ਬਠਿੰਡਾ (ਵਿਜੇ ਵਰਮਾ): ਬਾਲੀਵੁੱਡ ਅਦਾਕਾਰਾ ਅਤੇ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਖਿਲਾਫ ਬਠਿੰਡਾ ਦੀ ਅਦਾਲਤ ਵਿਚ ਚੱਲ ਰਹੇ ਮਾਨਹਾਨੀ ਕੇਸ ਦੀ ਸੁਣਵਾਈ ਦੌਰਾਨ ਸੋਮਵਾਰ ਨੂੰ ਕੰਗਨਾ ਰਣੌਤ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਈ। ਇਸ ਮਾਮਲੇ ਵਿਚ ਅੱਜ ਸ਼ਿਕਾਇਤਕਰਤਾ ਮਹਿੰਦਰ ਕੌਰ ਦੇ ਪੋਤਰੇ ਗੁਰਪ੍ਰੀਤ ਸਿੰਘ ਦੀ ਗਵਾਹੀ ਕਰਵਾਈ ਗਈ।
ਮਹਿੰਦਰ ਕੌਰ ਦੇ ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਅੱਜ ਦੀ ਸੁਣਵਾਈ ਦੌਰਾਨ ਉਨ੍ਹਾਂ ਵੱਲੋਂ ਮਹਿੰਦਰ ਕੌਰ ਦੇ ਪੋਤਰੇ ਗੁਰਪ੍ਰੀਤ ਸਿੰਘ ਨੂੰ ਗਵਾਹ ਵਜੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਉਸ ਦੀ ਗਵਾਹੀ ਦਰਜ ਕਰਵਾਈ ਗਈ। ਦੂਜੇ ਪਾਸੇ ਕੰਗਨਾ ਰਣੌਤ ਦੇ ਵਕੀਲ ਵੀ ਅਦਾਲਤ ਵਿੱਚ ਮੌਜੂਦ ਰਹੇ ਅਤੇ ਕੰਗਨਾ ਰਣੌਤ ਖੁਦ ਵੀ ਵੀਡੀਓ ਕਾਨਫਰੰਸ ਰਾਹੀਂ ਅਦਾਲਤੀ ਕਾਰਵਾਈ ਵਿਚ ਸ਼ਾਮਲ ਹੋਈ।
ਵਕੀਲ ਬਹਿਣੀਵਾਲ ਮੁਤਾਬਕ ਸੁਣਵਾਈ ਦੌਰਾਨ ਕੰਗਨਾ ਰਣੌਤ ਦੀ ਹਾਜ਼ਰੀ ਵਿਚ ਅਦਾਲਤ ਅੱਗੇ ਮਾਮਲੇ ਨਾਲ ਸਬੰਧਤ ਕਈ ਪੱਖਾਂ ’ਤੇ ਲੰਬੀ ਗੱਲਬਾਤ ਹੋਈ। ਉਨ੍ਹਾਂ ਦੱਸਿਆ ਕਿ ਕੰਗਨਾ ਰਣੌਤ ਦੇ ਵਕੀਲ ਵੱਲੋਂ ਦਲੀਲ ਦਿੱਤੀ ਗਈ ਕਿ ਬੀਬੀ ਮਹਿੰਦਰ ਕੌਰ ਨੂੰ ਪੰਜਾਬ ਭਰ ਵਿੱਚ ਸਨਮਾਨ ਮਿਲਿਆ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਉਨ੍ਹਾਂ ਦੀ ਫੰਡਿੰਗ ਕੀਤੇ ਜਾਣ ਦੀ ਗੱਲ ਵੀ ਕਹੀ ਗਈ।
ਵਕੀਲ ਰਘਬੀਰ ਸਿੰਘ ਬਹਿਣੀਵਾਲ ਨੇ ਦਾਅਵਾ ਕੀਤਾ ਕਿ ਕੰਗਨਾ ਰਣੌਤ ਦੇ ਵਕੀਲ ਵੱਲੋਂ ਅਦਾਲਤ ਵਿਚ ਇਹ ਦਲੀਲ ਵੀ ਦਿੱਤੀ ਗਈ ਕਿ ਕੰਗਨਾ ਰਣੌਤ ਵੱਲੋਂ ਕੀਤਾ ਗਿਆ ਟਵੀਟ ਬੀਬੀ ਮਹਿੰਦਰ ਕੌਰ ਬਾਰੇ ਨਹੀਂ ਸੀ, ਸਗੋਂ ਬਿਲਕਿਸ ਬਾਨੋ ਬਾਰੇ ਕੀਤਾ ਗਿਆ ਸੀ। ਇਸ ਦਲੀਲ ’ਤੇ ਸ਼ਿਕਾਇਤਕਰਤਾ ਪੱਖ ਨੇ ਆਪਣਾ ਪੱਖ ਅਦਾਲਤ ਸਾਹਮਣੇ ਰੱਖਿਆ।
ਇਹ ਮਾਮਲਾ ਕੰਗਨਾ ਰਣੌਤ ਵੱਲੋਂ ਕਿਸਾਨ ਅੰਦੋਲਨ ਦੌਰਾਨ ਬਠਿੰਡਾ ਦੀ ਬਜ਼ੁਰਗ ਮਹਿਲਾ ਮਹਿੰਦਰ ਕੌਰ ਸਬੰਧੀ ਕੀਤੀ ਗਈ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਚੱਲ ਰਿਹਾ ਹੈ। ਸ਼ਿਕਾਇਤਕਰਤਾ ਪੱਖ ਦਾ ਦੋਸ਼ ਹੈ ਕਿ ਕੰਗਨਾ ਰਣੌਤ ਦੀ ਪੋਸਟ ਕਾਰਨ ਮਹਿੰਦਰ ਕੌਰ ਦੀ ਮਾਨਹਾਨੀ ਹੋਈ ਅਤੇ ਉਨ੍ਹਾਂ ਦੀ ਸਮਾਜਿਕ ਇੱਜ਼ਤ ਨੂੰ ਠੇਸ ਪਹੁੰਚੀ। ਇਸੇ ਦੇ ਆਧਾਰ ’ਤੇ ਮਾਨਹਾਨੀ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਅੱਜ ਦੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਸਤੰਬਰ 2026 ਦੀ ਤਾਰੀਖ ਤੈਅ ਕੀਤੀ ਹੈ। ਅਗਲੀ ਸੁਣਵਾਈ ਦੌਰਾਨ ਵੀ ਮਾਮਲੇ ਨਾਲ ਜੁੜੀ ਗਵਾਹੀ ਅਤੇ ਦਲੀਲਾਂ ਦੀ ਕਾਰਵਾਈ ਅੱਗੇ ਵਧਣ ਦੀ ਉਮੀਦ ਹੈ।
ਪੰਜਾਬ: ਪੁੱਤ ਨੇ ਪ੍ਰੈਸ਼ਰ ਕੁੱਕਰ ਨਾਲ ਕਰ'ਤਾ ਮਾਂ ਦਾ ਕਤਲ! ਹੋਸ਼ ਉਡਾ ਦੇਵੇਗਾ ਪੂਰਾ ਮਾਮਲਾ
NEXT STORY