ਬਠਿੰਡਾ (ਵਿਜੇ ਵਰਮਾ): ਬਠਿੰਡਾ ਦੇ ਪਿੰਡ ਜੀਦਾ ਵਿਚ ਹੋਏ ਸਨਸਨੀਖੇਜ਼ ਧਮਾਕੇ ਦੇ ਮਾਮਲੇ ਨੇ ਗੰਭੀਰ ਮੋੜ ਲੈ ਲਿਆ ਹੈ। ਸਤੰਬਰ 2025 ਵਿਚ ਘਰ ਅੰਦਰ ਵਿਸਫੋਟਕ ਤਿਆਰ ਕਰਨ ਦੌਰਾਨ ਜ਼ਖ਼ਮੀ ਹੋਏ ਗੁਰਪ੍ਰੀਤ ਸਿੰਘ ਖ਼ਿਲਾਫ਼ ਹੁਣ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਦੋਸ਼ਾਂ ਤਹਿਤ ਵੀ ਨਿਆਂਇਕ ਕਾਰਵਾਈ ਅੱਗੇ ਵਧੇਗੀ। ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਨੇ ਗੁਰਪ੍ਰੀਤ ਸਿੰਘ ਦੀ ਦੋਸ਼ਮੁਕਤੀ ਦੀ ਅਰਜ਼ੀ ਰੱਦ ਕਰਦਿਆਂ ਕਿਹਾ ਕਿ ਇਸ ਪੜਾਅ ’ਤੇ ਉਸ ਖ਼ਿਲਾਫ਼ ਪਹਿਲੀ ਨਜ਼ਰ ਵਿਚ ਲੋੜੀਂਦੇ ਸਬੂਤ ਮੌਜੂਦ ਹਨ। ਅਦਾਲਤ ਨੇ ਉਸ ਖ਼ਿਲਾਫ਼ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, ਯੂਏਪੀਏ ਦੀਆਂ ਧਾਰਾਵਾਂ 18, 23(1) ਅਤੇ 38 ਤਹਿਤ ਦੋਸ਼ ਤੈਅ ਕਰਨ ਦੇ ਨਿਰਦੇਸ਼ ਦਿੱਤੇ ਹਨ।
ਐਨਆਈਏ ਦੀ ਚਾਰਜਸ਼ੀਟ ਵਿੱਚ ਗੁਰਪ੍ਰੀਤ ਦੇ ਕਥਿਤ ਆਨਲਾਈਨ ਕੱਟੜਪੰਥ, ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਕਥਿਤ ਸਬੰਧ, ਇੰਟਰਨੈੱਟ ਗਤੀਵਿਧੀਆਂ, ਸੰਪਰਕਾਂ ਅਤੇ ਕਥਿਤ ਫੰਡ ਇਕੱਠਾ ਕਰਨ ਨਾਲ ਸਬੰਧਤ ਸਬੂਤਾਂ ਦਾ ਜ਼ਿਕਰ ਕੀਤਾ ਗਿਆ ਹੈ। ਐੱਨ.ਆਈ.ਏ. ਨੇ ਡਿਜੀਟਲ ਉਪਕਰਨਾਂ, ਦਸਤਾਵੇਜ਼ਾਂ, ਗਵਾਹਾਂ ਦੇ ਬਿਆਨਾਂ ਅਤੇ ਕਾਲ ਡਿਟੇਲ ਰਿਕਾਰਡ ਸਮੇਤ ਵੱਖ-ਵੱਖ ਸਬੂਤਾਂ ਨੂੰ ਜਾਂਚ ਦਾ ਆਧਾਰ ਬਣਾਇਆ ਹੈ।
ਘਰ ਵਿਚ ਹੋਏ ਧਮਾਕਿਆਂ ਨਾਲ ਖੁੱਲ੍ਹਿਆ ਸੀ ਪੂਰਾ ਮਾਮਲਾ
ਜੀਦਾ ਪਿੰਡ ਵਿਚ ਸਤੰਬਰ 2025 ਵਿੱਚ ਗੁਰਪ੍ਰੀਤ ਸਿੰਘ ਦੇ ਘਰ ਵਿੱਚ ਦੋ ਜ਼ਬਰਦਸਤ ਧਮਾਕੇ ਹੋਏ ਸਨ। ਵਿਸਫੋਟਕ ਸਮੱਗਰੀ ਨਾਲ ਪ੍ਰਯੋਗ ਦੌਰਾਨ ਗੁਰਪ੍ਰੀਤ ਗੰਭੀਰ ਜ਼ਖ਼ਮੀ ਹੋ ਗਿਆ ਸੀ, ਜਦਕਿ ਬਾਅਦ ਵਿੱਚ ਉਸੇ ਸਮੱਗਰੀ ਨੂੰ ਹਟਾਉਣ ਜਾਂ ਕਮਰੇ ਦੀ ਸਫ਼ਾਈ ਕਰਨ ਦੌਰਾਨ ਉਸ ਦਾ ਪਿਤਾ ਜਗਤਾਰ ਸਿੰਘ ਵੀ ਧਮਾਕੇ ਦੀ ਲਪੇਟ ਵਿੱਚ ਆ ਗਿਆ ਸੀ। ਗੁਰਪ੍ਰੀਤ ਦੇ ਹੱਥ ’ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦਾ ਹੱਥ ਕੱਟਣਾ ਪਿਆ ਸੀ। ਘਟਨਾ ਤੋਂ ਬਾਅਦ ਘਰ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਬੰਬ ਨਿਰੋਧਕ ਦਸਤੇ ਤੇ ਮਾਹਿਰਾਂ ਨੇ ਮੌਕੇ ਤੋਂ ਵਿਸਫੋਟਕ ਸਮੱਗਰੀ ਹਟਾਈ ਸੀ।
ਜਾਂਚ ਅੱਗੇ ਵਧਣ ’ਤੇ ਪੁਲਿਸ ਦੇ ਸਾਹਮਣੇ ਇਹ ਦੋਸ਼ ਆਇਆ ਕਿ ਗੁਰਪ੍ਰੀਤ ਨੇ ਆਨਲਾਈਨ ਮਾਧਿਅਮ ਰਾਹੀਂ ਵਿਸਫੋਟਕ ਸਮੱਗਰੀ ਮੰਗਵਾਈ ਸੀ। ਉਸ ਦੇ ਮੋਬਾਈਲ ਫੋਨ ਦੀ ਜਾਂਚ ਵਿੱਚ ਕਥਿਤ ਤੌਰ ’ਤੇ ਕੱਟੜਪੰਥੀ ਸਮੱਗਰੀ, ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨਾਲ ਸਬੰਧਤ ਵੀਡੀਓ ਅਤੇ ਇੰਟਰਨੈੱਟ ਸਰਚ ਹਿਸਟਰੀ ਸਾਹਮਣੇ ਆਉਣ ਦੀ ਗੱਲ ਕਹੀ ਗਈ ਸੀ। ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਉਸ ਨੇ ਕਥਿਤ ਤੌਰ ’ਤੇ ਜਾਅਲੀ ਪਛਾਣ ਬਣਾ ਕੇ ਕੱਟੜਪੰਥੀ ਸਮੱਗਰੀ ਤੱਕ ਪਹੁੰਚ ਬਣਾਈ ਸੀ।
ਫਿਦਾਇਨ ਹਮਲੇ ਦੀ ਸੰਭਾਵਨਾ ਨੇ ਵਧਾਈ ਸੀ ਜਾਂਚ ਦੀ ਗੰਭੀਰਤਾ
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਅਧਿਕਾਰੀਆਂ ਨੇ ਬਰਾਮਦ ਸਮੱਗਰੀ ਅਤੇ ਮੁੱਢਲੀ ਪੁੱਛਗਿੱਛ ਦੇ ਆਧਾਰ ’ਤੇ ਗੁਰਪ੍ਰੀਤ ਵੱਲੋਂ ਕਥਿਤ ਤੌਰ ’ਤੇ ਫਿਦਾਇਨ ਹਮਲੇ ਦੀ ਤਿਆਰੀ ਕੀਤੇ ਜਾਣ ਦੀ ਸੰਭਾਵਨਾ ਵੀ ਜਤਾਈ ਸੀ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਸਨ ਕਿ ਵਿਸਫੋਟਕ ਸਮੱਗਰੀ ਕਿਸ ਮਕਸਦ ਨਾਲ ਇਕੱਠੀ ਕੀਤੀ ਗਈ ਸੀ ਅਤੇ ਕੀ ਇਸ ਪਿੱਛੇ ਕਿਸੇ ਅੱਤਵਾਦੀ ਨੈੱਟਵਰਕ ਜਾਂ ਬਾਹਰੀ ਹੈਂਡਲਰ ਦੀ ਭੂਮਿਕਾ ਸੀ।
ਧਮਾਕਿਆਂ ਤੋਂ ਬਾਅਦ ਮਾਮਲਾ ਸਿਰਫ਼ ਸਥਾਨਕ ਪੁਲਿਸ ਜਾਂਚ ਤੱਕ ਸੀਮਤ ਨਹੀਂ ਰਿਹਾ। ਖੁਫੀਆ ਬਿਊਰੋ ਅਤੇ ਬਾਅਦ ਵਿੱਚ ਐਨਆਈਏ ਨੇ ਵੀ ਮਾਮਲੇ ਦੀ ਜਾਂਚ ਕੀਤੀ। ਨਵੰਬਰ 2025 ਵਿੱਚ ਐਨਆਈਏ ਦੀ ਟੀਮ ਨੇ ਜੀਦਾ ਪਹੁੰਚ ਕੇ ਘਟਨਾ ਸਥਾਨ ਦਾ ਨਿਰੀਖਣ ਕੀਤਾ ਅਤੇ ਪਹਿਲਾਂ ਇਕੱਠੇ ਕੀਤੇ ਫੋਰੈਂਸਿਕ, ਡਿਜੀਟਲ ਅਤੇ ਹੋਰ ਸਬੂਤਾਂ ਦੀ ਸਮੀਖਿਆ ਕੀਤੀ ਸੀ।
ਐੱਨ.ਆਈ.ਏ. ਨੇ 16 ਮਾਰਚ ਨੂੰ ਦਾਖ਼ਲ ਕੀਤੀ ਸੀ ਚਾਰਜਸ਼ੀਟ
ਐਨਆਈਏ ਨੇ ਜਾਂਚ ਪੂਰੀ ਕਰਨ ਤੋਂ ਬਾਅਦ 16 ਮਾਰਚ 2026 ਨੂੰ ਮੋਹਾਲੀ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ। ਇਸ ਵਿੱਚ ਗੁਰਪ੍ਰੀਤ ਦੇ ਕਥਿਤ ਆਨਲਾਈਨ ਕੱਟੜਪੰਥ, ਅੱਤਵਾਦੀ ਸੰਗਠਨ ਨਾਲ ਸਬੰਧ, ਇੰਟਰਨੈੱਟ ਗਤੀਵਿਧੀਆਂ, ਕਥਿਤ ਫੰਡ ਇਕੱਠਾ ਕਰਨ ਅਤੇ ਵੱਖ-ਵੱਖ ਸੰਪਰਕਾਂ ਨਾਲ ਜੁੜੇ ਸਬੂਤਾਂ ਦਾ ਜ਼ਿਕਰ ਕੀਤਾ ਗਿਆ। ਚਾਰਜਸ਼ੀਟ ਦਾਖ਼ਲ ਹੋਣ ਤੋਂ ਬਾਅਦ ਗੁਰਪ੍ਰੀਤ ਸਿੰਘ ਨੇ 1 ਜੂਨ 2026 ਨੂੰ ਅਦਾਲਤ ਵਿੱਚ ਦੋਸ਼ਮੁਕਤੀ ਲਈ ਅਰਜ਼ੀ ਦਾਇਰ ਕੀਤੀ। ਬਚਾਅ ਪੱਖ ਨੇ ਦਲੀਲ ਦਿੱਤੀ ਕਿ ਅੱਤਵਾਦੀ ਗਤੀਵਿਧੀ ਜਾਂ ਕਿਸੇ ਸਾਜ਼ਿਸ਼ ਵਿੱਚ ਉਸ ਦੀ ਭੂਮਿਕਾ ਸਾਬਤ ਕਰਨ ਲਈ ਕੋਈ ਠੋਸ ਅਤੇ ਸਿੱਧਾ ਸਬੂਤ ਨਹੀਂ ਹੈ। ਪਰ ਅਦਾਲਤ ਨੇ ਪਹਿਲੀ ਨਜ਼ਰ ਵਿੱਚ ਉਪਲਬਧ ਸਬੂਤਾਂ ਨੂੰ ਕਾਫ਼ੀ ਮੰਨਦਿਆਂ ਦੋਸ਼ਮੁਕਤੀ ਦੀ ਮੰਗ ਰੱਦ ਕਰ ਦਿੱਤੀ।
ਹੁਣ ਯੂ.ਏ.ਪੀ.ਏ. ਦੀਆਂ ਧਾਰਾਵਾਂ ਤਹਿਤ ਅੱਗੇ ਵਧੇਗੀ ਕਾਰਵਾਈ
ਅਦਾਲਤ ਦੇ ਇਸ ਹੁਕਮ ਤੋਂ ਬਾਅਦ ਗੁਰਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਹੁਣ ਸਿਰਫ਼ ਵਿਸਫੋਟਕ ਸਮੱਗਰੀ ਰੱਖਣ ਜਾਂ ਤਿਆਰ ਕਰਨ ਤੱਕ ਸੀਮਤ ਨਹੀਂ ਰਹੇਗਾ। ਯੂਏਪੀਏ ਦੀਆਂ ਧਾਰਾਵਾਂ 18, 23(1) ਅਤੇ 38 ਅਤੇ ਵਿਸਫੋਟਕ ਪਦਾਰਥ ਐਕਟ ਦੀਆਂ ਧਾਰਾਵਾਂ 4 ਅਤੇ 5 ਤਹਿਤ ਨਿਆਂਇਕ ਕਾਰਵਾਈ ਅੱਗੇ ਵਧੇਗੀ। ਇਸ ਘਟਨਾਕ੍ਰਮ ਨਾਲ ਜੀਦਾ ਬਲਾਸਟ ਕੇਸ ਵਿੱਚ ਜਾਂਚ ਦਾ ਦਾਇਰਾ ਅਤੇ ਗੰਭੀਰਤਾ ਦੋਵੇਂ ਵਧ ਗਏ ਹਨ।
ਪੁਲਸ ਅਤੇ ਜਾਂਚ ਏਜੰਸੀਆਂ ਦੀ ਮੁੱਢਲੀ ਜਾਂਚ ਵਿੱਚ ਆਨਲਾਈਨ ਕੱਟੜਪੰਥੀ ਸਮੱਗਰੀ ਤੋਂ ਪ੍ਰਭਾਵਿਤ ਹੋਣ ਅਤੇ ਵਿਸਫੋਟਕ ਤਿਆਰ ਕਰਨ ਦੀ ਕੋਸ਼ਿਸ਼ ਦੇ ਦੋਸ਼ ਸਾਹਮਣੇ ਆਏ ਸਨ। ਹੁਣ ਵਿਸ਼ੇਸ਼ ਐਨਆਈਏ ਅਦਾਲਤ ਵੱਲੋਂ ਪਹਿਲੀ ਨਜ਼ਰ ਵਿੱਚ ਲੋੜੀਂਦੇ ਸਬੂਤ ਮੰਨੇ ਜਾਣ ਤੋਂ ਬਾਅਦ ਮਾਮਲੇ ਦੀ ਅਗਲੀ ਨਿਆਂਇਕ ਕਾਰਵਾਈ ’ਤੇ ਸਭ ਦੀ ਨਜ਼ਰ ਰਹੇਗੀ।
ਚੰਡੀਗੜ੍ਹ ਦੇ ਜੰਗਲਾਂ 'ਚੋਂ IED ਸਣੇ ਫੜੇ ਗਏ ਲਵਪ੍ਰੀਤ ਸਿੰਘ ਦੇ ਮਾਪਿਆਂ ਦਾ ਵੱਡਾ ਬਿਆਨ
NEXT STORY