋਂ ਹਿਰਾਸਤ 'ਚ ਲੈਣ ਉਪਰੰਤ ਸੀ. ਆਈ. ਏ. ਸਟਾਫ਼ ਦੀ ਹਵਾਲਾਤ 'ਚ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਅਗਲੇ ਦਿਨ ਉਸ ਦੀ ਮੌਤ ਉਪਰੰਤ ਪੁਲਸ ਵਲੋਂ ਲਾਸ਼ ਨਹਿਰ 'ਚ ਸੁੱਟ ਕੇ ਖੁਰਦ-ਬੁਰਦ ਕਰ ਦਿੱਤੀ ਜਾਂਦੀ ਹੈ। ਖੁਰਦ-ਬੁਰਦ ਕਰਨ ਦੇ ਬਾਵਜੂਦ ਪੁਲਸ ਨੂੰ ਮ੍ਰਿਤਕ ਨੌਜਵਾਨ ਦੀ ਲਾਸ਼ ਅਜੇ ਤੱਕ ਨਹੀਂ ਲੱਭੀ, ਜਿਸ ਕਾਰਨ ਇਹ ਮਾਮਲਾ ਸ਼ੱਕੀ ਜਾਪਦਾ ਹੈ। ਜਥੇਬੰਦੀਆਂ ਵਲੋਂ ਐਕਸ਼ਨ ਕਮੇਟੀ ਦਾ ਗਠਨ ਕਰਨ ਉਪਰੰਤ ਕਾਂਗਰਸੀ ਵਿਧਾਇਕ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਜੋ ਵਾਰਿਸਾਂ ਨੂੰ ਇਨਸਾਫ਼ ਅਤੇ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋ ਸਕੇ। ਇਸ ਮੌਕੇ ਕੇਸ਼ਵ ਆਜ਼ਾਦ, ਲਵਪ੍ਰੀਤ ਸਿੰਘ, ਕੁਲਦੀਪ ਕੁਮਾਰ ਸ਼ਰਮਾ, ਰਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਜੇ ਸਰਕਾਰ ਨਿਰਪੱਖ ਜਾਂਚ ਕਰੇ ਤਾਂ ਸਾਰਾ ਮਾਮਲਾ ਸਾਫ ਹੋ ਸਕਦਾ ਹੈ ਪਰ ਪੰਜਾਬ ਦੀ ਕੈਪਟਨ ਸਰਕਾਰ ਸਮੇਤ ਪੁਲਸ ਪ੍ਰਸ਼ਾਸਨ ਮਾਮਲੇ ਨੂੰ ਦਬਾਉਣ ਲਈ ਕੋਝੀਆਂ ਚਾਲਾਂ ਚੱਲ ਰਿਹਾ ਹੈ, ਜਿਸ ਨੂੰ ਜਥੇਬੰਦੀਆਂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੀਆਂ।
ਐਕਸ਼ਨ ਕਮੇਟੀ ਵਲੋਂ ਕਾਂਗਰਸੀ ਵਿਧਾਇਕ ਦੀ ਕੋਠੀ ਅੱਗੇ ਕੀਤੇ ਗਏ ਰੋਸ ਪ੍ਰਦਰਸਨ ਦੌਰਾਨ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਡੀ. ਆਈ. ਜੀ. ਰੇਂਜ ਦੇ ਅਧਿਕਾਰ ਖੇਤਰ 'ਚ ਆਉਂਦੇ ਵੱਖ-ਵੱਖ ਜ਼ਿਲਿਆਂ 'ਚੋਂ ਵੱਡੀ ਗਿਣਤੀ ਪੁਲਸ ਬਲ ਫਰੀਦਕੋਟ ਤਾਇਨਾਤ ਕੀਤਾ ਗਿਆ ਤਾਂ ਜੋ ਸ਼ਰਾਰਤੀ ਅਨਸਰਾਂ 'ਤੇ ਤਿੱਖੀ ਅੱਖ ਰੱਖੀ ਜਾ ਸਕੇ। ਫਰੀਦਕੋਟ, ਫਿਰੋਜ਼ਪੁਰ, ਮੋਗਾ, ਫਾਜ਼ਿਲਕਾ ਸਮੇਤ ਹੋਰ ਜ਼ਿਲਿਆਂ 'ਚੋਂ ਆਈਆਂ ਪੁਲਸ ਦੀਆਂ ਟੀਮਾਂ ਨੇ ਅਮਨ-ਸ਼ਾਂਤੀ ਬਣਾਉਣ 'ਚ ਪੂਰੀ ਵਾਹ ਲਾ ਦਿੱਤੀ, ਇਸ ਕਰਕੇ ਦੇਰ ਸ਼ਾਮ ਸਮਾਪਤ ਹੋਏ ਧਰਨੇ ਦੌਰਾਨ ਕੋਈ ਦੁਰਘਟਨਾ ਨਹੀਂ ਵਾਪਰੀ। ਹਾਈਵੇ ਜਾਮ ਦੌਰਾਨ ਧਰਨੇ 'ਤੇ ਬੈਠੇ ਮ੍ਰਿਤਕ ਜਸਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ਅਤੇ ਨਾਨਾ ਹੀਰਾ ਸਿੰਘ ਸਮੇਤ ਲੱਖਾ ਸਿਧਾਣਾ ਨੇ ਕਿਹਾ ਕਿ ਨੈਸ਼ਨਲ ਹਾਈਵੇ ਜਾਮ ਕਰਨ ਦਾ ਮਕਸਦ ਪੁਲਸ ਪ੍ਰਸ਼ਾਸਨ ਨੂੰ ਸਿਰਫ ਇੰਨਾ ਦੱਸਣਾ ਸੀ ਕਿ ਜੇਕਰ ਜਲਦ ਲਾਡੀ ਦੀ ਲਾਸ਼ ਨਾ ਲੱਭੀ ਤਾਂ ਵਾਰਿਸਾਂ ਵਲੋਂ ਆਉਣ ਵਾਲੇ ਦਿਨਾਂ 'ਚ ਅਣਮਿੱਥੇ ਸਮੇਂ ਲਈ ਨੈਸ਼ਨਲ ਹਾਈਵੇ ਜਾਮ ਕਰ ਕੇ ਰੋਸ ਪ੍ਰਗਟ ਕੀਤਾ ਜਾਵੇਗਾ। ਉੱਧਰ, ਦੂਜੇ ਪਾਸੇ ਵਾਰਿਸਾਂ ਵਲੋਂ ਨੈਸ਼ਨਲ ਹਾਈਵੇ ਜਾਮ ਕੀਤੇ ਜਾਣ ਕਰ ਕੇ ਪੁਲਸ ਦੇ ਆਲਾ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਅਤੇ ਧਰਨਕਾਰੀਆਂ ਕੋਲ ਪਹੁੰਚੇ ਡੀ. ਐੱਸ. ਪੀ. ਜਸਤਿੰਦਰ ਸਿੰਘ ਅਤੇ ਐੱਸ. ਪੀ. ਐੱਚ. ਭੁਪਿੰਦਰ ਸਿੰਘ, ਐੱਸ. ਪੀ. ਗੁਰਮੀਤ ਕੌਰ ਨੇ ਭਰੋਸਾ ਦਿੱਤਾ ਕਿ ਜਸਪਾਲ ਦੀ ਲਾਸ਼ ਲੱਭ ਕੇ ਵਾਰਿਸਾਂ ਹਵਾਲੇ ਕੀਤੀ ਜਾਵੇਗੀ, ਜਿਸ ਤੋਂ ਬਾਅਦ ਧਰਨਕਾਰੀਆਂ ਨੇ ਨੈਸ਼ਨਲ ਹਾਈਵੇ ਤੋਂ ਧਰਨਾ ਚੁੱਕਣ ਦਾ ਐਲਾਨ ਕਰ ਦਿੱਤਾ।
ਪੰਜਾਬ ਕੈਬਨਿਟ ਦੀ ਮੀਟਿੰਗ 'ਚੋਂ ਨਵਜੋਤ ਸਿੱਧੂ ਗਾਇਬ, ਜਾਣੋ ਅਹਿਮ ਫੈਸਲੇ
NEXT STORY