ਮਹਿਲ ਕਲਾਂ (ਹਮੀਦੀ): ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਯੂਨਿਟ ਮਹਿਲ ਕਲਾਂ (ਜ਼ਿਲ੍ਹਾ ਬਰਨਾਲਾ) ਦੀ ਇਕ ਅਹਿਮ ਮੀਟਿੰਗ ਬੀ.ਡੀ.ਪੀ.ਓ ਦਫ਼ਤਰ ਮਹਿਲ ਕਲਾਂ ਵਿਖੇ ਯੂਨਿਟ ਪ੍ਰਧਾਨ ਮਾਸਟਰ ਦਰਸ਼ਨ ਸਿੰਘ ਪੰਡੋਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੇ ਭਖਦੇ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਮੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਰਸ਼ਨ ਸਿੰਘ ਪੰਡੋਰੀ, ਜਨਰਲ ਸਕੱਤਰ ਸੁਰਿੰਦਰ ਸ਼ਰਮਾ (ਰਾਏਸਰ), ਖਜਾਨਚੀ ਪਵਨ ਕੁਮਾਰ (ਮਹਿਲ ਖੁਰਦ), ਸਹਾਇਕ ਖਜਾਨਚੀ ਨੱਥਾ ਸਿੰਘ (ਮਹਿਲ ਖੁਰਦ) ਅਤੇ ਮੀਤ ਪ੍ਰਧਾਨ ਬਖਤੌਰ ਸਿੰਘ (ਮੂੰਮ) ਨੇ ਕਿਹਾ ਕਿ ਚੋਣਾਂ ਦੌਰਾਨ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਤੋਂ ਸਰਕਾਰ ਕਤਰਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲਗਾਤਾਰ ਅਣਡਿੱਠਾ ਕੀਤਾ ਜਾ ਰਿਹਾ ਹੈ, ਜਦਕਿ ਜਥੇਬੰਦੀ ਵੱਲੋਂ ਕਈ ਵਾਰ ਮੰਤਰੀਆਂ, ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਮੰਗ ਪੱਤਰ ਸੌਂਪਣ ਦੇ ਬਾਵਜੂਦ ਵੀ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ।
ਆਗੂਆਂ ਨੇ ਮੰਗ ਕੀਤੀ ਕਿ ਮਹਿੰਗਾਈ ਭੱਤੇ (ਡੀ.ਏ.) ਦੀਆਂ ਰਹਿੰਦੀਆਂ ਕਿਸਤਾਂ ਤੁਰੰਤ ਜਾਰੀ ਕੀਤੀਆਂ ਜਾਣ, 2.54 ਦਾ ਫੈਕਟਰ ਲਾਗੂ ਕਰਕੇ ਪੈਨਸ਼ਨ ਵਿਚ ਵਾਧਾ ਕੀਤਾ ਜਾਵੇ ਅਤੇ ਪੈਨਸ਼ਨਰਾਂ ਨਾਲ ਕੀਤੇ ਸਾਰੇ ਵਾਅਦੇ ਬਿਨਾਂ ਦੇਰੀ ਪੂਰੇ ਕੀਤੇ ਜਾਣ।ਇਸ ਮੌਕੇ ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ.) ਬਰਾਂਚ ਮਹਿਲ ਕਲਾਂ ਦੀ ਮੈਨੇਜਰ ਸੁਮਰੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿੱਚ ਸ਼ਾਮਲ ਹੋਈਆਂ। ਉਨ੍ਹਾਂ ਪੈਨਸ਼ਨਰਾਂ ਨੂੰ ਬੈਂਕ ਦੀਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਡਿਜ਼ੀਟਲ ਸਹੂਲਤਾਂ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਮੈਡਮ ਸੁਮਰੀਤ ਕੌਰ ਨੇ ਪੈਨਸ਼ਨਰਾਂ ਨੂੰ ਲਾਈਫ ਸਰਟੀਫਿਕੇਟ ਡਿਜ਼ੀਟਲ ਤਰੀਕੇ ਨਾਲ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਮੌਕੇ ’ਤੇ ਹੀ ਕਈ ਪੈਨਸ਼ਨਰਾਂ ਦੇ ਲਾਈਫ ਸਰਟੀਫਿਕੇਟ ਆਨਲਾਈਨ ਕਰਕੇ ਉਨ੍ਹਾਂ ਦੀ ਸਹੂਲਤ ਯਕੀਨੀ ਬਣਾਈ। ਪੈਨਸ਼ਨਰਾਂ ਨੇ ਇਸ ਪਹਿਲ ਦੀ ਪ੍ਰਸ਼ੰਸਾ ਕਰਦਿਆਂ ਬੈਂਕ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਮੀਟਿੰਗ ਦੌਰਾਨ ਆਗੂਆਂ ਨੇ ਦੱਸਿਆ ਕਿ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ 8 ਮਾਰਚ ਨੂੰ ਮੋਹਾਲੀ ਚੌਂਕ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ, ਜਿਸ ਤੋਂ ਬਾਅਦ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੱਢ ਕੇ ਸਰਕਾਰ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਸਮੂਹ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਕਾਫਲੇ ਬੰਨ ਕੇ ਵੱਡੀ ਗਿਣਤੀ ਵਿੱਚ ਰੋਸ ਮਾਰਚ ਵਿੱਚ ਸ਼ਾਮਲ ਹੋਣ ਤਾਂ ਜੋ ਆਪਣੀਆਂ ਮੰਗਾਂ ਨੂੰ ਮਜ਼ਬੂਤੀ ਨਾਲ ਸਰਕਾਰ ਅੱਗੇ ਰੱਖਿਆ ਜਾ ਸਕੇ।ਇਸ ਮੌਕੇ ਦਲੀਪ ਸਿੰਘ ਠੁੱਲੀਵਾਲ, ਰਾਜ ਕੁਮਾਰ ਨਿਹਾਲੂਵਾਲ, ਰੂਪ ਸਿੰਘ ਗਹਿਲ, ਬਲਜੀਤ ਸਿੰਘ ਛਾਪਾ, ਜਸਵੰਤ ਸਿੰਘ, ਅਮਰਜੀਤ ਸਿੰਘ ਠੁੱਲੀਵਾਲ, ਜਗਦੇਵ ਸਿੰਘ ਠੁੱਲੀਵਾਲ, ਜੱਗਾ ਸਿੰਘ ਮਹਿਲ ਖੁਰਦ, ਜੀਤ ਸਿੰਘ ਕੁਰੜ, ਹਾਕਮ ਸਿੰਘ ਖਿਆਲੀ, ਇੰਦਰਜੀਤ ਸਿੰਘ ਕੁਤਬਾ, ਭੋਲਾ ਸਿੰਘ ਛੀਨੀਵਾਲ ਕਲਾਂ, ਨਛੱਤਰ ਸਿੰਘ ਛਾਪਾ, ਬਲਬੀਰ ਸਿੰਘ ਛਾਪਾ, ਮਹਿੰਦਰ ਸਿੰਘ ਕਲਾਲ ਮਾਜਰਾ, ਨਿਰਪਾਲ ਸਿੰਘ ਜਲਾਲਦੀਵਾਲ, ਪੂਰਨ ਸਿੰਘ ਗਹਿਲ ਅਤੇ ਅਜਮੇਰ ਸਿੰਘ ਕਾਲਸਾ ਸਮੇਤ ਕਈ ਪੈਨਸ਼ਨਰ ਹਾਜ਼ਰ ਸਨ।
ਪੰਜਾਬੀਓ ਕਰ ਲਓ ਤਿਆਰੀ! ਭਲਕੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut
NEXT STORY