ਝਬਾਲ/ਤਰਨਤਾਰਨ (ਨਰਿੰਦਰ,ਬਲਵਿੰਦਰ ਕੌਰ,ਰਾਜੂ) : ਜ਼ਿਲਾ ਤਰਨਤਾਰਨ ਦੇ ਐੱਸ. ਐੱਸ. ਪੀ. ਧਰੁਵ ਦਹੀਆ ਵਲੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿੱਢੀ ਹੋਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਤਰਨਤਾਰਨ ਨੇ 722 ਗ੍ਰਾਮ ਹੈਰੋਇਨ ਅਤੇ ਨਾਜਾਇਜ਼ ਹਥਿਆਰ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਵਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਲਗਭਗ 4 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. (ਆਈ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਹਰਿਤ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਬ ਇੰਸਪੈਕਟਰ ਪਰਮਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਨਿਕਾਸੀ ਨਾਲਾ ਮੰਨਣ 'ਤੇ ਨਾਕਾਬੰਦੀ ਦੌਰਾਨ ਇਕ ਇਨੋਵਾ ਗੱਡੀ ਨੰਬਰ. ਪੀ. ਬੀ. 13. ਬੀ. ਬੀ. 4905 ਸਵਾਰ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਜਿਨ੍ਹਾਂ ਦੀ ਪਛਾਣ ਸਰਬਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਅਜਨਾਲਾ, ਜਸਬੀਰ ਸਿੰਘ ਉਰਫ ਲੰਮਾ ਪੁੱਤਰ ਲਾਭ ਸਿੰਘ, ਚਾਂਦ ਸਿੰਘ ਪੁੱਤਰ ਲਾਭ ਸਿੰਘ ਵਾਸੀਆਨ ਅੰਨਗੜ੍ਹ ਜ਼ਿਲਾ ਅੰਮ੍ਰਿਤਸਰ, ਸਾਗਰ ਪੁੱਤਰ ਪ੍ਰੇਮ ਕੁਮਾਰ ਵਾਸੀ ਗਿਰਵਾਲੀ ਗੇਟ ਅੰਮ੍ਰਿਤਸਰ ਅਤੇ ਵਿਕਾਸ ਉਰਫ ਭੋਲੂ ਪੁੱਤਰ ਰਾਜ ਕੁਮਾਰ ਵਾਸੀ ਘਨੂੰਪੁਰ ਕਾਲੇ ਵਜੋਂ ਹੋਈ। ਪੁਲਸ ਵਲੋਂ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬੱਲ ਦੀ ਹਾਜ਼ਰੀ 'ਚ ਤਲਾਸ਼ੀ ਲੈਣ 'ਤੇ ਜਸਬੀਰ ਸਿੰਘ ਕੋਲੋਂ 263 ਗ੍ਰਾਮ ਹੈਰੋਇਨ ਅਤੇ 0.45 ਬੋਰ ਦੇਸੀ ਪਿਸਟਲ ਸਮੇਤ 5 ਜ਼ਿੰਦਾ ਰੌਂਦ, ਚਾਂਦ ਸਿੰਘ ਕੋਲੋਂ 254 ਗ੍ਰਾਮ ਹੈਰੋਇਨ, ਸਾਗਰ ਕੋਲੋਂ 100 ਗ੍ਰਾਮ ਹੈਰੋਇਨ, ਵਿਕਾਸ ਕੋਲੋਂ 55 ਗ੍ਰਾਮ ਹੈਰੋਇਨ ਅਤੇ ਸਰਬਜੀਤ ਸਿੰਘ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਨ੍ਹਾਂ ਦੇ ਖਿਲਾਫ ਮੁਕੱਦਮਾ ਨੰਬਰ 2 ਥਾਣਾ ਝਬਾਲ ਵਿਖੇ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਜਸਬੀਰ ਸਿੰਘ ਅਤੇ ਚਾਂਦ ਸਿੰਘ ਪਹਿਲਾਂ ਤੋਂ ਹੀ ਸੰਗੀਨ ਜੁਰਮ ਕਰਨ ਦੇ ਆਦੀ ਹਨ ਅਤੇ ਵੱਡੇ ਪੱਧਰ 'ਤੇ ਹੈਰੋਇਨ ਸਪਲਾਈ ਕਰਨ ਦਾ ਕੰਮ ਕਰਦੇ ਹਨ। ਮੁਲਜ਼ਮ ਜਸਬੀਰ ਸਿੰਘ ਦੇ ਖਿਲਾਫ ਅੰਮ੍ਰਿਤਸਰ ਅਤੇ ਤਰਨਤਾਰਨ 'ਚ ਵੱਖ-ਵੱਖ ਧਾਰਾਵਾਂ ਤਹਿਤ 26 ਮੁਕੱਦਮੇ ਦਰਜ ਹਨ ਜਦ ਕਿ ਚਾਂਦ ਸਿੰਘ ਦੇ ਖਿਲਾਫ 6 ਮੁਕੱਦਮੇ ਦਰਜ ਹਨ। ਐੱਸ. ਪੀ. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।
ਚੰਡੀਗੜ੍ਹ ਦੇ ਲੋਕਾਂ ਨੂੰ ਮਿਲੇਗਾ ਸਸਤਾ 'ਪਿਆਜ', ਲਾਏ ਜਾਣਗੇ ਸਟਾਲ
NEXT STORY